ਛੱਤੀਸਗੜ੍ਹ ਦਾ 12ਵੀਂ ਦਾ ਟਾਪਰ ਵੇਚ ਰਿਹਾ ਹੈ ਸਬਜ਼ੀ

06/25/2017 9:13:15 AM

ਰਾਏਪੁਰ - ਦੇਸ਼ ਦੇ ਸਭ ਸੂਬਿਆਂ 'ਚ ਲਗਭਗ ਸਭ ਪ੍ਰੀਖਿਆਵਾਂ ਦੇ ਨਤੀਜੇ ਆ ਚੁੱਕੇ ਹਨ। ਵੱਖ-ਵੱਖ ਸੂਬਿਆਂ 'ਚ ਟਾਪ ਕਰਨ ਵਾਲੇ ਵਿਦਿਆਰਥੀਆਂ ਦੇ ਸੁਪਨੇ ਵੱਖਰੇ- ਵੱਖਰੇ ਹਨ। ਕੋਈ ਇੰਜੀਨੀਅਰ ਬਣਨਾ ਚਾਹੁੰਦਾ ਹੈ ਅਤੇ ਕੋਈ ਡਾਕਟਰ। ਇਸ ਦੌਰਾਨ ਇਕ ਅਜਿਹਾ ਟਾਪਰ ਵੀ ਹੈ ਜੋ ਕੁਝ ਕਰਨਾ ਤਾਂ ਦੂਰ, ਸੁਪਨੇ ਵੀ ਨਹੀਂ ਦੇਖ  ਸਕਦਾ। ਉਸ ਦੇ ਸੁਪਨਿਆਂ ਦੀ ਦੁਸ਼ਮਣ ਬਣ ਗਈ ਹੈ ਗਰੀਬੀ। ਇਹ ਕਹਾਣੀ 4 ਲੱਖ ਬੱਚਿਆਂ 'ਚੋਂ ਅੱਵਲ ਆਉਣ ਵਾਲੇ ਟਾਪਰ ਧਾਰਵਿੰਦਰ ਸਾਹੂ ਦੀ ਹੈ। ਧਾਰਵਿੰਦਰ ਦੇ ਗਣਿਤ 'ਚ 100 'ਚੋਂ 99, ਸੰਸਕ੍ਰਿਤ 'ਚੋਂ 100 'ਚੋਂ 97, ਐੱਸ. ਐੱਸ. ਟੀ. 'ਚ 100 'ਚੋਂ 96 ਅਤੇ ਵਿਗਿਆਨ 'ਚ 100 'ਚੋਂ 91 ਨੰਬਰ ਆਏ ਹਨ। ਇੰਨੇ ਵਧੀਆ ਨੰਬਰ ਆਉਣ ਦੇ ਬਾਵਜੂਦ ਉਹ ਗਰੀਬੀ ਅੱਗੇ ਮਜਬੂਰ ਹੋ ਕੇ ਆਪਣੀ ਮਾਂ ਨਾਲ ਸਬਜ਼ੀ ਵੇਚ ਰਿਹਾ ਹੈ। 
ਅਸਲ 'ਚ ਨਤੀਜੇ ਆਉਣ 'ਤੇ ਉਸ ਦੀ ਪਿੱਠ ਥਾਪੜਨ ਵਾਲਿਆਂ 'ਚ ਜ਼ਿਲੇ ਦੇ ਸਾਬਕਾ ਕੁਲੈਕਟਰ ਵੀ ਸ਼ਾਮਿਲ ਸਨ। ਧਾਰਵਿੰਦਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਆਈ. ਆਈ. ਟੀ. ਦੀ ਕੋਚਿੰਗ ਲਈ ਕੋਟਾ ਜਾਣਾ ਚਾਹੁੰਦਾ ਹਾਂ। ਧਾਰਵਿੰਦਰ ਕੋਟਾ ਗਿਆ ਵੀ, ਉਥੇ ਕਈ ਕੋਚਿੰਗ ਸੈਂਟਰਾਂ 'ਚ ਜਾ ਕੇ ਫੀਸ ਬਾਰੇ ਵੀ ਗੱਲਬਾਤ ਕੀਤੀ। ਉਸ ਵੇਲੇ ਦੇ ਡੀ. ਐੱਮ. ਨੂੰ ਫੋਨ ਅਤੇ ਵਟਸਐਪ ਕਰ ਕੇ ਮਦਦ ਮੰਗੀ। 15 ਦਿਨ ਤਕ ਉਨ੍ਹਾਂ ਕੋਲੋਂ ਆਰਥਿਕ ਮਦਦ ਮਿਲਣ ਦੀ ਉਮੀਦ ਕੀਤੀ ਪਰ ਸਰਕਾਰੀ ਝੰਜਟਾਂ-ਝਮੇਲਿਆਂ 'ਚ ਫਸ ਕੇ ਯੋਗਤਾ ਹਾਰ ਗਈ। ਧਾਰਵਿੰਦਰ ਨੂੰ ਅਜੇ ਵੀ ਉਡੀਕ ਹੈ ਕਿ ਕੋਈ ਆਏਗਾ ਅਤੇ ਉਸ ਦੀ ਆਈ. ਆਈ. ਟੀ. ਦੀ ਪੜ੍ਹਾਈ ਲਈ ਕੋਚਿੰਗ ਕਰਵਾਉਣ ਮਦਦ ਕਰੇਗਾ ਪਰ ਫਿਲਹਾਲ ਉਸ ਨੇ ਇਕ ਬੱਲਬ ਦੇ ਸਹਾਰੇ ਘਰ 'ਚ ਹੀ ਆਈ. ਆਈ. ਟੀ. ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿਨ ਵੇਲੇ ਉਹ ਸਬਜ਼ੀ ਵੇਚਦਾ ਹੈ ਤੇ ਰਾਤ ਨੂੰ ਆਈ. ਆਈ. ਟੀ. ਦੀ ਤਿਆਰੀ ਕਰਦਾ ਹੈ।


Related News