ਫਰਾਰ NRI ਪਤੀਆਂ ਦੀ ਹੁਣ ਖੈਰ ਨਹੀਂ, ਹੋਣਗੇ ਪਾਸਪੋਰਟ ਰੱਦ

01/17/2018 10:59:31 PM

ਨਵੀਂ ਦਿੱਲੀ— ਭਾਰਤ 'ਚ ਵਿਆਹ ਕਰ ਕੇ ਪਤਨੀਆਂ ਨੂੰ ਛੱਡ ਕੇ ਵਿਦੇਸ਼ ਜਾਣ ਵਾਲੇ ਐੱਨ. ਆਰ. ਆਈ. ਦੀ ਹੁਣ ਖੈਰ ਨਹੀਂ ਹੈ। ਸਰਕਾਰ ਨੇ ਇਸ ਮਾਮਲੇ 'ਚ ਸਖ਼ਤ ਰੁਖ ਅਪਣਾਇਆ ਹੈ। ਅਜਿਹੇ ਮਾਮਲਿਆਂ 'ਚ ਦੋਸ਼ੀ ਐੱਨ. ਆਰ. ਆਈ. ਦੇ ਪਾਸਪੋਰਟ ਨੂੰ ਰੱਦ ਕਰ ਦਿੱਤਾ ਜਾਵੇਗਾ।
ਐੱਨ. ਆਰ. ਆਈ. ਵਿਆਹੁਤਾ ਵਿਵਾਦਾਂ 'ਤੇ ਸਰਕਾਰ ਦੀ ਨੋਡਲ ਏਂਜਸੀ ਨੇ ਫਰਾਰ ਪਤੀਆਂ ਖਿਲਾਫ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਘੱਟ ਤੋਂ ਘੱਟ 10 ਅਜਿਹੇ ਦੋਸ਼ੀਆਂ ਦੇ ਪਾਸਪੋਰਟ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਹ ਫੈਸਲਾ ਐੱਨ. ਆਰ. ਆਈ. ਵਿਆਹ 'ਤੇ ਇਨਟੈਗਰੇਟਿਡ ਨੋਡਲ ਗਠਨ ਏਂਜਸੀ ਦੀ ਬੈਠਕ 'ਚ ਲਿਆ ਗਿਆ। ਜਿਸ ਦੀ ਅਗਵਾਈ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕੀਤੀ।
ਕੌਮੀ ਮਹਿਲਾ ਕਮਿਸ਼ਨ ਐੱਨ. ਸੀ. ਡਬਲਯੂ ਵਲੋਂ ਕੀਤੀ ਗਈ ਅਪੀਲ 'ਤੇ ਆਈ. ਐੱਨ. ਏ. ਨੇ 10 ਮਾਮਲਿਆਂ 'ਚ ਪਾਸਪੋਰਟ ਰੱਦ ਕਰਨ ਦੀ ਸਮੀਖਿਆ ਕੀਤੀ। ਮਹਿਲਾ ਵਿਕਾਸ ਮੰਤਰਾਲੇ ਨੇ ਇਸ ਸੰਬੰਧ 'ਚ ਵਿਦੇਸ਼ ਮੰਤਰਾਲੇ ਨੂੰ ਕਾਰਵਾਈ ਤੇਜੀ ਨਾਲ ਕਰਨ ਨੂੰ ਕਿਹਾ ਹੈ।
ਡਬਲਯੂ. ਸੀ. ਡੀ. ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਐੱਨ. ਆਰ. ਆਈ. ਦੇ ਵਿਆਹੁਤਾ ਵਿਵਾਦਾਂ ਨਾਲ ਸੰਬੰਧਿਤ ਸ਼ਿਕਾਇਤਾਂ ਨੂੰ ਦੇਖਣ ਲਈ ਗਠਿਤ ਏਂਜਸੀ ਨੂੰ ਇਹ ਵੀ ਅਧਿਕਾਰ ਹੋਣਗੇ ਕਿ ਉਹ ਫਰਾਰ ਪਤੀਆਂ ਖਿਲਾਫ ਲੁਕ ਆਊਟ ਸਰਕਲ ਜਾਰੀ ਕਰਨ। ਇਸ ਏਂਜਸੀ ਦੀ ਅਗਵਾਈ ਡਬਲਯੂ. ਸੀ. ਡੀ. ਦੇ ਸਕੱਤਰ ਕਰ ਰਹੇ ਹਨ ਅਤੇ ਵਿਧੀ, ਵਿਦੇਸ਼, ਗ੍ਰਹਿ ਮੰਤਰਾਲੇ ਦੇ ਅਧਿਕਾਰੀ ਇਸ ਦੇ ਮੈਂਬਰ ਹਨ।


Related News