''ਪਾਕਿ ਕੁਨੈਕਸ਼ਨ'' ''ਤੇ ਚੁਫੇਰਿਓਂ ਘਿਰੇ ਮੋਦੀ

12/13/2017 12:02:35 PM

ਨਵੀਂ ਦਿੱਲੀ — ਗੁਜਰਾਤ ਵਿਚ ਪਹਿਲੇ ਦੌਰ ਦੇ ਮਤਦਾਨ ਦੇ ਬਾਅਦ ਦੂਜੇ ਪੜਾਅ ਲਈ ਸਿਆਸੀ ਹਵਾ ਬਣਾਉਣ ਦੀ ਕਵਾਇਦ ਹੁਣ ਆਖਰੀ ਦੌਰ ਵਿਚ ਹੈ।
ਭਾਜਪਾ ਨੇ ਕਾਂਗਰਸ ਦੇ ਵਿਰੁੱਧ ਮਾਹੌਲ ਬਣਾਉਣ ਲਈ ਜੋ ਪਾਕਿਸਤਾਨ ਕਾਰਡ ਖੇਡਿਆ ਹੈ, ਉਸ ਦੇ ਕਾਰਨ ਮੋਦੀ ਹੁਣ ਚੁਫੇਰਿਓਂ ਘਿਰ ਗਏ ਹਨ। ਪਾਕਿਸਤਾਨ ਦੇ ਉਨ੍ਹਾਂ ਦੇ ਰਾਗ 'ਤੇ ਨਾ ਸਿਰਫ ਕਾਂਗਰਸ, ਸਗੋਂ ਪਾਕਿਸਤਾਨੀ ਰਾਜਦੂਤ ਦੇ ਨਾਲ ਹੀ ਉਨ੍ਹਾਂ ਦੀ ਆਪਣੀ ਪਾਰਟੀ ਦੇ ਨੇਤਾ ਸ਼ਤਰੂਘਨ ਸਿਨ੍ਹਾ ਨੇ ਵੀ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੂਸਰੇ ਪੜਾਅ ਦੇ ਚੋਣ ਪ੍ਰਚਾਰ ਵਿਚ ਬਨਾਸਕਾਂਠਾ ਦੇ ਪਾਲਮਪੁਰ ਵਿਚ ਚੋਣ ਸਭਾ ਵਿਚ ਦੋਸ਼ ਲਾਇਆ ਕਿ ਗੁਜਰਾਤ ਚੋਣਾਂ ਲਈ ਕਾਂਗਰਸ ਦੇ ਸੀਨੀਅਰ ਨੇਤਾ ਸਰਹੱਦ ਪਾਰੋਂ ਮਦਦ ਲੈ ਰਹੇ ਹਨ।
ਓਧਰ, ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਕਾਂਗਰਸੀ ਨੇਤਾਵਾਂ ਦੀ ਪਾਕਿਸਤਾਨੀ ਰਾਜਦੂਤਾਂ ਨਾਲ ਬੈਠਕ ਨੂੰ ਮੰਦਭਾਗਾ ਦੱਸਿਆ। ਵਿੱਤ ਮੰਤਰੀ ਨੇ ਮਨਮੋਹਨ ਤੋਂ ਪੁੱਛਿਆ ਕਿ ਪਹਿਲਾਂ ਤੁਸੀਂ ਦੱਸੋ ਕਿ ਬੈਠਕ ਦੀ ਗੱਲ ਤੁਸੀਂ ਕਿਉਂ ਲੁਕਾਈ। ਉਹ ਦੱਸਣ ਕਿ ਕਾਂਗਰਸੀ ਨੇਤਾਵਾਂ ਦੀ ਪਾਕਿਸਤਾਨੀ ਰਾਜਦੂਤਾਂ ਦੇ ਨਾਲ ਬੈਠਕ ਵਿਚ ਕੀ ਗੱਲ ਹੋਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਬਾਰੇ ਪਾਕਿਸਤਾਨ ਨਾਲ ਗੱਲ ਨਹੀਂ ਹੋਈ ਹੋਵੇਗੀ। ਇਸ ਤੋਂ ਪਹਿਲਾਂ ਅੱਜ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਨੇ  ਬੈਠਕ ਨੂੰ ਲੈ ਕੇ ਪੀ. ਐੱਮ. ਮੋਦੀ ਵਲੋਂ ਕੀਤੀ ਗਈ ਟਿੱਪਣੀ 'ਤੇ ਮੁਆਫੀ ਮੰਗਣ ਦੀ ਅਪੀਲ ਕੀਤੀ।
ਆਪੋਜ਼ੀਸ਼ਨ ਦੀ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣ ਦੀ ਮੰਗ ਨੂੰ ਰੱਦ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਜਿਹੜੇ ਲੋਕਾਂ ਨੇ 'ਅੱਤਵਾਦ ਤੇ ਗੱਲਬਾਤ ਨਾਲ-ਨਾਲ ਨਹੀਂ ਚੱਲ ਸਕਦੀ' ਦੀ ਰਾਸ਼ਟਰੀ ਨੀਤੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦਾ ਅੱਤਵਾਦ ਨਾਲ ਲੜਨ ਦਾ ਜੋ ਰਿਕਾਰਡ ਰਿਹਾ ਹੈ, ਉਹ ਪਿਛਲੇ ਕਿਸੇ ਵੀ ਸਰਕਾਰ ਦਾ ਨਹੀਂ ਰਿਹਾ ਹੈ। ਗੌਰਤਲਬ ਹੈ ਕਿ ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਦੇ ਘਰ ਪਾਕਿਸਤਾਨੀ ਹਾਈ ਕਮਿਸ਼ਨਰ ਅਤੇ ਉਥੋਂ ਦੇ ਸਾਬਕਾ ਵਿਦੇਸ਼ ਮੰਤਰੀ ਦੇ ਨਾਲ ਮੁਲਾਕਾਤ 'ਤੇ ਪੀ. ਐੱਮ. ਮੋਦੀ ਵਲੋਂ ਉਠਾਏ ਗਏ ਸਵਾਲ ਅਤੇ ਉਸ ਨੂੰ ਗੁਜਰਾਤ ਚੋਣਾਂ ਨਾਲ ਜੋੜਨ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਆਲੋਚਨਾ ਕੀਤੀ ਹੈ।

ਘਰੇਲੂ ਸਿਆਸਤ 'ਚ ਸਾਨੂੰ ਨਾ ਘਸੀਟੋ : ਪਾਕਿ
ਪਾਕਿਸਤਾਨ ਨੇ ਕਿਹਾ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਭਾਰਤੀ ਨੇਤਾਵਾਂ ਨੂੰ ਆਪਣੀ ਘਰੇਲੂ ਸਿਆਸਤ 'ਚ ਪਾਕਿਸਤਾਨ ਨੂੰ ਨਹੀਂ ਘਸੀਟਣਾ ਚਾਹੀਦਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਟਵੀਟ 'ਤੇ ਲਿਖਿਆ ਹੈ, ''ਆਪਣੀ ਚੋਣ ਬਹਿਸ 'ਚ ਭਾਰਤ ਹੁਣ ਪਾਕਿਸਤਾਨ ਨੂੰ ਘਸੀਟਣਾ ਬੰਦ ਕਰੇ ਅਤੇ ਅਜਿਹੀਆਂ ਮਨਘੜਤ ਸਾਜ਼ਿਸ਼ਾਂ ਦੀ ਬਜਾਏ ਆਪਣੇ ਦਮ 'ਤੇ ਜਿੱਤ ਹਾਸਲ ਕਰੇ।''
ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਕੋਈ ਵਾਸਤਾ ਨਹੀਂ। ਇਸ ਲਈ ਅਜਿਹੇ ਮੁੱਦਿਆਂ ਨੂੰ ਉਛਾਲਣ ਤੋਂ ਸਾਨੂੰ ਬਚਣਾ ਚਾਹੀਦਾ ਹੈ।
ਮੋਦੀ ਦੇਸ਼ ਕੋਲੋਂ ਮੁਆਫੀ ਮੰਗਣ : ਮਨਮੋਹਨ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਪਾਕਿਸਤਾਨ ਨਾਲ ਮਿਲ ਕੇ ਸਾਜ਼ਿਸ਼ ਰਚਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਸਿਆਸੀ ਲਾਭ ਲੈਣ ਲਈ ਗਲਤ ਗੱਲਾਂ ਕਹਿ ਰਹੇ ਹਨ। ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਵਰਗੇ ਸੰਵਿਧਾਨਿਕ ਅਹੁਦਿਆਂ ਦੇ ਵੱਕਾਰ ਨੂੰ ਢਹਿ-ਢੇਰੀ ਕਰ ਕੇ ਉਹ ਖਤਰਨਾਕ ਰਵਾਇਤ ਸ਼ੁਰੂ ਕਰ ਰਹੇ ਹਨ।
ਮਾਹੌਲ ਨੂੰ ਫਿਰਕੂ ਰੰਗਤ ਨਾ ਦੇਣ ਮੋਦੀ : ਸ਼ਤਰੂਘਨ
ਕਾਂਗਰਸੀ ਆਗੂਆਂ ਦੇ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਸੰਪਰਕ ਹੋਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ 'ਤੇ ਤਿੱਖਾ ਇਤਰਾਜ਼ ਕਰਦਿਆਂ ਭਾਜਪਾ ਦੇ ਸੀਨੀਅਰ ਨੇਤਾ ਅਤੇ ਬਾਲੀਵੁੱਡ ਦੇ ਅਭਿਨੇਤਾ ਸ਼ਤਰੂਘਨ ਸਿਨ੍ਹਾ ਨੇ ਮਾਹੌਲ ਨੂੰ ਫਿਰਕੂ ਬਣਾਉਣ 'ਤੇ ਰੋਕ ਲਾਉਣ ਅਤੇ ਸਿਹਤਮੰਦ ਸਿਆਸਤ ਅਤੇ ਸਿਹਤਮੰਦ ਚੋਣਾਂ ਵੱਲ ਵਾਪਸ ਆਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ ਅਪੀਲ ਕੀਤੀ।
