UP : ਲੋਕਲ ਬਾਡੀ ਚੋਣਾਂ ਦੇ ਤੀਸਰੇ ਪੜਾਅ ਦੀ ਵੋਟਿੰਗ ਸ਼ੁਰੂ, 1 ਦਸੰਬਰ ਨੂੰ ਹੋਵੇਗਾ ਨਤੀਜਿਆਂ ਦਾ ਐਲਾਨ

11/29/2017 9:03:02 AM

ਲਖਨਊ — ਉੱਤਰ ਪ੍ਰਦੇਸ਼ ਲੋਕਲ ਬਾਡੀ ਚੋਣਾਂ ਦੇ ਆਖਰੀ ਅਤੇ ਤੀਸਰੇ ਪੜਾਅ ਦੇ ਲਈ ਸਖਤ ਸੁਰੱਖਿਆ ਹੇਠ ਸੂਬੇ ਦੇ 26 ਜ਼ਿਲਿਆਂ 'ਚ ਸਵੇਰੇ ਸਾਢੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਤੀਸਰੇ ਅਤੇ ਆਖਰੀ ਪੜਾਅ 'ਚ ਲੋਕਲ ਬਾਡੀ ਦੇ ਲਈ ਵੋਟਾਂ ਸਖਤ ਸੁਰੱਖਿਆ ਹੇਠ ਪਿਛਲੇ ਦੋ ਪੜਾਵਾਂ ਦੀ ਤਰ੍ਹਾਂ ਸਵੇਰੇ ਸਾਢੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਚੱਲਣਗੀਆਂ। ਵੋਟਾਂ ਦੌਰਾਨ ਸ਼ਾਂਤੀ ਬਣਾਏ ਰੱਖਣ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਜ਼ਿੰਮੇਵਾਰੀ 80 ਹਜ਼ਾਰ ਸੁਰੱਖਿਆ ਕਰਮਚਾਰੀਆਂ 'ਤੇ ਹੋਵੇਗੀ, ਜਿਨ੍ਹਾਂ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ(ਸੀ.ਆਰ.ਪੀ.ਐੱਫ.) ਦੀਆਂ 40 ਕੰਪਨੀਆਂ ਵੀ ਸ਼ਾਮਲ ਹਨ।
ਮਿਊਂਸੀਪਲ ਚੋਣਾਂ ਦੇ ਤੀਜੇ ਪੜਾਅ ਵਿਚ 26 ਜ਼ਿਲਿਆਂ ਦੀਆਂ 5 ਨਗਰ ਨਿਗਮ 'ਚ ਚੋਣਾਂ ਹੋਣਗੀਆਂ ਅਤੇ 5 ਨਵੇਂ ਮੇਅਰ ਚੁਣੇ ਜਾਣਗੇ। ਇਨ੍ਹਾਂ ਸਹਾਰਨਪੁਰ, ਬਰੇਲੀ, ਫਿਰੋਜ਼ਾਬਾਦ ਅਤੇ ਝਾਂਸੀ ਸ਼ਾਮਲ ਹਨ। ਇਨ੍ਹਾਂ 'ਚ ਕੁੱਲ ਮਿਲਾ ਕੇ 4299 ਵਾਰਡਾਂ 'ਚ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਚੋਣ ਪ੍ਰਚਾਰ ਕੱਲ੍ਹ ਸ਼ਾਮ ਨੂੰ ਹੀ ਬੰਦ ਹੋ ਗਿਆ ਸੀ। ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਉਮੀਦਵਾਰਾਂ ਨੇ ਆਪਣੀ ਜਿੱਤ ਪੱਕੀ ਕਰਨ ਲਈ ਆਪਣਾ ਪੂਰਾ ਜ਼ੋਰ ਲਗਾਇਆ। ਮੋਟਰਸਾਈਕਲ ਰੈਲੀਆਂ ਕੱਢੀਆਂ ਗਈਆਂ ਅਤੇ ਵਿਸ਼ਾਲ ਪੱਧਰ 'ਤੇ ਆਮ ਜਨਤਾ ਨਾਲ ਸੰਪਰਕ ਕੀਤਾ ਗਿਆ। ਨੇਤਾਵਾਂ ਨੇ ਵੀ ਕਈ ਜਗ੍ਹਾਂ ਆਪਣੇ-ਆਪਣੇ ਉਮੀਦਵਾਰਾਂ ਦੇ ਪੱਖ 'ਚ ਰੋਡ ਸ਼ੋਅ ਕੀਤੇ। ਇਸ ਪੜਾਅ ਵਿਚ ਸਹਾਰਨਪੁਰ ਅਤੇ ਫਿਰੋਜ਼ਾਬਾਦ ਵਿਚ ਪਹਿਲੀ ਵਾਰ ਨਗਰ ਨਿਗਮ ਚੋਣਾਂ ਅਯੋਜਿਤ ਕੀਤੀਆਂ ਜਾਣਗੀਆਂ।
ਝਾਂਸੀ ਦੇ ਮੇਅਰ ਅਹੁਦੇ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਪ੍ਰਦੀਪ ਜੈਨ ਦੇ ਮੈਦਾਨ 'ਚ ਆਉਣ ਕਾਰਨ ਇਥੇ ਮੁਕਾਬਲਾ ਦਿਲਚਪਸ ਹੋ ਗਿਆ ਹੈ। ਤਿੰਨੋਂ ਪੜਾਵਾਂ ਦੀਆਂ ਚੋਣਾਂ ਪੂਰੀਆਂ ਹੋ ਜਾਣ ਤੋਂ ਬਾਅਦ ਆਉਣ ਵਾਲੀ 1 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਉਸੇ ਦਿਨ ਹੀ ਸਾਰੇ ਨਤੀਜੇ ਮਿਲ ਜਾਣਗੇ। ਇਸ ਪੜਾਅ ਲਈ ਵੀ ਭਾਜਪਾ ਨੇ ਪ੍ਰਚਾਰ ਦੀ ਕੋਈ ਕਸਰ ਨਹੀਂ ਛੱਡੀ। ਪ੍ਰਚਾਰ ਦਾ ਸਾਰਾ ਜਿੰਮ੍ਹਾ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਨੇ ਖੁਦ ਸੰਭਾਲਿਆਂ ਹੋਇਆ ਸੀ। ਇਸ ਤੋਂ ਇਲਾਵਾ ਡਿਪਟੀ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਕੇਸ਼ਵ ਪ੍ਰਸਾਦ ਮੌਰਿਆ, ਭਾਜਪਾ ਦੇ ਸੂਬਾਈ ਪ੍ਰਧਾਨ ਮਹਿੰਦਰ ਨਾਥ ਪਾਂਡੇ ਚੋਣ ਪ੍ਰਚਾਰ ਕਰ ਰਹੇ ਹਨ।


Related News