ਸ਼ਾਮਲੀ ਦੀ ਸ਼ੂਗਰ ਮਿੱਲ ''ਚ ਗੈਸ ਲੀਕ, 300 ਸਕੂਲੀ ਬੱਚਿਆਂ ਦੀ ਵਿਗੜੀ ਸਿਹਤ

10/11/2017 8:03:18 AM

ਸ਼ਾਮਲੀ — ਉੱਤਰ ਪ੍ਰਦੇਸ਼ 'ਚ ਸ਼ਾਮਲੀ ਦੇ ਸਦਰ ਥਾਣਾ ਖੇਤਰ 'ਚ ਸ਼ੂਗਰ ਮਿੱਲ ਦੇ ਬਾਇਓ ਗੈਸ ਪਲਾਂਟ 'ਚ ਗੈਸ ਲੀਕ ਹੋਣ ਦੇ ਕਾਰਨ ਨਾਲ ਲੱਗਦੇ ਸਰਸਵਤੀ ਬਾਲ ਵਿਦਿਆ ਮੰਦਿਰ ਜੂਨੀਅਰ ਹਾਈ ਸਕੂਲ ਦੇ ਸੈਂਕੜੇ ਬੱਚੇ ਬੇਹੋਸ਼ ਹੋ ਗਏ। ਸਕੂਲੀ ਬੱਚਿਆਂ ਦੇ ਬੇਹੋਸ਼ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ।
ਜ਼ਿਲਾ ਅਧਿਕਾਰੀ ਸ਼ਿਵ ਬਹਾਦੁਰ ਸਿੰਘ ਦੇ ਅਨੁਸਾਰ ਮੇਰਠ-ਕਰਨਾਲ ਮਾਰਗ ਸਥਿਤ ਸਰ ਸ਼ਾਦੀ ਲਾਲ ਸ਼ੂਗਰ ਮਿੱਲ ਦੇ ਬਾਇਓ ਗੈਸ ਪਲਾਂਟ 'ਚੋਂ ਨਿਕਲਣ ਵਾਲੇ ਵੇਸਟ ਲਿਕਵਿਡ ਕੈਮੀਕਲ 'ਚ ਬਣੀ ਗੈਸ ਦੇ ਵਾਤਾਵਰਣ 'ਚ ਫੈਲਣ ਕਾਰਨ ਬਾਇਓ ਗੈਸ ਪਲਾਂਟ ਦੇ ਕੋਲ ਸਥਿਤ ਸਕੂਲ ਸਰਸਵਤੀ ਸ਼ਿਸ਼ੂ ਵਿਦਿਆ ਮੰਦਿਰ ਜੂਨੀਅਰ ਹਾਈ ਸਕੂਲ 'ਚ ਪੜ੍ਹਣ ਲਈ ਜਾ ਰਹੇ ਬੱਚੇ ਘਟਨਾ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੂੰ ਪਹਿਲਾਂ ਤਾਂ ਸਾਹ ਲੈਣ 'ਚ ਭਾਰੀ ਮੁਸ਼ਕਲ ਹੋਈ ਅਤੇ ਉਸ ਤੋਂ ਬਾਅਦ ਬੱਚੇ ਬੇਹੋਸ਼ ਹੋਣ ਲੱਗੇ।
ਤੁਰੰਤ ਬੇਹੋਸ਼ ਬੱਚਿਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਬੈੱਡ ਘੱਟ ਹੋਣ ਦੇ ਕਾਰਨ ਬੱਚਿਆਂ ਨੂੰ ਮੁਜੱਫਰਨਗਰ ਸਮੇਤ ਕਈ ਨਿੱਜੀ ਹਸਪਤਾਲਾਂ 'ਚ ਰੈਫਰ ਕੀਤਾ ਗਿਆ। ਇਨ੍ਹਾਂ 'ਚੋਂ ਕੁਝ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਸਕੂਲ 'ਚ ਹੰਗਾਮਾ ਕਰ ਦਿੱਤਾ। ਦੂਸਰੇ ਪਾਸੇ ਮਿੱਲ ਪ੍ਰਸ਼ਾਸਨ ਗੈਸ ਕਾਰਨ ਬੱਚਿਆਂ ਦੇ ਬੇਹੋਸ਼ ਹੋਣ ਦੀ ਗੱਲ ਸਿਰੇ ਤੋਂ ਨਕਾਰ ਰਿਹਾ ਹੈ।
ਸ਼ੂਗਰ ਮਿੱਲ ਦੇ ਚੀਫ ਸਿਕਿਓਰਟੀ ਇੰਚਾਰਜ ਆਰ.ਕੇ. ਗੁਪਤਾ ਦਾ ਕਹਿਣਾ ਹੈ ਕਿ ਪਲਾਂਟ ਤੋਂ ਨਿਕਲਣ ਵਾਲੇ ਵੇਸਟ ਕੈਮਿਕਲ ਦੀ ਗੈਸ ਕਾਰਨ ਸਕੂਲੀ ਬੱਚਿਆਂ ਦੇ ਪ੍ਰਭਾਵਿਤ ਹੋਣ ਦਾ ਦੋਸ਼ ਗਲਤ ਹੈ ਕਿਉਂਕਿ ਪਲਾਂਟ ਦੇ ਕੋਲ ਇਕ ਹੋਰ ਕੌਸ਼ੰਬੀ ਸਕੂਲ ਸਥਿਤ ਹੈ ਅਤੇ ਉਸ 'ਚ ਪੜਣ ਵਾਲੇ ਬੱਚੇ ਗੈਸ ਤੋਂ ਪ੍ਰਭਾਵਿਤ ਨਹੀਂ ਹੋਏ, ਜਦੋਂਕਿ ਸਕੂਲ ਪ੍ਰਿੰਸੀਪਲ ਉਮੇਸ਼ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਪਲਾਂਟ 'ਚੋਂ ਨਿਕਲਣ ਵਾਲੀ ਗੈਸ ਨਾਲ ਹੀ ਸਕੂਲ ਦੇ ਬੱਚੇ ਬੇਹੋਸ਼ ਹੋਏ ਹਨ। ਜ਼ਿਲਾ ਅਧਿਕਾਰੀ ਸ਼ਿਵ ਬਹਾਦੁਰ ਸਿੰਘ ਨੇ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

 


Related News