ਰਵੀਸ਼ੰਕਰ ਦਾ ਪਾਕਿ ਨੂੰ ਜਵਾਬ
ਸਾਨੂੰ ਨਾ ਸਿਖਾਓ, ਅਸੀਂ ਲੋਕ ਰਾਜ ਨੂੰ ਚਲਾਉਣ 'ਚ ਹਾਂ ਸਮਰੱਥ
ਪਾਕਿਸਤਾਨ ਦੀ ਬੇਲੋੜੀ ਟਿੱਪਣੀ 'ਤੇ ਕੇਂਦਰੀ  ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਨੂੰ ਰਾਹਤ ਦੇਣ ਲਈ ਕੀਤੀ ਗਈ ਟਿੱਪਣੀ ਵਧੇਰੇ ਲੱਗਦੀ ਹੈ। ਪ੍ਰਸਾਦ ਨੇ ਕਿਹਾ ਕਿ ਮੈਂ ਪਾਕਿਸਤਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਭਾਰਤੀ ਖੁਦ ਭਾਰਤ ਦੇ ਲੋਕ ਰਾਜ ਨੂੰ ਚਲਾਉਣ 'ਚ ਸਮਰੱਥ ਹਨ।  ਲੋਕ ਰਾਜ  ਕਿਵੇਂ ਚਲਾਉਣਾ ਹੈ, ਸਬੰਧੀ ਸਾਨੂੰ ਕਿਸੇ ਨੂੰ ਸਿਖਾਉਣ ਦੀ ਲੋੜ ਨਹੀਂ।
ਜ਼ਮੀਨੀ ਫੌਜ ਦੇ ਸਾਬਕਾ ਮੁਖੀ ਜਨਰਲ ਦੀਪਕ ਕਪੂਰ ਦਾ ਦਾਅਵਾ ਅਈਅਰ ਦੇ ਘਰ ਕਸੂਰੀ ਤੇ ਬਾਸਿਤ ਦੀ ਮੌਜੂਦਗੀ 'ਚ ਹੋਈ ਸੀ ਇਕ ਬੈਠਕ
ਜ਼ਮੀਨੀ ਫੌਜ ਦੇ ਸਾਬਕਾ ਮੁਖੀ ਜਨਰਲ ਦੀਪਕ ਕਪੂਰ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ 'ਚੋਂ ਮੁਅੱਤਲ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅਈਅਰ ਦੇ ਘਰ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਅਤੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਦੀ ਮੌਜੂਦਗੀ ਵਿਚ ਇਕ ਬੈਠਕ ਹੋਈ ਸੀ ਅਤੇ ਉਹ ਖੁਦ ਉਸ ਬੈਠਕ ਵਿਚ ਮੌਜੂਦ ਸਨ। ਇਕ ਅੰਗਰੇਜ਼ੀ ਰੋਜ਼ਾਨਾ ਅਖਬਾਰ ਮੁਤਾਬਕ ਜਨਰਲ ਕਪੂਰ ਨੇ ਦਾਅਵਾ ਕੀਤਾ ਕਿ ਬੈਠਕ ਵਿਚ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਤੋਂ ਬਿਨਾਂ ਹੋਰ ਕੋਈ ਗੱਲਬਾਤ ਨਹੀਂ ਹੋਈ ਸੀ।
ਬੀ. ਬੀ. ਸੀ. ਮੁਤਾਬਕ ਸੀਨੀਅਰ ਪੱਤਰਕਾਰ ਪ੍ਰੇਮ ਸ਼ੰਕਰ ਝਾਅ ਵੀ ਅਈਅਰ ਦੇ ਘਰ ਹੋਈ ਬੈਠਕ ਵਿਚ ਪਹੁੰਚੇ ਹੋਏ ਸਨ। ਝਾਅ ਨੇ ਦਾਅਵਾ ਕੀਤਾ ਕਿ ਉਕਤ ਬੈਠਕ ਦੌਰਾਨ ਗੁਜਰਾਤ ਜਾਂ ਅਹਿਮਦ ਪਟੇਲ ਦਾ ਕੋਈ ਜ਼ਿਕਰ ਨਹੀਂ ਹੋਇਆ ਸੀ। ਇਹ ਇਕ ਨਿੱਜੀ ਮੁਲਾਕਾਤ ਸੀ। ਕਸੂਰੀ ਸਾਹਿਬ ਅਤੇ ਮਣੀ ਸ਼ੰਕਰ ਅਈਅਰ ਆਪਸ ਵਿਚ ਪੁਰਾਣੇ ਦੋਸਤ ਹਨ।  ਬੈਠਕ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਹੋਇਆ ਸੀ।


Related News