ਤਿਓਹਾਰਾਂ ''ਚ ਮਠਿਆਈ ਖਰੀਦਣ ਤੋਂ ਪਹਿਲਾਂ ਪੜੋ ਇਹ ਖਬਰ, ਕਿਸ ਤਰ੍ਹਾਂ ਹੋ ਰਹੀ ਛਾਪੇਮਾਰੀ

10/16/2017 4:33:03 PM

ਚੰਡੀਗੜ੍ਹ — ਤਿਓਹਾਰਾਂ ਦੇ ਸੀਜ਼ਨ 'ਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਇਸ ਦੇ ਮੱਦੇਨਜ਼ਰ, ਮੁੱਖ ਮੰਤਰੀ ਦੀ ਫਲਾਈਂਗ ਟੀਮ ਅਤੇ ਜ਼ਿਲਾ ਸਿਹਤ ਵਿਭਾਗ ਵਲੋਂ ਹਰਿਆਣਾ ਜ਼ਿਲੇ ਦੀਆਂ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਹੋ ਰਹੀ ਹੈ ਜਿਸ ਕਾਰਨ ਮਠਿਆਈ ਵੇਚਣ ਵਾਲਿਆਂ 'ਚ ਹੜਕੰਪ ਮਚ ਗਿਆ ਹੈ। ਇਸ ਦੇ ਨਾਲ ਹੀ ਮਠਿਆਈ ਅਤੇ ਹੋਰ ਪਦਾਰਥਾਂ ਦੇ ਸੈਂਪਲ ਲਏ ਜਾ ਰਹੇ ਹਨ। ਸੂਬੇ ਦੇ ਰੇਵਾੜੀ, ਗੋਹਾਨਾ, ਫਤੇਹਾਬਾਦ, ਟੋਹਾਨਾ, ਪਲਵਲ, ਆਦਿ ਜ਼ਿਲਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੁਕਾਨਾਂ 'ਚ ਮਠਿਆਈ ਦੇ ਉੱਪਰ ਮੱਖੀਆਂ ਅਤੇ ਗੰਦਗੀ ਨਜ਼ਰ ਆਈ, ਉਸ ਦੁਕਾਨ ਤੋਂ ਮਠਿਆਈ ਦੇ ਨਮੂਨੇ ਲੈ ਕੇ ਜਾਂਚ ਲਈ ਭੇਜਿਆ ਗਿਆ।

PunjabKesari
ਰੇਵਾੜੀ : ਫਲਾਈਂਗ ਟੀਮ ਨੇ ਸਿਹਤ ਵਿਭਾਗ ਦੇ ਨਾਲ ਮਿਲ ਕੇ ਅੱਜ ਰੇਵਾੜੀ ਅਤੇ ਬਾਵਲ ਸਥਿਤ ਮਠਿਆਈਆਂ ਦੇ ਵੱਖ-ਵੱਖ ਗੁਦਾਮਾਂ 'ਤੇ ਛਾਪੇਮਾਰੀ ਕੀਤੀ ਅਤੇ ਵੱਖ-ਵੱਖ ਮਠਿਆਈਆਂ ਦੇ ਸੈਂਪਲ ਲਏ। ਇਸ ਦੌਰਾਨ ਟੀਮ ਨੇ ਭਾਰੀ ਮਾਤਰਾ 'ਚ ਮਿਲਾਵਟੀ ਖੋਇਆ ਅਤੇ ਦੁੱਧ ਪਾਊਡਰ ਵੀ ਬਰਾਮਦ ਕੀਤਾ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ 'ਚ ਤਿਆਰ ਹੋਈਆਂ ਮਠਿਆਈਆਂ ਦੇ ਡਰੱਮ ਵੀ ਮਿਲੇ। ਟੀਮ ਦੀ ਛਾਪੇਮਾਰੀ ਨੂੰ ਦੇਖ ਕੇ ਗੁਆਂਢੀ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਦੌੜਦੇ ਨਜ਼ਰ ਆਏ, ਜਿਸ ਕਾਰਨ ਬਾਜ਼ਾਰ 'ਚ ਹੜਕੰਪ ਮਚ ਗਿਆ।

PunjabKesari
ਪਲਵਲ : ਸਿਹਤ ਵਿਭਾਗ ਵਲੋਂ ਸ਼ਹਿਰ 'ਚ ਛਾਪੇਮਾਰੀ ਕੀਤੀ ਗਈ, ਜਿਥੇ ਕ੍ਰਿਸ਼ਣਾ ਮਠਿਆਈ ਭੰਡਾਰ ਦੀ ਦੁਕਾਨ 'ਤੇ ਰਸਗੁੱਲੇ ਅਤੇ ਹੋਰ ਮਠਿਆਈਆਂ 'ਚ ਮੱਖੀਆਂ ਅਤੇ ਮੱਛਰ ਪਏ ਮਿਲੇ। ਇਸ ਤੋਂ ਬਾਅਦ ਟੀਮ ਨੇ ਖੋਇਆ, ਪਨੀਰ, ਰਸਗੁੱਲੇ ਅਤੇ ਬਰਫੀ ਖੋਇਆ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਸੀਲ ਕਰਕੇ ਜਾਂਚ ਲਈ ਚੰਡੀਗੜ੍ਹ ਲੈਬ ਦੇ ਲਈ ਭੇਜ ਦਿੱਤਾ।

