ਬੇਟੇ ਦੀ ਭਾਲ ''ਚ ਪਿਤਾ ਨੇ ਚਲਾਇਆ 1500 ਕਿਲੋਮੀਟਰ ਸਾਈਕਲ

12/05/2017 9:15:00 AM

ਆਗਰਾ - ਬੇਟੇ ਦੀ ਭਾਲ ਵਿਚ 1500 ਕਿਲੋਮੀਟਰ ਸਾਈਕਲ ਚਲਾ ਚੁੱਕੇ ਪਿਤਾ ਦੀ ਮਦਦ ਲਈ ਹੁਣ ਪੁਲਸ ਅੱਗੇ ਆਈ ਹੈ। ਐੱਸ. ਪੀ. ਹਾਥਰਸ ਨੇ ਮਾਮਲੇ ਵਿਚ ਪੁਲਸ ਦੀ ਲਾਪਰਵਾਹੀ ਸਾਹਮਣੇ ਆਉਣ ਦੀ ਗੱਲ 'ਤੇ ਇਕ ਜਾਂਚ ਕਮੇਟੀ ਗਠਿਤ ਕੀਤੀ ਹੈ। ਤਿੰਨ ਦਿਨ ਪਹਿਲਾਂ ਐੱਨ. ਬੀ. ਟੀ. ਨੇ ਇਸ ਪਿਤਾ ਦੀ ਦਾਸਤਾਂ ਪ੍ਰਕਾਸ਼ਿਤ ਕੀਤੀ ਸੀ।
ਹਾਥਰਸ ਜ਼ਿਲੇ ਦੇ ਰਹਿਣ ਵਾਲੇ ਸਤੀਸ਼ ਚੰਦ ਦਾ 11 ਸਾਲਾ ਅਪਾਹਿਜ ਬੇਟਾ ਗੋਦਨਾ ਅਚਾਨਕ ਲਾਪਤਾ ਹੋ ਗਿਆ ਸੀ। ਬੇਟੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਉਹ ਥਾਣੇ ਪਹੁੰਚਿਆ ਸੀ ਪਰ ਪੁਲਸ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਉਸ ਨੂੰ ਥਾਣੇ 'ਚੋਂ ਦੌੜਾ ਦਿੱਤਾ ਗਿਆ ਸੀ। ਉਸ ਦੇ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਉਹ ਕੁਝ ਹੋਰ ਕਰ ਸਕਦਾ। ਇਸ ਲਈ ਉਹ ਸਾਈਕਲ ਲੈ ਕੇ ਬੇਟੇ ਨੂੰ ਲੱਭਣ ਚਲਾ ਗਿਆ। ਉਹ ਕਈ ਸ਼ਹਿਰਾਂ ਵਿਚ ਲਗਾਤਾਰ ਭੁੱਖਾ-ਪਿਆਸਾ ਰਹਿ ਕੇ ਸਾਈਕਲ ਚਲਾਉਂਦਾ ਰਿਹਾ। ਪਿੰਡਾਂ ਵਿਚ ਰੁਕ ਕੇ ਬੇਟੇ ਦੀ ਫੋਟੋ ਦਿਖਾ ਕੇ ਉਸ ਦੇ ਬਾਰੇ ਪੁੱਛਦਾ। ਇਸ ਦੌਰਾਨ ਉਸਨੇ 1500 ਕਿਲੋਮੀਟਰ ਸਾਈਕਲ ਚਲਾਇਆ ਅਤੇ ਆਗਰਾ ਪਹੁੰਚਿਆ। ਆਗਰਾ ਵਿਚ ਇਕ ਸਮਾਜਿਕ ਵਰਕਰ ਨੇ ਉਸ ਦੀ ਮਦਦ ਕੀਤੀ ਅਤੇ ਸੋਸ਼ਲ ਮੀਡੀਆ ਵਿਚ ਮੁਹਿੰਮ ਚਲਾਈ। ਐੱਨ. ਬੀ. ਟੀ. ਨੇ ਵੀ ਉਸ ਦੀ ਖਬਰ ਲਿਖੀ। ਹਾਥਰਸ ਦੇ ਏ. ਐੱਸ. ਪੀ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਲੋਕ ਸਤੀਸ਼ ਦੇ ਸੰਪਰਕ ਵਿਚ ਹਨ। ਉਸ ਕੋਲੋਂ ਕੇਸ ਦੀ ਸਾਰੀ ਜਾਣਕਾਰੀ ਲਈ ਜਾ ਰਹੀ ਹੈ। ਉਸਦੇ ਬੇਟੇ ਨੂੰ ਲੱਭਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।


Related News