ਹਰਸਿਮਰਤ ਖਿਲਾਫ ਮੰਦੀ ਸ਼ਬਦਾਵਲੀ ਵਰਤਣ ''ਤੇ ਸਿਰਸਾ ਵਲੋਂ ਨਵਜੋਤ ਸਿੱਧੂ ਦੀ ਨਿਖੇਧੀ

01/18/2018 8:59:37 AM

ਨਵੀਂ ਦਿੱਲੀ - ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਨੂੰ ਤਹਿਜ਼ੀਬ ਸਿੱਖਣ ਦੀ ਹਦਾਇਤ ਕਰਨ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਢੁੱਕਵਾਂ ਜਵਾਬ ਦੇਣ ਲਈ ਮਜਬੂਰ ਹੋਵੇਗਾ।
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਿੱਧੂ ਔਰਤਾਂ ਖਿਲਾਫ ਮੰਦੀ ਸ਼ਬਦਾਵਲੀ ਵਰਤਣ ਦੇ ਆਦੀ ਹੋ ਗਏ ਹਨ, ਜਦਕਿ ਸਿੱਖ ਗੁਰੂ ਸਾਹਿਬਾਨ ਨੇ ਔਰਤ ਦਾ ਸਨਮਾਨ ਕਰਨ ਦੀ ਸਿੱਖਿਆ ਦਿੱਤੀ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੰਤਰੀ ਨੂੰ ਸਮਝਾਉਣ ਤੇ ਉਸ ਨੂੰ ਉਸ ਦੇ ਸੰਵਿਧਾਨਕ ਰੁਤਬੇ ਨੂੰ ਚੇਤੇ ਕਰਵਾਉਂਦਿਆਂ ਚੰਗੀ ਭਾਸ਼ਾ ਦੀ ਵਰਤੋਂ ਕਰਨੀ ਸਿਖਾਉਣ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਿੱਧੂ ਨੇ ਔਰਤਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਹੈ, ਇਸ ਤੋਂ ਪਹਿਲਾਂ ਉਨ੍ਹਾਂ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮੁੰਨੀ ਡਾਂਸਰ ਦੱਸਿਆ ਸੀ। ਉਨ੍ਹਾਂ ਰਾਹੁਲ ਗਾਂਧੀ ਨੂੰ ਵੀ ਇਸ ਬਾਰੇ ਅਪੀਲ ਕੀਤੀ। ਉਨ੍ਹਾਂ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਆਪਣੇ ਤੌਰ-ਤਰੀਕੇ ਨਹੀਂ ਬਦਲੇਗਾ ਤਾਂ ਅਕਾਲੀ ਦਲ ਉਸ ਦਾ ਘਿਰਾਓ ਕਰੇਗਾ। 


Related News