ਹਿਮਾਚਲ, ਗੁਜਰਾਤ ਦੀ ਮਿਹਨਤ ਦਾ ਰਾਹੁਲ ਨੂੰ ਮਿਲੇਗਾ ਫਾਇਦਾ

11/19/2017 9:11:40 AM

ਕੋਚੀ — ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣਾਂ ਦੀਆਂ ਤਿਆਰੀਆਂ ਲਈ 'ਸਖਤ ਮਿਹਨਤ' ਕਰਨ ਲਈ ਅੱਜ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਇਨ੍ਹਾਂ ਚੋਣਾਂ 'ਚ ਜੇਤੂ ਹੋਵੇਗੀ। ਮਨਮੋਹਨ ਸਿੰਘ ਨੇ ਕਿਹਾ ਕਿ ਸਿਆਸਤ ਇਕ ਅਜਿਹਾ ਪੇਸ਼ਾ ਹੈ, ਜਿਸ 'ਚ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਤੇ ਕੋਈ ਵਿਅਕਤੀ ਇਸ 'ਚ ਸਿਰਫ ਕੋਸ਼ਿਸ਼ ਹੀ ਕਰ ਸਕਦਾ ਹੈ।  ਅਰਨਾਕੁਲਮ ਦੇ ਸੇਂਟ ਟੈਰੇਸਾ ਕਾਲਜ 'ਚ  ਉਹ ਆਰਥਿਕ ਵਿਕਾਸ ਸਬੰਧੀ ਇਕ ਗੋਸ਼ਟੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਭਾਜਪਾ ਸ਼ਾਸਿਤ ਗੁਜਰਾਤ ਵਿਚ ਕਾਂਗਰਸ ਦੀ ਜਿੱਤ ਦੀਆਂ ਸੰਭਾਵਨਾਵਾਂ 'ਤੇ ਇਕ ਸਵਾਲ ਦੇ ਜਵਾਬ 'ਚ ਕਿਹਾ, ''ਮੇਰਾ ਮੰਨਣਾ ਹੈ ਕਿ ਸਾਡੇ ਉਪ ਪ੍ਰਧਾਨ ਰਾਹੁਲ ਗਾਂਧੀ ਬਹੁਤ ਸਖਤ ਮਿਹਨਤ ਕਰ ਰਹੇ ਹਨ ਅਤੇ ਮੈਨੂੰ ਆਸ ਹੈ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਜਿੱਤ ਦਾ ਤਾਜ ਮਿਲੇਗਾ।'' 
ਉਨ੍ਹਾਂ ਅੱਜ ਕਿਹਾ ਕਿ ਰਾਜਗ ਸਰਕਾਰ ਨੂੰ ਇਸ ਭੁਲੇਖੇ 'ਚ ਨਹੀਂ ਆਉਣਾ ਚਾਹੀਦਾ ਕਿ ਅਰਥਵਿਵਸਥਾ ਸੰਕਟ 'ਚੋਂ ਬਾਹਰ ਆ ਗਈ ਹੈ। ਮੂਡੀਜ਼ ਵੱਲੋਂ ਦੇਸ਼ ਦੀ ਰੇਟਿੰਗ ਵਧਾਏ ਜਾਣ 'ਤੇ ਆਪਣੀ ਪ੍ਰਤੀਕਿਰਿਆ 'ਚ ਉਨ੍ਹਾਂ ਇਹ ਗੱਲ ਕਹੀ। ਅਮਰੀਕੀ ਰੇਟਿੰਗ ਏਜੰਸੀ ਨੇ ਭਾਰਤ ਦੀ  ਸਾਖ ਬੀ. ਏ. ਏ.-3 ਤੋਂ ਵਧਾ ਕੇ ਬੀ. ਏ. ਏ.-2 ਕਰ ਦਿੱਤੀ ਹੈ।
ਉਨ੍ਹਾਂ ਆਪਣੀ ਪ੍ਰਤੀਕਿਰਿਆ 'ਚ ਕਿਹਾ ''ਮੈਨੂੰ ਖੁਸ਼ੀ ਹੈ ਕਿ ਮੂਡੀਜ਼ ਨੇ ਉਹ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਹੈ ਪਰ ਇਸ ਭੁਲਾਵੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਮੁਸ਼ਕਲਾਂ 'ਚੋਂ ਬਾਹਰ ਆ ਗਏ ਹਾਂ।''


Related News