ਸਾਧਵੀ ਯੌਨ ਸ਼ੋਸ਼ਣ ਮਾਮਲਾ: ਸੁਣਵਾਈ ਦੌਰਾਨ ਪੇਸ਼ ਨਹੀਂ ਹੋਏ ਡੇਰਾ ਮੁਖੀ, ਹੁਣ ਕੱਲ ਹੋਵੇਗੀ ਸੁਣਵਾਈ

08/16/2017 5:35:54 PM

ਪੰਚਕੂਲਾ— ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਚੱਲ ਰਹੇ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਕੋਰਟ ਨੇ ਸੁਣਵਾਈ ਇਕ ਦਿਨ ਲਈ ਟਾਲ ਦਿੱਤੀ ਹੈ। ਸੁਣਵਾਈ ਦੌਰਾਨ ਡੇਰਾ ਮੁਖੀ ਕੋਰਟ 'ਚ ਪੇਸ਼ ਨਹੀਂ ਹੋਏ। ਵੀਡੀਓ ਕਾਨਫਰੈਂਸਿੰਗ ਰਾਹੀਂ ਕੋਰਟ 'ਚ ਪੇਸ਼ ਹੋਣ ਵਾਲੇ ਰਾਮ ਰਹੀਮ ਨੇ ਅੱਜ ਕੋਰਟ ਤੋਂ ਦੂਰੀ ਬਣਾਏ ਰੱਖੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 2 ਵਜੇ ਸੁਣਵਾਈ ਸ਼ੁਰੂ ਹੋਈ। ਦੋਹਾਂ ਪੱਖਾਂ ਦੇ ਵਕੀਲਾਂ ਦੀ ਗੱਲਬਾਤ ਤੋਂ ਬਾਅਦ ਕੋਰਟ ਨੇ ਸੁਣਵਾਈ ਇਕ ਦਿਨ ਲਈ ਟਾਲ ਦਿੱਤੀ ਹੈ ਮਤਲਬ ਹੁਣ 17 ਅਗਸਤ ਨੂੰ ਕੋਰਟ ਇਸ ਮਾਮਲੇ 'ਚ ਅਗਲੀ ਸੁਣਵਾਈ ਕਰੇਗਾ। ਬਚਾਅ ਪੱਖ ਦੇ ਵਕੀਲ ਐੱਸ.ਕੇ. ਗਰਗ ਨੇ ਸੀ.ਬੀ.ਆਈ. 'ਤੇ ਸਵਾਲ ਵੀ ਚੁੱਕੇ ਹਨ। ਗਰਗ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਬਿਆਨ ਕਰੀਬ 6 ਸਾਲ ਬਾਅਦ ਦਰਜ ਕੀਤੇ ਗਏ ਹਨ। ਦੂਜੇ ਪਾਸੇ ਡੇਰਾ ਮੁਖੀ 'ਤੇ ਚੱਲ ਰਹੀ ਸੁਣਵਾਈ ਆਖਰੀ ਪੜਾਅ 'ਚ ਹੈ। ਕਿਸੇ ਵੀ ਸਮੇਂ ਫੈਸਲਾ ਸੁਣਾਇਆ ਜਾ ਸਕਦਾ ਹੈ। 
ਯੌਨ ਸ਼ੋਸ਼ਣ ਮਾਮਲੇ 'ਚ ਰਾਮ ਰਹੀਮ ਦੇ ਦੋਸ਼ੀ ਪਾਏ ਜਾਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ 'ਚ ਕਾਨੂੰਨ ਵਿਵਸਥਾ ਵਿਗੜਨ ਦੇ ਡਰ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਤੋਂ 250 ਕੰਪਨੀਆਂ ਪੈਰਮਿਲਟ੍ਰੀ ਫੋਰਸਾਂ ਦੀਆਂ ਮੰਗੀਆਂ ਹਨ। ਨਾਲ ਹੀ ਭਾਰੀ ਗਿਣਤੀ 'ਚ ਪੁਲਸ ਫੋਰਸਾਂ ਦੀ ਵੀ ਤਾਇਨਾਤੀ ਕੀਤੀ ਗਈ ਹੈ।
ਇਹ ਹੈ ਪੂਰਾ ਮਾਮਲਾ
ਯੌਨ ਸ਼ੋਸ਼ਣ ਦਾ ਸ਼ਿਕਾਰ ਹੋਈ ਇਕ ਸਾਧਵੀ ਨੇ ਗੁੰਮਨਾਮ ਪੱਤਰ ਲਿਖ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਸ਼ਿਕਾਇਤ ਕੀਤੀ ਸੀ। ਪੱਤਰ 'ਤੇ ਨੋਟਿਸ ਲੈਂਦੇ ਹੋਏ ਸਤੰਬਰ 2002 ਨੂੰ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਆਦੇਸ਼ ਦਿੱਤੇ ਸਨ। ਸੀ.ਬੀ.ਆਈ. ਨੇ ਜਾਂਚ 'ਚ ਉਕਤ ਤੱਤਾਂ ਨੂੰ ਸਹੀ ਦੱਸਿਆ ਅਤੇ ਡੇਰਾ ਮੁਖੀ ਗੁਰਮੀਤ ਸਿੰਘ ਦੇ ਖਿਲਾਫ ਵਿਸ਼ੇਸ਼ ਅਦਾਲਤ ਦੇ ਸਾਹਮਣੇ 31 ਜੁਲਾਈ 2007 'ਚ ਦੋਸ਼ ਪੱਤਰ ਦਾਖਲ ਕਰ ਦਿੱਤਾ। ਡੇਰਾ ਮੁਖੀ ਨੂੰ ਉਕਤ ਮਾਮਲੇ 'ਚ ਅਦਾਲਤ ਤੋਂ ਜ਼ਮਾਨਤ ਤਾਂ ਮਿਲ ਗਈ ਪਰ ਪਿਛਲੇ ਲੰਬੇ ਸਮੇਂ ਤੋਂ ਮਾਮਲਾ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ 'ਚ ਚੱਲ ਰਿਹਾ ਹੈ।


Related News