ਟਮਾਟਰ ਦੇ ਆਏ ਚੰਗੇ ਦਿਨ, ਸੁਰੱਖਿਆ ''ਚ ਤਾਇਨਾਤ ਹੋਏ 4-4 ਬੰਦੂਕਧਾਰੀ ਗਾਰਡ

07/23/2017 2:56:21 PM

ਇੰਦੌਰ— ਕਿਸੇ ਹੋਰ ਦੇ ਚੰਗੇ ਦਿਨ ਆਉਣ ਜਾਂ ਨਾ ਆਉਣ ਪਰ ਟਮਾਟਰ ਦੇ ਚੰਗੇ ਦਿਨ ਆ ਗਏ ਹਨ। ਜੋ ਟਮਾਟਰ ਆਮ ਦੁਕਾਨਾਂ ਅਤੇ ਰੇਹੜੀਆਂ 'ਚ ਪਿਆ ਹੋਇਆ ਦਿੱਸ ਜਾਂਦਾ ਸੀ ਅੱਜ ਉਸ ਦੀ ਕਿਸੇ ਵੀ.ਆਈ.ਪੀ. ਦੀ ਤਰ੍ਹਾਂ ਸੁਰੱਖਿਆ ਬੰਦੂਕਧਾਰੀ ਗਾਰਡ ਕਰ ਰਹੇ ਹਨ। ਦਰਅਸਲ ਮੁੰਬਈ 'ਚ ਟਮਾਟਰ ਦੇ ਕੈਰੇਟ ਚੋਰੀ ਕੀਤੇ ਜਾ ਰਹੇ ਹਨ ਅਤੇ ਇਸ ਦਾ ਸਿੱਧਾ ਅਸਰ ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ 'ਚ ਦਿੱਸ ਰਿਹਾ ਹੈ, ਜਿੱਥੇ ਹੁਣ ਸਖਤ ਸੁਰੱਖਿਆ ਦਰਮਿਆਨ ਮੰਡੀ 'ਚ ਟਮਾਟਰ ਵੇਚਿਆ ਜਾ ਰਿਹਾ ਹੈ। 
ਇੱਥੇ ਟਮਾਟਰ ਦੀ ਸੁਰੱਖਿਆ ਲਈ ਚਾਰ-ਚਾਰ ਗਾਰਡ ਪਹਿਰੇਦਾਰੀ ਕਰ ਰਹੇ ਹਨ। ਕੁਝ ਦਿਨ ਪਹਿਲਾਂ ਮੁੰਬਈ 'ਚ ਇਕ ਸਬਜ਼ੀ ਦੀ ਦੁਕਾਨ ਤੋਂ 300 ਕਿਲੋ ਟਮਾਟਰ ਚੋਰੀ ਕਰ ਲਏ ਗਏ ਸਨ। ਇਹ ਖਬਰ ਜਦੋਂ ਇੰਦੌਰ ਦੀ ਮੰਡੀ ਤੱਕ ਪੁੱਜੀ ਤਾਂ ਇੱਥੇ ਟਮਾਟਰ ਵੇਚਣ ਵਾਲਿਆਂ ਨੇ ਸੁਰੱਖਿਆ ਦੀ ਮੰਗ ਕੀਤੀ, ਜਿਸ ਤੋਂ ਬਾਅਦ ਬੰਦੂਕ ਨਾਲ ਗਾਰਡ ਟਮਾਟਰ ਦੀ ਸੁਰੱਖਿਆ 'ਚ ਲੱਗ ਗਏ ਹਨ। ਸਬਜ਼ੀ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਟਮਾਟਰ ਦਾ ਉਤਪਾਦਨ ਘੱਟ ਹੋਇਆ ਹੈ, ਜਿਸ ਨਾਲ ਇਸ ਦੀਆਂ ਕੀਮਤਾਂ ਵਧ ਗਈਆਂ ਹਨ। ਟਮਾਟਰ ਦੇ ਦਾਮ ਵੀ ਆਸਮਾਨ ਛੂਹ ਰਹੇ ਹਨ। 5 ਤੋਂ 10 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਹੁਣ ਥੋਕ ਮੰਡੀ 'ਚ 65 ਅਤੇ ਆਮ ਆਦਮੀ ਦੀ ਥਾਲੀ ਤੱਕ 100 ਰੁਪਏ ਕਿਲੋ ਤੱਕ ਪੁੱਜ ਰਿਹਾ ਹੈ। ਅਜਿਹੇ 'ਚ ਇਸ ਦੀ ਸੁਰੱਖਿਆ ਲਾਜ਼ਮੀ ਹੋ ਗਈ ਹੈ।


Related News