ਪਾਕਿਸਤਾਨ ਨੇ ਜਾਧਵ ਨੂੰ ਕ੍ਰਿਸਮਸ ’ਤੇ ਪਤਨੀ ਤੇ ਮਾਂ ਨਾਲ ਮਿਲਣ ਦੀ ਦਿੱਤੀ ਇਜਾਜ਼ਤ

12/08/2017 3:26:19 PM

ਇਸਲਾਮਾਬਾਦ (ਭਾਸ਼ਾ)- ਭਾਰਤ ਵਲੋਂ ਕੁਲਭੂਸ਼ਣ ਜਾਧਵ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ ਪਾਕਿਸਤਾਨ ਸਰਕਾਰ ’ਤੇ ਦਬਾਅ ਬਣਾਏ ਜਾਣ ਤੋਂ ਬਾਅਦ ਅਖੀਰ ਭਾਰਤ ਨੂੰ ਸਫਲਤਾ ਮਿਲ ਹੀ ਗਈ। ਭਾਰਤ ਸਰਕਾਰ ਵਲੋਂ ਇਹ ਚਿੰਤਾ ਜਤਾਈ ਗਈ ਸੀ ਕਿ ਕੁਲਭੂਸ਼ਣ ਦੇ ਪਰਿਵਾਰਕ ਮੈਂਬਰਾਂ ਨੂੰ ਪਾਕਿਸਤਾਨ ਵਿਚ ਖਤਰਾ ਹੋ ਸਕਦਾ ਹੈ ਇਸ ਲਈ ਉਨ੍ਹਾਂ ਦੀ ਮੁਲਾਕਾਤ ਦੌਰਾਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ, ਜਿਸ ਤੋਂ ਬਾਅਦ ਹੁਣ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ 25 ਦਸੰਬਰ ਨੂੰ ਆਪਣੀ ਪਤਨੀ ਅਤੇ ਮਾਂ ਨਾਲ ਮਿਲਣ ਦੀ ਇਜਾਜ਼ਤ ਦੇਵੇਗਾ।
ਜਾਣਕਾਰੀ ਮੁਤਾਬਕ ਜਾਸੂਸੀ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਾਧਵ (47) ਨੂੰ ਅਪ੍ਰੈਲ ’ਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਦੀ ਅਪੀਲ ’ਤੇ ਮਈ ਵਿਚ ਕੌਮਾਂਤਰੀ ਅਦਾਲਤ ਨੇ ਜਾਧਵ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਜਾਧਵ ਨੂੰ 25 ਦਸੰਬਰ ਨੂੰ ਆਪਣੀ ਪਤਨੀ ਅਤੇ ਮਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਆਪਣੇ ਹਫਤਾਵਾਰੀ ਪੱਤਰਕਾਰ ਸੰਮੇਲਨ ਦੌਰਾਨ ਬੁਲਾਰੇ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਭਾਰਤੀ ਹਾਈ ਕਮਿਸ਼ਨਰ ਤੋਂ ਇਕ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਹੋਵੇਗਾ। ਇਸ ਤੋਂ ਪਹਿਲਾਂ 10 ਨਵੰਬਰ ਨੂੰ ਪਾਕਿਸਤਾਨ ਜਾਧਵ ਦੀ ਪਤਨੀ ਨੂੰ ਉਸ ਨਾਲ ਮੁਲਾਕਾਤ ਦੀ ਇਜਾਜ਼ਤ ਦੇਣ ’ਤੇ ਸਹਿਮਤ ਹੋ ਗਿਆ ਸੀ। ਭਾਰਤ ਜਾਧਵ ਦੀ ਮਾਂ ਅਵੰਤਿਕਾ ਨੂੰ ਮਨੁੱਖੀ ਅਧਿਕਾਰ ’ਤੇ ਵੀਜ਼ਾ ਦੇਣ ਲਈ ਪਾਕਿਸਤਾਨ ’ਤੇ ਦਬਾਅ ਬਣਾ ਰਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਾਲ ਹੀ ਵਿਚ ਭਾਰਤ ਲਈ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੂੰ ਜਾਧਵ ਮਾਮਲੇ ’ਤੇ ਚਰਚਾ ਕੀਤੀ ਸੀ। ਪਾਕਿਸਤਾਨ ਨੇ ਜਾਧਵ ਨੂੰ ਭਾਰਤੀ ਸਫਾਰਤਖਾਨੇ ਨਾਲ ਸੰਪਰਕ ਕਰਨ ਦੀ ਮਨਜ਼ੂਰੀ ਇਹ ਕਹਿੰਦੇ ਹੋਏ ਨਹੀਂ ਦਿੱਤੀ ਸੀ ਕਿ ਇਹ ਜਾਸੂਸੀ ਸਬੰਧੀ ਮਾਮਲਿਆਂ ਵਿਚ ਲਾਗੂ ਨਹੀਂ ਹੁੰਦਾ ਹੈ। ਜਾਧਵ ਨੇ ਖਿਮਾ ਯਾਚਨਾ ਦੀ ਮੰਗ ਕਰਦੇ ਹੋਏ ਪਾਕਿਸਤਾਨ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਇਕ ਅਰਜ਼ੀ ਦਿੱਤੀ ਸੀ, ਜੋ ਅਜੇ ਵੀ ਪੈਂਡਿੰਗ ਪਈ ਹੈ। ਅਕਤੂਬਰ ਵਿਚ ਪਾਕਿਸਤਾਨ ਫੌਜ ਨੇ ਕਿਹਾ ਸੀ ਕਿ ਉਹ ਜਾਧਵ ਦੀ ਖਿਮਾ ਯਾਚਨਾ ਪਟੀਸ਼ਨ ’ਤੇ ਫੈਸਲੇ ਦੇ ਬਹੁਤ ਨੇੜੇ ਹਨ। ਪਾਕਿਸਤਾਨ ਦਾ ਦਾਅਵਾ ਹੈ ਕਿ ਈਰਾਨ ਤੋਂ ਪਾਕਿਸਤਾਨ ਵਿਚ ਕਥਿਤ ਤੌਰ ’ਤੇ ਦਾਖਲ ਹੋਏ ਜਾਧਵ ਨੂੰ ਉਸ ਦੇ ਸੁਰੱਖਿਆ ਦਸਤੇ ਨੇ ਪਿਛਲੇ ਸਾਲ ਹੀ 3 ਮਾਰਚ ਨੂੰ ਅਸ਼ਾਂਤ ਬਲੋਚਿਸਤਾਨ ਸੂਬੇ ਤੋਂ ਗ੍ਰਿਫਤਾਰ ਕੀਤਾ ਸੀ। ਫਿਲਹਾਲ ਭਾਰਤ ਇਸ ਗੱਲ ’ਤੇ ਕਾਇਮ ਹੈ ਕਿ ਸਮੁੰਦਰੀ ਫੌਜ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਈਰਾਨ ਵਿਚ ਕਾਰੋਬਾਰ ਕਰ ਰਹੇ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਸੀ। ਜਾਧਵ ਦੀ ਸਜ਼ਾ ’ਤੇ ਭਾਰਤ ਵਿਚ ਤਿੱਖੀ ਪ੍ਰਤੀਕਿਰਿਆ ਹੋਈ ਸੀ। ਭਾਰਤ ਵਲੋਂ ਕੌਮਾਂਤਰੀ ਅਦਾਲਤ ਵਿਚ ਪਹੁੰਚ ਕਰਨ ਮਗਰੋਂ 18 ਮਈ ਨੂੰ 10 ਮੈਂਬਰੀ ਬੈਂਚ ਨੇ ਮਾਮਲੇ ਵਿਚ ਕੋਈ ਫੈਸਲਾ ਨਾ ਹੋਣ ਤੱਕ ਪਾਕਿਸਤਾਨ ਨੂੰ ਜਾਧਵ ਨੂੰ ਫਾਂਸੀ ਦੇਣ ਤੋਂ ਰੋਕ ਦਿੱਤਾ ਸੀ। ਆਈ.ਸੀ.ਜੇ. ਨੇ ਪਾਕਿਸਤਾਨ ਨੂੰ 13 ਦਸੰਬਰ ਤਕ ਅਦਾਲਤ ਸਾਹਮਣੇ ਆਪਣਾ ਜਵਾਬ ਜਾਂ ਅਰਜ਼ੀ ਦਾਖਲ ਕਰਨ ਲਈ ਕਿਹਾ ਹੈ ਤਾਂ ਜੋ ਉਹ ਮਾਮਲੇ ਵਿਚ ਅੱਗੇ ਦੀ ਕਾਰਵਾਈ ਸ਼ੁਰੂ ਕਰ ਸਕਣ।


Related News