ਡੋਕਲਾਮ ਵਿਵਾਦ: ਜਪਾਨ ