ਕੇਜਰੀਵਾਲ ਨੇ ਲਿਖਿਆ ਓਪਨ ਲੈਟਰ, ਲੋਕਾਂ ਤੋਂ ''ਆਪ'' ਨੂੰ ਚੰਦਾ ਦੇਣ ਦੀ ਕੀਤੀ ਅਪੀਲ

10/18/2017 1:30:08 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁੱਲ੍ਹਾ ਖੱਤ ਲਿਖਦੇ ਹੋਏ ਆਮ ਆਦਮੀ ਪਾਰਟੀ ਲਈ ਚੰਦਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੀ ਹੈ ਅਤੇ ਇਸ ਲੜਾਈ ਨੂੰ ਅੱਗੇ ਵਧਾਉਣ ਲਈ ਸਾਨੂੰ ਚੰਦੇ ਦੀ ਲੋੜ ਹੈ। ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਦੋਵੇਂ ਪਾਰਟੀਆਂ ਨੂੰ ਜੋ ਚੰਦਾ ਮਿਲਦਾ ਹੈ, ਉਸ 'ਚੋਂ 80 ਫੀਸਦੀ ਕਿੱਥੋਂ ਆਉਂਦਾ ਹੈ, ਉਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 'ਆਪ' ਨੇ ਦਿੱਲੀ 'ਚ ਸਿਹਤ ਤੋਂ ਲੈ ਕੇ ਸਿੱਖਿਆ ਤੱਕ ਦੇ ਖੇਤਰ 'ਚ ਕਈ ਅਹਿਮ ਕੰਮ ਕੀਤੇ ਹਨ।
ਓਪਨ ਲੈਟਰ 'ਚ ਕੇਜਰੀਵਾਲ ਨੇ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਦਫ਼ਤਰ ਇੰਚਾਰਜ ਬਿਪੁਲ ਨੇ ਉਨ੍ਹਾਂ ਨੂੰ ਕਿਹਾ,''ਸਰ ਕੁਝ ਪੈਸਿਆਂ ਦੀ ਲੋੜ ਹੈ, ਬੈਨਰਜ਼ ਪ੍ਰਿੰਟ ਕਰਵਾਉਣੇ ਹਨ, ਕਿਸਾਨ ਨਿਆਂ ਸੰਮੇਲਨ ਪ੍ਰੋਗਰਾਮ ਲਈ। ਜਿਸ ਤੋਂ ਬਾਅਦ ਮੈਂ ਤੁਰੰਤ ਰਾਸ਼ਟਰੀ ਸਕੱਤਰ ਪੰਕਜ ਗੁਪਤਾ ਨੂੰ ਇਸ ਦੀ ਵਿਵਸਥਾ ਕਰਨ ਲਈ ਕਹਿ ਦਿੱਤਾ।'' ਕੇਜਰੀਵਾਲ ਨੇ ਕਿਹਾ ਕਿ 'ਆਪ' 'ਚ 86 ਵਿਧਾਇਕ, 52 ਕੌਂਸਲਰ ਅਤੇ 4 ਸੰਸਦ ਮੈਂਬਰ ਹਨ ਤਾਂ ਇਨ੍ਹਾਂ ਨੂੰ ਪੈਸਿਆਂ ਦੀ ਕੀ ਕਮੀ ਪਰ ਅਸੀਂ ਜਿਵੇਂ ਦਿੱਲੀ 'ਚ ਕੰਮ ਕੀਤਾ ਹੈ, ਉਸ ਦੇ ਆਧਾਰ 'ਤੇ ਕੰਮ ਨੂੰ ਹੋਰ ਵਧੀਆ ਢੰਗ ਨਾਲ ਕਰਨ ਲਈ ਪੈਸਿਆਂ ਦੀ ਲੋੜ ਹੋਵੇਗੀ।


Related News