ਪਿਥੌਰਾਗੜ ''ਚ ਬੱਦਲ ਫੱਟਣ ਤੋਂ ਬਾਅਦ ਹੜ ਆਉਣ ਦੀ ਬਣੀ ਸਥਿਤੀ

08/10/2017 10:55:48 AM

ਪਿਥੌਰਾਗੜ - ਸਾਰੇ ਉੱਤਰ ਭਾਰਤ 'ਚ ਭਾਰੀ ਮੀਂਹ ਦੇ ਕਾਰਨ ਹਿਮਾਚਲ ਪ੍ਰਦੇਸ਼ ਅਤੇ ਉੱਤਰਖੰਡ 'ਚ ਹੜ ਅਤੇ ਜ਼ਮੀਨ ਖਿਸਕਣ ਦੇ ਹਾਲਾਤ ਪੈਦਾ ਹੋ ਰਹੇ ਹਨ। ਇਸ ਦਾ ਅਸਰ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਹੜਾਂ ਦੇ ਕਾਰਨ ਜਾਨ ਮਾਲ ਦੀ ਕਾਫੀ ਨੁਕਸਾਨ ਹੋ ਚੁੱਕਾ ਹੈ ਬਹੁਤ ਸਾਰੇ ਲੋਕ ਹੜਾਂ 'ਚ ਰੁੜ ਗਏ ਹਨ ਅਤੇ ਕਈਆਂ ਦੇ ਘਰ ਤਬਾਹ ਹੋ ਗਏ ਹਨ।
ਉੱਤਰਾਖੰਡ ਦਾ ਟੂਰਿਜ਼ਮ ਮੀਂਹ ਦੇ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਇਸ ਸਾਲ ਵੀ ਪਿਥੌਰਾਗੜ੍ਹ, ਧਾਰਚੂਲਾ, ਅਲਮੋੜਾ ਸਮੇਤ ਘਾਟੀ ਦੇ ਨਾਲ ਲੱਗਦੇ ਕਈ ਇਲਾਕੇ ਬੁਰੀ ਤਰ੍ਹਾਂ ਹੜਾਂ ਦੇ ਚਪੇਟ 'ਚ ਆ ਗਏ ਹਨ।
ਮੰਗਲਵਾਰ ਨੂੰ ਵੀ ਪਿਥੌਰਾਗੜ੍ਹ 'ਚ ਬੱਦਲ ਫੱਟ ਗਿਆ। ਇਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਬੱਦਲ ਫਟਣ ਦੇ ਕਾਰਨ ਇਕ ਪੁੱਲ ਟੁੱਟ ਕੇ ਵਹਿ ਗਿਆ ਹੈ। ਐਸਡੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। 
ਪਹਾੜਾਂ 'ਚ ਹੋ ਰਹੀ ਬਾਰਸ਼ ਦੇ ਕਾਰਨ ਰਾਮਨਗਰ ਦੇ ਢੇਲਾ ਬੈਰਾਜ ਤੋਂ 35 ਹਜ਼ਾਰ ਕਯੂਸੇਕ ਪਾਣੀ ਛੱਡਣ ਦੇ ਕਾਰਨ ਕਾਸ਼ੀਪੁਰ 'ਚ ਹੜ ਆ ਗਿਆ। ਪਾਣੀ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਕਈ ਬਸਤੀਆਂ ਪਾਣੀ 'ਚ ਡੁੱਬ ਗਈਆਂ ਅਤੇ ਖੜੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਹੋਇਆ। ਇਹ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ ਜੋ ਕਿ ਸਥਾਨਕ ਲੋਕਾਂ ਲਈ ਮੁਸੀਬਤ ਦਾ ਸਬਬ ਹਨ। ਪ੍ਰਸ਼ਾਸਨ ਨੇ ਇਸ ਦੌਰਾਨ ਯਾਤਰਾ ਤੋਂ ਬਚਣ ਦੀਆਂ ਹਿਦਾਇਤਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਹਰ ਸਾਲ ਪ੍ਰਸ਼ਾਸਨ ਵਲੋਂ ਹੜ ਤੋਂ ਬਚਾਓ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਹਨ ਪਰ ਉਨ੍ਹਾਂ ਦਾਵਿਆਂ ਦੀ ਹਕੀਕਤ ਨਾਲਿਆਂ 'ਚ ਵਹਿੰਦੀ ਨਜ਼ਰ ਆਉਂਦੀ ਹੈ।


Related News