ਮੈਂ ਡਰਨ ਵਾਲਾ ਨਹੀਂ, ਭਾਜਪਾ ਨਾਲ ਸਿੱਧੀ ਲੜਾਈ ਲੜਾਂਗਾ : ਲਾਲੂ ਯਾਦਵ

10/22/2017 12:58:31 AM

ਪਟਨਾ- ਰਾਸ਼ਟਰ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਨੇ ਇਥੇ ਸ਼ਨੀਵਾਰ ਨੂੰ ਕਾਂਗਰਸ ਦੇ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸਖਤ ਚਿਤਾਵਨੀ ਦਿੱਤੀ। ਲਾਲੂ ਨੇ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ 'ਲਾਲੂ ਕਿਸੇ ਤੋਂ ਡਰਨ ਵਾਲਾ ਨਹੀਂ ਹੈ, ਭਾਜਪਾ ਨਾਲ ਸਿੱਧੀ ਲੜਾਈ ਲੜਾਂਗੇ।' 'ਬਿਹਾਰ ਕੇਸਰੀ' ਦੇ ਨਾਂ ਨਾਲ ਪ੍ਰਸਿੱਧ ਰਾਜ ਦੇ ਪਹਿਲੇ ਮੁੱਖ ਮੰਤਰੀ ਡਾ. ਸ਼੍ਰੀਕ੍ਰਿਸ਼ਨ ਸਿੰਘ ਦੀ ਜਯੰਤੀ 'ਤੇ ਕਾਂਗਰਸ ਵਲੋਂ ਕਰਵਾਏ ਪ੍ਰੋਗਰਾਮ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਲਾਲੂ ਨੇ ਕਿਹਾ ਕਿ ਭਾਜਪਾ ਨੇ ਜੀ. ਐੱਸ. ਟੀ. ਲਗਾ ਕੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਤਿੰਨ ਸਾਲ ਵਿਚ ਦੇਸ਼ ਨੂੰ ਭਾਰੀ ਨੁਕਸਾਨ ਹੋਇਆ ਹੈ। 
ਪ੍ਰਧਾਨ ਮੰਤਰੀ ਨੂੰ ਲਾਲੂ ਨੇ ਆਪਣੇ ਅੰਦਾਜ਼ ਵਿਚ ਕਿਹਾ ਕਿ ਨੋਟਬੰਦੀ ਨਾਲ ਗਰੀਬਾਂ ਅਤੇ ਕਿਸਾਨਾਂ ਦੀ ਜਮ੍ਹਾ ਪੂੰਜੀ ਖਤਮ ਹੋ ਗਈ। ਗਰੀਬ ਅਤੇ ਕਿਸਾਨ ਨਕਦ ਵਿਚ ਆਪਣਾ ਕੰਮ ਕਰਦੇ ਸੀ। ਨੋਟਬੰਦੀ ਦੇ ਚਲਦਿਆਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਾਰੋਬਾਰੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਾਂਗਰਸ ਨੂੰ ਵਿਕਾਸ ਪ੍ਰਤੀ ਤਿਆਰ ਰਹਿਣ ਵਾਲੀ ਪਾਰਟੀ ਦੱਸਦਿਆਂ ਕਿਹਾ ਕਿ ਅੱਜ ਜਿੰਨਾ ਵੀ ਕੁਝ ਦੇਸ਼ ਵਿਚ ਵਿਕਾਸ ਦਿਸ ਰਿਹਾ ਹੈ, ਉਹ ਕਾਂਗਰਸ ਪਾਰਟੀ ਦੀ ਬਦੌਲਤ ਹੈ।  
ਲਾਲੂ ਨੇ ਬਿਹਾਰ ਕਾਂਗਰਸ ਨੂੰ ਅੰਦਰੂਨੀ ਲੜਾਈ ਸੁਲਝਾਉਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅੰਦਰੂਨੀ ਲੜਾਈ ਦੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸਾਬਕਾ ਲੋਕ ਸਭਾ ਪ੍ਰਧਾਨ ਮੀਰਾ ਕੁਮਾਰ, ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੌਕਬ ਕਾਦਰੀ ਸਮੇਤ ਕਈ ਕਾਂਗਰਸੀ ਨੇਤਾ ਮੌਜੂਦ ਸਨ। ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ੋਕ ਚੌਧਰੀ ਅਤੇ ਉਨ੍ਹਾਂ ਦੇ ਸਮਰਥਕ ਹਾਲਾਂਕਿ ਇਸ ਸਮਾਰੋਹ ਤੋਂ ਦੂਰ ਰਹੇ। 


Related News