ਸੁਕਮਾ ''ਚ 300 ਨਕਸਲੀਆਂ ਨੇ ਘਾਤ ਲਾ ਕੇ ਕੀਤਾ ਵੱਡਾ ਹਮਲਾ , ਸੀ. ਆਰ. ਪੀ. ਐੱਫ. ਦੇ 25 ਜਵਾਨ ਸ਼ਹੀਦ

04/25/2017 7:59:52 AM

ਜਗਦਲਪੁਰ - ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਵਿਚ ਸੋਮਵਾਰ ਬਾਅਦ ਦੁਪਹਿਰ 300 ਦੇ ਲਗਭਗ ਨਕਸਲੀਆਂ ਵਲੋਂ ਕੀਤੇ ਗਏ ਇਕ ਵੱਡੇ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 25 ਜਵਾਨ ਸ਼ਹੀਦ ਹੋ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਹਮਲੇ ਪਿੱਛੋਂ 8 ਜਵਾਨ ਲਾਪਤਾ ਦੱਸੇ ਜਾਂਦੇ ਹਨ। ਪੁਲਸ ਨੇ ਜਵਾਬੀ ਕਾਰਵਾਈ ''ਚ ਕਈ ਨਕਸਲੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਪ੍ਰਗਟਾਈ  ਹੈ। 
ਪੁਲਸ ਸੂਤਰਾਂ ਮੁਤਾਬਕ ਚਿੰਤਾਗੁਫਾ ਥਾਣੇ ਤੋਂ ਜੁਆਇੰਟ ਪੁਲਸ ਫੋਰਸ ਗਸ਼ਤ ਤੇ ਤਲਾਸ਼ੀਆਂ ਦੀ ਮੁਹਿੰਮ ਲਈ ਰਵਾਨਾ ਹੋਈ ਸੀ। ਪਿੰਡ ਬੁਰਕਾਪਾਲ ਨੇੜੇ ਜੰਗਲ ਵਿਚ ਘਾਤ ਲਾ ਕੇ ਬੈਠੇ ਨਕਸਲੀਆਂ ਨੇ ਅਚਾਨਕ ਹੀ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਸੂਤਰਾਂ ਮੁਤਾਬਕ ਹਮਲੇ ਸਮੇਂ ਉਥੇ ਮੌਜੂਦ ਨਕਸਲੀਆਂ ਕੋਲ ਆਧੁਨਿਕ ਹਥਿਆਰ ਸਨ। ਉਨ੍ਹਾਂ  ਕੋਲ ਮੋਰਟਾਰ ਵੀ ਸਨ। ਉਨ੍ਹਾਂ ਜਵਾਨਾਂ ਦੇ ਨੇੜੇ ਆਉਂਦਿਆਂ ਹੀ ਸਭ ਤੋਂ ਪਹਿਲਾਂ ਬਾਰੂਦੀ ਸੁਰੰਗ ਦਾ ਧਮਾਕਾ ਕੀਤਾ। ਇਸ ਤੋਂ ਪਹਿਲਾਂ ਕਿ ਜਵਾਨ ਇਸ ਧਮਾਕੇ ਕਾਰਨ ਸੰਭਲਦੇ, ਨਾਲ ਲੱਗਦੀਆਂ ਪਹਾੜੀਆਂ ''ਚ ਲੁਕੇ ਹੋਏ ਨਕਸਲੀਆਂ ਨੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ।
