ਹਾਦਸੇ ਦਾ ਸ਼ਿਕਾਰ ਸੁਖੋਈ-30: ਪਾਇਲਟ ਦਾ ਖੂਨ ਨਾਲ ਲੱਥਪੱਥ ਬੂਟ ਬਰਾਮਦ

05/30/2017 6:07:15 PM

ਗੁਹਾਟੀ— ਭਾਰਤੀ ਹਵਾਈ ਫੌਜ ਦੇ ਆਸਾਮ-ਅਰੁਣਾਚਲ ਪ੍ਰਦੇਸ਼ ਸਰਹੱਦ ਕੋਲ ਹਾਦਸੇ ਦਾ ਸ਼ਿਕਾਰ ਹੋਏ ਸੁਖੋਈ-30 ਲੜਾਕੂ ਜਹਾਜ਼ ਦੀ ਖੋਜ ਮੁਹਿੰਮ ਜਾਰੀ ਹੈ। ਖੋਜ ਅਤੇ ਬਚਾਅ ਦਲਾਂ ਨੂੰ ਜਹਾਜ਼ ਦੇ ਦੋਹਾਂ ਪਾਇਲਟਾਂ 'ਚੋਂ ਇਕ ਦਾ ਖੂਨ ਨਾਲ ਲਿੱਬੜਿਆ ਬੂਟ, ਅੱਧਾ ਸੜਿਆ ਹੋਇਆ ਪੈਨ ਕਾਰਡ ਅਤੇ ਬਟੂਆ ਮਿਲਿਆ ਹੈ। ਜਾਂਚ ਦਲ 'ਚ ਸ਼ਾਮਲ ਭਾਰਤੀ ਫੌਜ, ਹਵਾਈ ਫੌਜ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ 28 ਮਈ ਨੂੰ ਹਾਦਸੇ ਵਾਲੀ ਜਗ੍ਹਾ ਤੋਂ ਜਹਾਜ਼ ਦਾ ਬਲੈਕ ਬਾਕਸ ਵੀ ਮਿਲਿਆ ਸੀ।
ਭਾਰਤੀ ਫੌਜ ਦੇ ਸੂਤਰਾਂ ਅਨੁਸਾਰ ਖਰਾਬ ਮੌਸਮ ਦੇ ਬਾਵਜੂਦ ਤਲਾਸ਼ੀ ਮੁਹਿੰਮ ਜਾਰੀ ਹੈ। ਹਾਲਾਂਕਿ ਅਜੇ ਤੱਕ ਦੋਹਾਂ ਪਾਇਲਟਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਹਵਾਈ ਰੇਕੀ ਲਈ ਤੇਜ਼ਪੁਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ 'ਤੇ 26 ਮਈ ਨੂੰ ਜਹਾਜ਼ ਦਾ ਮਲਬਾ ਬਰਾਮਦ ਹੋਇਆ ਸੀ। ਐੱਸ.ਯੂ.-30 ਨੇ ਨਿਯਮਿਤ ਟਰੇਨਿੰਗ ਲਈ 23 ਮਈ ਨੂੰ ਸਵੇਰੇ 10.30 ਵਜੇ ਤੇਜ਼ਪੁਰ ਫੌਜ ਅੱਡੇ ਤੋਂ ਉਡਾਣ ਭਰੀ ਸੀ ਪਰ ਚੀਨ ਨਾਲ ਲੱਗਦੇ ਅਰੁਣਾਚਲ ਪ੍ਰਦੇਸ਼ ਦੇ ਡੋਲਸਾਂਗ ਕੋਲੋਂ ਸਵੇਰੇ ਲਗਭਗ 11.10 ਵਜੇ ਜਹਾਜ਼ ਦਾ ਰਡਾਰ ਨਾਲ ਸੰਪਰਕ ਟੁੱਟ ਗਿਆ ਸੀ।


Related News