ਨੌਜਵਾਨਾਂ ਨੇ ਸੁਪਰੀਮ ਕੋਰਟ ਦੇ ਬਾਹਰ ਚਲਾਏ ਪਟਾਕੇ, ਪੁਲਸ ਨੇ ਕੀਤਾ ਗ੍ਰਿਫਤਾਰ

10/18/2017 11:32:07 AM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਪਟਾਕਾ ਬੈਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ 'ਚ ਨੌਜਵਾਨਾਂ ਦੇ ਇਕ ਸਮੂਹ ਨੇ ਸਰਵਉੱਚ ਅਦਾਲਤ ਦੇ ਬਾਹਰ ਹੀ ਪਟਾਕੇ ਚਲਾਏ। ਮੰਗਲਵਾਰ ਨੂੰ ਉਸ ਸਮੇਂ ਲੋਕ ਹੈਰਾਨ ਰਹਿ ਗਏ, ਜਦੋਂ ਖੁਦ ਨੂੰ ਆਜ਼ਾਦ ਹਿੰਦ ਫੌਜ ਦਾ ਹਿੱਸਾ ਅਤੇ ਹਿੰਦੂ ਹੈਲਪਲਾਈਨ ਦਾ ਮੈਂਬਰ ਦੱਸਣ ਵਾਲੇ ਨੌਜਵਾਨ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਉਂਦੇ ਹੋਏ ਨਿਕਲੇ ਅਤੇ ਸੁਪਰੀਮ ਕੋਰਟ ਦੇ ਬਾਹਰ ਸੀ-ਹੇਕਸਾਗਨ ਕੋਲ ਪਟਾਕੇ ਚਲਾਉਣ ਲੱਗੇ। ਪਟਾਕੇ ਚੱਲਦੇ ਦੇਖ ਕੇ ਨੇੜੇ-ਤੇੜੇ ਦੇ ਲੋਕ ਤੇਜ਼ੀ ਨਾਲ ਇਹ ਸੋਚ ਕੇ ਦੌੜੇ ਕਿ ਸ਼ਾਇਦ ਇਹ ਕੋਈ ਅੱਤਵਾਦੀ ਹਮਲਾ ਹੈ। ਹਾਲਾਂਕਿ ਪੁਲਸ ਨੇ ਤੁਰੰਤ ਐਕਸ਼ਨ ਲਿਆ ਅਤੇ ਪਟਾਕੇ ਚਲਾ ਰਹੇ ਨੌਜਵਾਨਾਂ ਨੂੰ ਕੁਝ ਮਿੰਟਾਂ ਦੇ ਅੰਦਰ ਹੀ ਹਿਰਾਸਤ 'ਚ ਲੈ ਲਿਆ।
ਨਵੀਂ ਦਿੱਲੀ ਦੇ ਡੀ.ਸੀ.ਪੀ. ਬੀ.ਕੇ.ਸਿੰਘ ਨੇ ਕਿਹਾ,''ਗਰੁੱਪ ਦੇ ਕਰੀਬ 20 ਮੈਂਬਰਾਂ ਨੂੰ ਤਿਲਕ ਮਾਰਗ ਪੁਲਸ ਥਾਣੇ 'ਚ ਸੈਕਟਰ 65 ਦੇ ਅਧੀਨ ਹਿਰਾਸਤ 'ਚ ਲਿਆ ਗਿਆ।'' ਪੁਲਸ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਪਟਾਕਾ ਬੈਨ 'ਤੇ ਵਿਰੋਧ ਦੌਰਾਨ ਆਜ਼ਾਦ ਹਿੰਦ ਫੌਜ ਦੇ ਝੰਡੇ ਵੀ ਲਹਿਰਾਏ। ਪੁਲਸ ਵੱਲੋਂ ਹਿਰਾਸਤ 'ਚ ਲਏ ਗਏ ਨੌਜਵਾਨਾਂ ਨੇ ਦੱਸਿਆ ਕਿ ਉਹ ਹਿੰਦੂ ਹਿੱਤਾਂ ਦੀ ਰੱਖਿਆ ਲਈ ਵਿਰੋਧ ਕਰ ਰਹੇ ਹਨ। ਨੌਜਵਾਨਾਂ ਨੇ ਆਪਣੇ ਬਿਆਨ 'ਚ ਕਿਹਾ,''ਇੱਥੇ ਬੈਨ ਪਟਾਕਿਆਂ ਦੀ ਸੇਲ 'ਤੇ ਹਨ, ਉਨ੍ਹਾਂ ਨੂੰ ਚਲਾਉਣ 'ਤੇ ਨਹੀਂ ਹੈ।'' ਪੁਲਸ ਨੇ ਇਨ੍ਹਾਂ ਨੌਜਵਾਨਾਂ ਨੂੰ ਦੇਰ ਰਾਤ ਛੱਡ ਦਿੱਤਾ।
ਜ਼ਿਕਰਯੋਗ ਹੈ ਕਿ 9 ਅਕਤੂਬਰ ਨੂੰ ਸੁਪਰੀਮ ਕੋਰਟ ਵੱਲੋਂ ਪਟਾਕਿਆਂ 'ਤੇ ਬੈਨ ਲਾਏ ਜਾਣ ਦਾ ਕਈ ਲੋਕਾਂ ਨੇ ਸਵਾਗਤ ਕੀਤਾ ਹੈ ਤਾਂ ਉੱਥੇ ਹੀ ਕੁਝ ਲੋਕਾਂ ਨੇ ਇਸ 'ਤੇ ਨਿਰਾਸ਼ਾ ਜ਼ਾਹਰ ਕੀਤਾ ਹੈ। ਤ੍ਰਿਪੁਰਾ ਦੇ ਰਾਜਪਾਲ ਤਥਾਗਤ ਰਾਏ ਅਤੇ ਮਸ਼ਹੂਰ ਲੇਖਕ ਚੇਤਨ ਭਗਤ ਨੇ ਇਸ ਬੈਨ ਨੂੰ ਹਿੰਦੂ ਵਿਰੋਧੀ ਕਰਾਰ ਦਿੱਤਾ ਸੀ। ਬੈਨ 'ਤੇ ਮੁੜ ਵਿਚਾਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਦੁਖ ਹੈ ਕਿ ਪ੍ਰਦੂਸ਼ਣ ਨਾਲ ਜੁੜੇ ਇਸ ਮਸਲੇ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।


Related News