ਅਮੇਠੀ ''ਚ ਸ਼ਾਹ, ਸਮ੍ਰਿਤੀ ਤੇ ਯੋਗੀ ਵਲੋਂ ਰਾਹੁਲ ''ਤੇ ''ਟ੍ਰਿਪਲ ਅਟੈਕ''

10/11/2017 8:31:15 AM

ਨਵੀਂ ਦਿੱਲੀ/ਅਮੇਠੀ - ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ 'ਤੇ ਮੰਗਲਵਾਰ ਉਨ੍ਹਾਂ ਦੇ ਲੋਕ ਸਭਾ ਹਲਕੇ ਅਮੇਠੀ 'ਚ ਭਾਜਪਾ ਨੇ ਟ੍ਰਿਪਲ ਅਟੈਕ ਕੀਤਾ। ਖੁਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਸੂਚਨਾ ਅਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਅਤੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਹੁਲ ਨੂੰ 'ਘਰ' ਵਿਚ ਹੀ ਘੇਰਿਆ ਅਤੇ ਤਿੱਖੇ ਹਮਲੇ ਕੀਤੇ।
ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਕੋਲੋਂ ਤਿੰਨ ਸਾਲ ਦਾ ਹਿਸਾਬ ਮੰਗਣ ਵਾਲੇ ਰਾਹੁਲ ਗਾਂਧੀ ਨੂੰ ਅਮੇਠੀ 'ਚ ਆਪਣੀਆਂ ਤਿੰਨ ਪੀੜ੍ਹੀਆਂ ਦਾ ਹਿਸਾਬ ਦੇਣਾ ਚਾਹੀਦਾ ਹੈ।
ਸਮ੍ਰਿਤੀ ਨੇ ਕਿਹਾ ਕਿ ਰਾਹੁਲ ਕੋਲ ਅਮੇਠੀ ਦੇ ਲੋਕਾਂ ਲਈ ਸਮਾਂ ਨਹੀਂ ਹੈ।  ਯੋਗੀ ਨੇ ਰਾਹੁਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਅਮੇਠੀ ਨਹੀਂ, ਇਟਲੀ ਦੀ ਯਾਦ ਆਉਂਦੀ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਹੁਲ ਅਮੇਠੀ ਦੇ ਐੱਮ. ਪੀ. ਹਨ ਪਰ ਇਥੇ ਕੋਈ ਟੀ. ਬੀ. ਹਸਪਤਾਲ, ਕੁਲੈਕਟਰ ਦਾ ਦਫਤਰ ਅਤੇ ਐੱਫ. ਐੱਮ. ਸਟੇਸ਼ਨ ਨਹੀਂ ਬਣਿਆ। ਕਿਸਾਨਾਂ ਦੀ ਜ਼ਮੀਨ ਦਰਿਆਵਾਂ 'ਚ ਰੁੜ੍ਹ ਗਈ, ਰਾਹੁਲ ਨੇ ਕੁਝ ਨਹੀਂ ਕੀਤਾ। ਰਾਹੁਲ ਅਕਸਰ ਪੁੱਛਦੇ ਹਨ ਕਿ ਮੋਦੀ ਜੀ ਨੇ ਵੀ ਕੁਝ ਨਹੀਂ ਕੀਤਾ ਪਰ ਇਥੇ ਇਹ ਦੱਸਣਾ ਬਣਦਾ ਹੈ ਕਿ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ ਅਤੇ ਆਦਿਵਾਸੀਆਂ ਲਈ 106 ਯੋਜਨਾਵਾਂ ਬਣਾਈਆਂ ਹਨ। ਜਦੋਂ ਅਮਿਤ ਸ਼ਾਹ ਯੋਜਨਾਵਾਂ ਦੇ ਨਾਂ ਪੜ੍ਹਨ ਲੱਗੇ ਤਾਂ ਲੋਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ 'ਤੇ ਅਮਿਤ ਸ਼ਾਹ ਨੇ ਕਿਹਾ ਕਿ ਅਜੇ ਤਾਂ ਸਿਰਫ 12 ਯੋਜਨਾਵਾਂ ਬੋਲੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਇਕ ਬੋਲਣ ਵਾਲਾ ਪ੍ਰਧਾਨ ਮੰਤਰੀ ਦਿੱਤਾ ਹੈ ਪਰ ਕਾਂਗਰਸ ਨੇ ਅਜਿਹਾ ਪ੍ਰਧਾਨ ਮੰਤਰੀ ਦਿੱਤਾ ਸੀ ਜਿਸ ਨੂੰ ਸੁਣਨ ਲਈ ਲੋਕ ਤਰਸ ਜਾਂਦੇ ਸਨ।  ਉਹ 6 ਮਹੀਨੇ ਰਾਹੁਲ ਵੱਲ ਦੇਖਦੇ ਰਹਿੰਦੇ ਸਨ। ਜਦ ਤਕ ਰਾਹੁਲ ਦਾ ਇਸ਼ਾਰਾ ਨਹੀਂ ਹੁੰਦਾ ਸੀ, ਉਹ ਬੋਲਦੇ ਨਹੀਂ ਸਨ। 
ਸਮ੍ਰਿਤੀ ਈਰਾਨੀ ਨੇ ਇਸ ਮੌਕੇ  ਕਿਹਾ ਕਿ ਮੈਂ ਅਮੇਠੀ ਦੀ ਦੀਦੀ ਬਣ ਗਈ ਹਾਂ। ਮੈਂ ਅਮੇਠੀ 'ਚ ਭਾਜਪਾ ਦੀ ਪ੍ਰਤੀਨਿਧੀ ਬਣ ਕੇ ਆਈ ਹਾਂ। ਕਾਂਗਰਸ 'ਤੇ ਜ਼ਮੀਨਾਂ ਹੜੱਪਣ ਦਾ ਦੋਸ਼ ਲਾਉਂਦਿਆਂ ਸਮ੍ਰਿਤੀ ਨੇ ਕਿਹਾ ਕਿ ਅਮੇਠੀ ਦੇ ਲੋਕਾਂ ਨੇ ਇਕ ਫੈਕਟਰੀ ਲਈ ਜ਼ਮੀਨ ਦਿੱਤੀ ਸੀ। ਜਦੋਂ ਉਹ ਫੈਕਟਰੀ ਬੰਦ ਹੋਈ ਤਾਂ ਪਤਾ ਲੱਗਾ ਕਿ ਜ਼ਮੀਨ ਨੂੰ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਲੈ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਜ਼ਮੀਨ ਤੋਂ ਰਾਹੁਲ ਦੀ ਅਗਵਾਈ ਵਾਲੀ ਉਕਤ ਫਾਊਂਡੇਸ਼ਨ ਦਾ ਕਬਜ਼ਾ ਹਟਾਇਆ ਜਾਵੇ। ਸਮ੍ਰਿਤੀ ਨੇ ਕਿਹਾ ਕਿ ਸਾਡੇ ਕਾਰਨ ਹੀ ਅਮੇਠੀ 'ਚ ਰਾਹੁਲ ਦੀ ਆਮਦ ਵਧੀ ਹੈ। 
ਯੂ. ਪੀ. ਦੇ ਸੀ. ਐੱਮ. ਯੋਗੀ ਨੇ ਕਿਹਾ ਕਿ ਰਾਹੁਲ ਨੂੰ ਅਮੇਠੀ ਦੀ ਥਾਂ ਇਟਲੀ ਦੀ ਹੀ ਯਾਦ ਆਉਂਦੀ ਰਹਿੰਦੀ ਹੈ। ਜਦੋਂ ਸਮ੍ਰਿਤੀ ਨੇ ਅਮੇਠੀ ਆਉਣ ਦਾ ਪ੍ਰੋਗਰਾਮ ਬਣਾਇਆ ਤਾਂ ਰਾਹੁਲ ਨੂੰ ਅਮੇਠੀ ਦੀ ਯਾਦ ਆ ਗਈ। ਉਨ੍ਹਾਂ ਕਿਹਾ ਕਿ ਕਿਤੇ ਜਵਾਈ ਤੇ ਕਿਤੇ ਪੁੱਤਰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ 'ਚ ਲੱਗੇ ਹੋਏ ਹਨ।  ਉਨ੍ਹਾਂ ਦਾ ਇਸ਼ਾਰਾ ਰਾਬਰਟ ਵਢੇਰਾ ਵੱਲ ਵੀ ਸੀ।


Related News