PunjabKesari
ਕੁਰੂਕਸ਼ੇਤਰ — ਧਰਮਨਗਰੀ ਕੁਰੂਕਸ਼ੇਤਰ 'ਚ ਅੱਜ ਮੁੱਖ ਮੰਤਰੀ ਦੀ ਟੀਮ ਅਤੇ ਸਿਹਤ ਵਿਭਾਗ ਨੇ ਮਿਲ ਕੇ ਇਸ ਇਲਾਕੇ 'ਚ ਵੀ ਛਾਪੇਮਾਰੀ ਕੀਤੀ। ਖ਼ਰਾਕ ਸੁਰੱਖਿਆ ਅਧਿਕਾਰੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਿਪਲੀ ਕਸਬੇ 'ਚ ਗਾਂਧੀ ਸਵੀਟ ਸ਼ਾਪ 'ਤੇ ਮਿਲਾਵਟੀ ਮਠਿਆਈ ਵੇਚਣ ਦੀ ਸੂਚਨਾ ਮਿਲਦੇ ਹੀ ਇਥੋਂ ਖੋਇਆ, ਗੁਲਾਬ-ਜਾਮੁਨ, ਰਸਗੁੱਲਾ, ਚਮਚਮ ਦੇ ਨਮੂਨੇ ਲਏ ਗਏ। ਇੰਨ੍ਹਾ ਹੀ ਨਹੀਂ ਕੁਝ ਖਰਾਬ ਮਠਿਆਈਆਂ ਨੂੰ ਨਸ਼ਟ ਵੀ ਕਰਵਾਇਆ ਗਿਆ ਹੈ।

PunjabKesari
ਟੋਹਾਨਾ — ਤਿਓਹਾਰਾਂ 'ਚ ਮਿਲਾਵਟ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਲਾਕੇ 'ਚ ਛਾਪੇਮਾਰੀ ਕੀਤੀ ਗਈ। ਮੁੱਖ ਮੰਤਰੀ ਫਲਾਈਂਗ ਨੇ ਟੋਹਾਨਾ 'ਚ ਮਠਿਆਈ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਕਈ ਸੈਂਪਲ ਭਰੇ। ਸਿਹਤ ਵਿਭਾਗ ਦੇ ਆਉਣ ਦੀ ਸੂਚਨਾ ਮਿਲਦੇ ਹੀ ਦੁਕਾਨਦਾਰਾਂ 'ਚ ਹੜਕੰਪ ਮੱਚ ਗਿਆ, ਜਿਸ ਕਾਰਨ ਇਸ ਇਲਾਕੇ 'ਚ ਵੀ ਕਈ ਹਲਵਾਈ ਆਪਣੀਆਂ ਦੁਕਾਨਾਂ ਬੰਦ ਕਰਕੇ ਰਫੂਚੱਕਰ ਹੋ ਗਏ। ਟੀਮ ਦੇ ਇੰਚਾਰਜ ਨੇ ਦੱਸਿਆ ਕਿ ਇਲਾਕੇ 'ਚ ਮਿਲਾਵਟੀ ਮਠਿਆਈ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ, ਜਿਸ ਦੇ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ।


ਗੋਹਾਨਾ : ਇਸ ਇਲਾਕੇ 'ਚ ਵੀ ਟੀਮ ਅਤੇ ਸਿਹਤ ਵਿਭਾਗ ਨੇ ਵੱਖ-ਵੱਖ ਮਠਿਆਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ ਮਠਿਆਈਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ। ਸਿਹਤ ਵਿਭਾਗ ਦੇ ਅਧਿਕਾਰੀ ਡੀ.ਕੇ. ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਨੇ ਕਈ ਮਸ਼ਹੂਰ ਦੁਕਾਨਾਂ 'ਚੋਂ ਸੈਂਪਲ ਭਰੇ ਹਨ। ਹੁਣ ਤੱਕ 5 ਦੁਕਾਨਾਂ 'ਚੋਂ ਮਠਿਆਈਆਂ ਦੇ ਨਮੂਨੇ ਲਏ ਗਏ ਹਨ ਅਤੇ ਜਾਂਚ ਲਈ ਲੈਬ ਭੇਜ ਦਿੱਤੇ ਗਏ ਹਨ। ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੇਕਰ ਸੈਂਪਲ ਫੇਲ ਹੁੰਦੇ ਹਨ ਤਾਂ ਜ਼ੁਰਮਾਨੇ ਦੇ ਨਾਲ-ਨਾਲ ਸਜ਼ਾ ਵੀ ਹੋ ਸਕਦੀ ਹੈ।


Related News