ਸੁਸ਼ਮਾ ਨੇ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨੀ ਬੱਚੀ ਦਾ ਮੈਡੀਕਲ ਵੀਜ਼ਾ ਮਨਜ਼ੂਰ ਕਰਨ ਨੂੰ ਕਿਹਾ

10/17/2017 5:29:36 PM

ਨਵੀਂ ਦਿੱਲੀ/ਇਸਲਾਮਾਬਾਦ (ਬਿਊਰੋ)—ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਖ ਦੇ ਕੈਂਸਰ ਨਾਲ ਪੀੜਤ 5 ਸਾਲਾ ਇਕ ਪਾਕਿਸਤਾਨੀ ਬੱਚੀ ਦੇ ਭਾਰਤ ਵਿਚ ਇਲਾਜ ਲਈ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਤੁਰੰਤ ਮੈਡੀਕਲ ਵੀਜਾ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਬੱਚੀ ਦੇ ਮਾਤਾ-ਪਿਤਾ ਨੇ ਸੁਸ਼ਮਾ ਤੋਂ ਮਦਦ ਮੰਗੀ ਸੀ। ਸੁਸ਼ਮਾ ਨੇ ਟਵੀਟ ਕਰ ਕਿਹਾ,''ਅੱਖ ਦੇ ਕੈਂਸਰ ਨਾਲ ਪੀੜਤ ਅਨਾਮਤਾ ਫਾਰੁਖ (5) ਦੇ ਭਾਰਤ ਵਿਚ ਇਲਾਜ ਲਈ ਮੈਡੀਕਲ ਵੀਜਾ ਦੀ ਅਰਜ਼ੀ ਆਈ ਸੀ। ਮੈਂ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਬੱਚੀ ਦੇ ਭਾਰਤ ਵਿਚ ਤੁਰੰਤ ਇਲਾਜ ਲਈ ਉਸ ਨੂੰ ਮੈਡੀਕਲ ਵੀਜ਼ਾ ਜਾਰੀ ਕਰਨ ਨੂੰ ਕਿਹਾ ਹੈ।'' 


ਉਨ੍ਹਾਂ ਕਿਹਾ ਕਿ ਇਕ ਹੋਰ ਪਾਕਿਸਤਾਨੀ ਬੱਚੇ ਨੂੰ ਵੀ ਭਾਰਤ ਵਿਚ ਬੋਨ ਮੈਰੋ ਟਰਾਂਸਪਲਾਂਟੇਸ਼ਨ ਲਈ ਵੀਜਾ ਦਿੱਤਾ ਜਾ ਰਿਹਾ ਹੈ। ਸੁਸ਼ਮਾ ਨੇ ਬੱਚੇ ਦੇ ਪਿਤਾ ਸ਼ਹਰਯਾਰ ਨੂੰ ਕਿਹਾ,''ਅਸੀਂ ਤੁਹਾਡੇ ਬੱਚੇ ਦੇ ਭਾਰਤ ਵਿਚ ਬੋਨ ਮੈਰੋ ਟਰਾਂਸਪਲਾਂਟੇਸ਼ਨ ਲਈ ਮੈਡੀਕਲ ਵੀਜ਼ਾ ਦੇ ਰਹੇ ਹਾਂ। ਅਸੀਂ ਉਸ ਦੇ ਛੇਤੀ ਤੰਦੁਰੁਸਤ ਹੋਣ ਦੀ ਕਾਮਨਾ ਕਰਦੇ ਹਾਂ।''
ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨੇ ਦੱਸਿਆ ਕਿ 2 ਹੋਰ ਪਾਕਿਸਤਾਨੀ ਵਿਅਕਤੀਆਂ ਨੂੰ ਲਿਵਰ ਟਰਾਂਸਪਲਾਂਟ ਲਈ ਮੈਡੀਕਲ ਵੀਜ਼ਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,''ਅਸੀਂ ਤੁਹਾਡੇ ਪਿਤਾ ਸੈਯਦ ਬਸੀਰ ਇਮਾਮ ਜੈਦੀ ਦੇ ਲਿਵਰ ਟਰਾਂਸਪਲਾਂਟ ਲਈ ਮੈਡੀਕਲ ਵੀਜ਼ਾ ਮਨਜ਼ੂਰ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੇ ਛੇਤੀ ਤੰਦੁਰੁਸਤ ਹੋਣ ਦੀ ਕਾਮਨਾ ਕਰਦੇ ਹਾਂ।''ਜੈਦੀ ਦੇ ਬੇਟੇ ਸੈਯਦ ਅਦਨਾਨ ਨੇ ਉਨ੍ਹਾਂ ਦੇ ਪਿਤਾ ਦੀ ਵੀਜ਼ਾ ਅਰਜ਼ੀ ਮਨਜ਼ੂਰ ਕਰਨ ਦੀ ਅਪੀਲ ਕੀਤੀ ਸੀ। ਇਕ ਹੋਰ ਟਵਿਟਰ ਉਪਭੋਗਤਾ ਦੀ ਬੇਨਤੀ ਦੇ ਜਵਾਬ ਵਿਚ ਉਨ੍ਹਾਂ ਲਿਖਿਆ, ਮੈਂ ਤੁਹਾਡੇ ਪਿਤਾ ਦੇ ਭਾਰਤ ਵਿਚ ਲਿਵਰ ਟਰਾਂਸਪਲਾਂਟ ਲਈ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਵੀਜ਼ਾ ਜਾਰੀ ਕਰਨ ਨੂੰ ਕਿਹਾ ਹੈ।''
ਜ਼ਿਕਰਯੋਗ ਹੈ ਕਿ ਅੱਤਵਾਦ ਸਮੇਤ ਭਾਰਤ-ਪਾਕਿਸਤਾਨ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਲਗਾਤਾਰ ਤਣਾਅਪੂਰਨ ਸੰਬੰਧ ਹੋਣ ਦੇ ਬਾਵਜੂਦ ਪਾਕਿਸਤਾਨੀ ਨਾਗਰਿਕਾਂ ਨੂੰ ਮੈਡੀਕਲ ਵੀਜਾ ਜਾਰੀ ਕਰਨ ਵਿਚ ਸੁਸ਼ਮਾ ਸਵਾਰਾਜ ਦਾ ਰਵੱਈਆ ਹਮੇਸ਼ਾ ਹਮਦਰਦੀ ਭਰਿਆ ਰਿਹਾ ਹੈ।


Related News