17 ਸਾਲ ਕੇਸ ਚੱਲਿਆ ਤੇ ਅਖੀਰ ਜੁਰਮਾਨਾ ਹੋਇਆ 500 ਰੁਪਏ

10/18/2017 4:27:46 AM

ਨਵੀਂ ਦਿੱਲੀ (ਇੰਟ.)— ਅੰਗਰੇਜ਼ੀ ਵਿਚ ਇਕ ਕਹਾਵਤ ਹੈ, ''ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਇਡ' ਭਾਵ ਇਨਸਾਫ 'ਚ ਹੋਈ ਦੇਰੀ ਬੇਇਨਸਾਫੀ ਹੈ। 18 ਸਾਲ ਦੀ ਉਮਰ 'ਚ ਚੋਰੀ ਦੇ ਇਕ ਕੇਸ 'ਚ ਦੋਸ਼ੀ ਬਣੇ ਇਕ ਗਰੀਬ ਨੌਜਵਾਨ ਨੂੰ 17 ਸਾਲ ਤਕ ਪੁਲਸ ਥਾਣਿਆਂ ਅਤੇ ਅਦਾਲਤਾਂ ਦੇ ਚੱਕਰ ਲਾਉਣੇ ਪਏ ਪਰ ਕੇਸ ਕਿਸੇ ਨਤੀਜੇ 'ਤੇ ਨਹੀਂ ਪੁੱਜਾ ਅਤੇ ਹੁਣ ਅਦਾਲਤ ਨੇ ਉਸ ਪ੍ਰਤੀ 'ਨਰਮ' ਰਵੱਈਆ ਅਪਣਾਉਂਦਿਆਂ 500 ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨੇ ਦੀ ਰਕਮ ਦੇ ਜਮ੍ਹਾ ਹੁੰਦਿਆਂ ਹੀ ਅਦਾਲਤ ਨੇ ਕੇਸ ਖਤਮ ਕਰ ਦਿੱਤਾ। 
ਉਕਤ ਨੌਜਵਾਨ ਅਮਿਤ 'ਤੇ 2000 ਸੰਨ ਵਿਚ 61 ਹਜ਼ਾਰ ਰੁਪਏ ਦੀ ਚੋਰੀ ਕਰਨ ਦਾ ਦੋਸ਼ ਲੱਗਾ ਸੀ। ਉਦੋਂ ਉਹ ਆਈਸ ਕ੍ਰੀਮ ਦੀ ਰੇਹੜੀ ਲਾਉਂਦਾ ਹੁੰਦਾ ਸੀ। ਦੋਸ਼ ਇਹ ਸੀ ਕਿ ਉਸ ਨੇ ਇਕ ਗਾਹਕ ਦਾ 61 ਹਜ਼ਾਰ ਰੁਪਏ ਦੇ ਨੋਟਾਂ ਨਾਲ ਭਰਿਆ ਥੈਲਾ ਚੋਰੀ ਕਰ ਲਿਆ ਹੈ। ਜਦਕਿ ਨੌਜਵਾਨ ਦਾ ਕਹਿਣਾ ਸੀ ਕਿ ਉਕਤ ਵਿਅਕਤੀ ਭੁਲੇਖੇ ਨਾਲ ਥੈਲਾ ਉਸਦੀ ਰੇਹੜੀ 'ਤੇ ਰੱਖ ਗਿਆ ਸੀ ਅਤੇ ਉਸ ਨੇ ਥੈਲਾ ਚੋਰੀ ਨਹੀਂ ਕੀਤਾ ਸੀ। ਉਸ ਵੇਲੇ 18 ਸਾਲ ਦੀ ਉਮਰ 'ਚ ਦੋਸ਼ੀ ਬਣਿਆ ਅਮਿਤ 17 ਸਾਲ ਬਾਅਦ ਨਿਰਦੋਸ਼ ਸਾਬਿਤ ਹੋਇਆ ਅਤੇ ਅਦਾਲਤ ਨੇ ਉਸ ਨੂੰ 500 ਰੁਪਏ ਜੁਰਮਾਨਾ ਕੀਤਾ। ਅਮਿਤ ਨਿਰਦੋਸ਼ ਵੀ ਉਦੋਂ ਬਣਿਆ ਜਦੋਂ ਉਸ ਨੇ ਜੱਜ ਸਾਹਮਣੇ ਆਪਣਾ 'ਕਸੂਰ' ਮੰਨ ਲਿਆ।


Related News