ਬਸਤਰ ਖੇਤਰ ਦੇ ਡੀ. ਆਈ. ਜੀ. ਪੀ. ਸੁੰਦਰ ਲਾਲ ਅਤੇ ਸੁਕਮਾ ਦੇ ਐੱਸ. ਪੀ. ਅਭਿਸ਼ੇਕ ਮੀਣਾ ਨੇ ਦਸਿਆ ਕਿ ਸ਼ਹੀਦ ਹੋਏ ਜਵਾਨ ਸੀ. ਆਰ. ਪੀ. ਐੱਫ. ਦੀ 74ਵੀਂ ਬਟਾਲੀਅਨ ਨਾਲ ਸੰਬੰਧਤ ਸਨ। ਜ਼ਖਮੀ ਹੋਏ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ ਹੈ। ਮੁਕਾਬਲੇ ਵਾਲੀ ਥਾਂ  ''ਤੇ ਮੌਜੂਦ ਖੂਨ ਦੇ ਧੱਬੇ ਅਤੇ ਘਸੀਟੇ ਜਾਣ ਦੇ ਨਿਸ਼ਾਨਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਕਈ ਨਕਸਲੀ ਵੀ ਮਾਰੇ ਗਏ ਹਨ ਅਤੇ ਕਈ ਜ਼ਖਮੀ ਵੀ ਹੋਏ ਹਨ। ਨਕਸਲੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਨਾਲ ਲਿਜਾਣ ਵਿਚ ਸਫਲ ਰਹੇ।
ਸੂਤਰਾਂ ਮੁਤਾਬਕ ਸੁਕਮਾ ਜ਼ਿਲੇ ਵਿਚ ਨਕਸਲੀਆਂ ਨੇ ਜਵਾਨਾਂ ਨੂੰ ਟਰੈਪ ਕੀਤਾ। ਟਰੈਪ ਕਰਨ ਲਈ ਨਕਸਲੀਆਂ ਨੇ ਕਈ ਦਿਨ ਪਹਿਲਾਂ ਹੀ ਪੂਰੀ ਪਲਾਨਿੰਗ ਬਣਾਈ ਸੀ ਅਤੇ ਉਹ ਸਹੀ ਸਮੇਂ ਅਤੇ ਮੌਕੇ ਦੀ ਭਾਲ ਵਿਚ ਸਨ। ਬੁਰਕਾਪਾਲ ਨੇੜੇ ਜਿਸ ਥਾਂ ''ਤੇ ਜਵਾਨ ਨਕਸਲੀਆਂ ਵਲੋਂ ਘਾਤ ਲਾ ਕੇ ਕੀਤੇ ਗਏ ਹਮਲੇ ਦੀ ਲਪੇਟ ਵਿਚ ਆਏ, ਉਥੇ ਸੁਰੱਖਿਆ ਫੋਰਸਾਂ ਦੇ ਕਈ ਕੈਂਪ ਹਨ। ਉਥੇ ਹਰ 5 ਕਿਲੋਮੀਟਰ ''ਤੇ ਇਕ ਕੈਂਪ ਹੈ। ਨਕਸਲੀਆਂ ਨੇ ਚਿੰਤਾਗੁਫਾ ਥਾਣੇ ਤੋਂ ਸਿਰਫ ਡੇਢ ਕਿਲੋਮੀਟਰ ਦੂਰ ਜਵਾਨਾਂ ਨੂੰ ਫਸਾਉਣ ਲਈ ਘਾਤ ਲਾਈ।
ਹਮਲੇ ਪਿੱਛੇ ਨਕਸਲੀਆਂ ਦੀ ਮਿਲਟਰੀ ਬਟਾਲੀਅਨ ਦਾ ਹੱਥ?-ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇਸ ਘਟਨਾ ਨੂੰ ਨਕਸਲੀਆਂ ਦੀ ਮਿਲਟਰੀ ਬਟਾਲੀਅਨ ਦੀ ਕੰਪਨੀ ਨੰਬਰ 1 ਨੇ ਅੰਜਾਮ ਦਿੱਤਾ ਹੈ ਅਤੇ ਇਸ ਪੂਰੇ ਹਮਲੇ ਦੀ ਅਗਵਾਈ ਨਕਸਲੀ ਨੇਤਾ ਸੀਟੂ ਨੇ ਕੀਤੀ ਹੈ। ਇਲਾਕੇ ਦੀ ਪੂਰੀ ਕਮਾਂਡ ਉਂਝ ਤਾਂ ਹਿੜਵਾਂ ਦੇ ਹੱਥਾਂ ਵਿਚ ਹੈ ਅਤੇ ਉਹ ਹੀ ਇਲਾਕੇ ਵਿਚ ਲੀਡ ਕਰਦਾ ਹੈ ਪਰ ਉਸ ਤੋਂ ਇਲਾਵਾ ਅਰਜੁਨ ਅਤੇ ਸੀਟੂ ਵੀ ਇਥੇ ਸਰਗਰਮ ਹਨ।
