ਫੋਰਟਿਸ ਹਸਪਤਾਲ ਆਇਆ ਕਾਨੂੰਨ ਦੇ ਅੜਿੱਕੇ, ਬਲੱਡ ਬੈਂਕ ਦੇ ਬਾਅਦ ਲੀਜ਼ ਵੀ ਹੋਈ ਰੱਦ

12/09/2017 4:22:19 PM

ਚੰਡੀਗੜ੍ਹ — ਹਰਿਆਣਾ ਸਰਕਾਰ ਨੇ ਡੇਂਗੂ ਬੁਖਾਰ ਨਾਲ ਪੀੜਤ 7 ਸਾਲ ਦੀ ਬੱਚੀ ਆਧਾ ਸਿੰਘ ਦੇ ਇਲਾਜ ਲਈ 16 ਲੱਖ ਦਾ ਬਿਲ ਬਣਾਉਣ ਵਾਲੇ ਗੁਰੂਗਰਾਮ ਦੇ ਫੋਰਟਿਸ  ਹਸਪਤਾਲ ਦਾ ਲੀਜ਼ ਕੈਂਸਲ ਕਰ ਦਿੱਤਾ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਹਸਪਤਾਲ ਦੀ ਜ਼ਮੀਨ ਦੀ ਲੀਜ਼ ਰੱਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਖਿਲਾਫ ਅਪਰਾਧਿਕ ਲਾਪਰਵਾਹੀ ਦੇ ਲਈ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਆਧਾ ਸਿੰਘ ਦਾ ਲਗਭਗ 2 ਹਫਤੇ ਤੱਕ ਫੋਰਟਿਸ ਹਸਪਤਾਲ 'ਚ ਇਲਾਜ ਚਲਿਆ ਸੀ ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ। ਇਸ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਨੂੰ 16 ਲੱਖ ਦਾ ਬਿਲ ਬਣਾ ਕੇ ਦੇ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਖਬਰ ਕਾਰਨ ਕਾਫੀ ਹੰਗਾਮਾ ਹੋਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਆਧਾ ਦੇ ਪਿਤਾ ਦਾ ਕਹਿਣਾ ਹੈ ਕਿ ਹਸਪਤਾਲ ਦੇ ਖਿਲਾਫ ਗੁਰੂਗਰਾਮ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਸਟੇਸ਼ਨ ਦੇ ਐੱਸ.ਐੱਚ.ਓ.  ਗੌਰਵ ਫੋਗਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ, ਉਹ ਐੱਫ.ਆਰ.ਆਈ. ਦਰਜ ਕਰਨ ਤੋਂ ਪਹਿਲਾਂ ਪ੍ਰਾਥਮਿਕ ਜਾਂਚ ਕਰਨਗੇ। ਸ਼ਿਕਾਇਤ 'ਚ ਜਯੰਤ ਸਿੰਘ ਨੇ ਹਸਪਤਾਲ ਨੂੰ ਗੈਰ ਇਰਾਦਤਨ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ। ਹਸਪਤਾਲ ਨੇ ਉਨ੍ਹਾਂ ਦੀ ਬੇਟੀ ਦੇ ਇਲਾਜ 'ਚ ਅਪਰਾਧਿਕ ਲਾਪਰਵਾਹੀ ਕੀਤੀ ਹੈ। ਇਸ ਤੋਂ ਇਲਾਵਾ ਜਯੰਤ ਸਿੰਘ ਨੇ ਹਸਪਤਾਲ 'ਤੇ ਜਾਲਸਾਜ਼ੀ, ਧੋਖਾਧੜੀ ਅਤੇ ਬੇਈਮਾਨੀ ਦਾ ਵੀ ਦੋਸ਼ ਲਗਾਇਆ ਹੈ।
ਜਯੰਤ ਸਿੰਘ ਦਾ ਦੋਸ਼ ਹੈ ਕਿ ਉਹ ਹਸਪਤਾਲ ਨੂੰ ਐੱਮ.ਆਈ.ਆਰ. ਅਤੇ ਸੀ.ਟੀ.ਸਕੈਨ ਕਰਨ ਲਈ ਕਹਿ ਰਹੇ ਸਨ
ਪਰ ਹਸਪਤਾਲ ਵਾਲੇ ਉਨ੍ਹਾਂ ਨੂੰ ਦਵਾਇਆਂ ਦੇ ਰਹੇ ਸਨ। 14 ਸਿਤੰਬਰ ਨੂੰ ਜਦੋਂ ਐੱਮ.ਆਈ.ਆਰ. ਕੀਤੀ ਗਈ ਤਾਂ ਡਾਕਟਰਾਂ ਨੇ ਕਿਹਾ ਕਿ ਬੱਚੀ ਦਾ 80 ਫੀਸਦੀ ਬ੍ਰੇਨ ਡੈਮੇਜ ਹੋ ਚੁੱਕਾ ਹੈ ਅਤੇ ਉਸਨੂੰ ਹੁਣ ਪਲਾਜ਼ਮਾ ਟ੍ਰਾਂਸਪਲਾਂਟ ਦੀ ਜ਼ਰੂਰਤ ਹੈ, ਜਿਸ 'ਚ 16 ਲੱਖ ਰੁਪਏ ਲੱਗਣਗੇ। ਸੱਤ ਸਾਲ ਦੀ ਆਧਾ ਦੀ ਉਸੇ ਦਿਨ ਮੌਤ ਹੋ ਗਈ। ਹਸਪਤਾਲ ਨੇ ਇਲਾਜ ਲਈ 15,79,322 ਰੁਪਏ ਦਾ ਬਿਲ ਬਣਾ ਦਿੱਤਾ ਸੀ।

 


Related News