ਲਾਸ਼ਾਂ ਮੌਕੇ ਵਾਲੀ ਥਾਂ ''ਤੇ ਹੀ-ਮੁਕਾਬਲੇ ਵਾਲੀ ਥਾਂ ਕਿਉਂਕਿ ਨਕਸਲੀਆਂ ਦਾ ਗੜ੍ਹ ਹੈ ਇਸ ਲਈ ਸ਼ਹੀਦ ਹੋਏ ਜਵਾਨਾਂ ਦੀਆਂ ਲਾਸ਼ਾਂ ਸੋਮਵਾਰ ਰਾਤ ਤਕ ਉਥੇ ਹੀ ਪਈਆਂ ਸਨ ਅਤੇ ਉਨ੍ਹਾਂ ਨੂੰ ਸੁਰੱਖਿਆ ਪੱਖੋਂ ਲਿਆਉਣਾ ਸੰਭਵ ਨਹੀਂ ਸੀ। ਘਟਨਾ ਵਾਲੀ ਥਾਂ ਜੰਗਲੀ ਇਲਾਕਾ ਹੋਣ ਕਾਰਨ ਉਥੇ ਰਾਤ ਵੇਲੇ ਹੈਲੀਕਾਪਟਰ ਉਤਾਰਨਾ ਵੀ ਸੰਭਵ ਨਹੀਂ ਸੀ।
11 ਮਾਰਚ ਨੂੰ ਵੀ ਹੋਏ ਸਨ 12 ਜਵਾਨ ਸ਼ਹੀਦ-ਅਜੇ ਪਿਛਲੇ ਮਹੀਨੇ ਦੀ ਹੀ 11 ਤਰੀਕ ਨੂੰ ਸੁਕਮਾ ਜ਼ਿਲੇ ਵਿਚ ਸੀ. ਆਰ. ਪੀ. ਐੱਫ. ਦੇ 12 ਜਵਾਨ  ਨਕਸਲੀਆਂ ਹੱਥੋਂ  ਸ਼ਹੀਦ ਹੋਏ ਸਨ ਉਦੋਂ ਨਕਸਲੀ ਸ਼ਹੀਦ ਜਵਾਨਾਂ ਦੇ ਹਥਿਆਰ ਵੀ ਲੁੱਟ ਕੇ ਲੈ ਗਏ ਸਨ।
ਜਵਾਨਾਂ ਦੇ ਹਥਿਆਰ ਲੈ ਗਏ ਨਾਲ
ਭੱਜਦੇ ਹੋਏ ਨਕਸਲੀ ਕਈ ਜਵਾਨਾਂ ਦੇ ਹਥਿਆਰ ਆਪਣੇ ਨਾਲ ਲੈ ਗਏ। ਇਸ ਹਮਲੇ ਦੀ ਜਾਣਕਾਰੀ ਮਿਲਣ ''ਤੇ ਖੇਤਰ ਵਿਚ ਸੁਰੱਖਿਆ ਫੋਰਸਾਂ ਦੇ ਹੋਰ ਜਵਾਨਾਂ ਨੂੰ ਭੇਜਿਆ ਗਿਆ। ਜ਼ਖਮੀ ਜਵਾਨਾਂ ਨੂੰ ਉਥੋਂ ਕੱਢਣ ਦੀ ਕਾਰਵਾਈ ਕੀਤੀ ਗਈ।
ਗ੍ਰਹਿ ਮੰਤਰਾਲਾ ਨੇ ਸੱਦੀ ਹੰਗਾਮੀ ਬੈਠਕ
ਕੇਂਦਰੀ ਗ੍ਰਹਿ ਮੰਤਰਾਲਾ ਨੇ ਹਾਲਾਤ ਦੀ ਸਮੀਖਿਆ ਲਈ ਇਕ ਅਹਿਮ ਬੈਠਕ ਸੱਦੀ। ਛੱਤੀਸਗੜ੍ਹ  ਦੇ ਮੁਖ ਮੰਤਰੀ ਰਮਨ ਸਿੰਘ ਨਕਸਲੀ ਹਮਲੇ ਪਿੱਛੋਂ ਆਪਣੇ ਦਿੱਲੀ ਦੌਰੇ ਨੂੰ ਅਧਵਾਟੇ ਛੱਡ ਕੇ ਰਾਏਪੁਰ ਆ ਗਏ। ਉਨ੍ਹਾਂ ਵੀ ਅਧਿਕਾਰੀਆਂ ਨਾਲ ਹੰਗਾਮੀ ਬੈਠਕ ਕੀਤੀ।
ਇਹ ਹਮਲਾ ਬੁਜ਼ਦਿਲਾਨਾ ਅਤੇ ਨਿਖੇਧੀਯੋਗ ਹੈ। ਸ਼ਹੀਦਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਅਸੀਂ ਹਾਲਾਤ ਨੂੰ ਨੇੜਿਓਂ ਹੋ ਕੇ ਦੇਖ ਰਹੇ ਹਾਂ।
¸ਨਰਿੰਦਰ ਮੋਦੀ
ਜਵਾਨਾਂ ਦੇ ਸ਼ਹੀਦ ਹੋਣ ''ਤੇ ਡੂੰਘਾ ਅਫਸੋਸ ਹੈ। ਸ਼ਹੀਦਾਂ ਨੂੰ ਮੇਰੀ ਸ਼ਰਧਾਂਜਲੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਹਾਂ।
¸ਰਾਜਨਾਥ ਸਿੰਘ


Related News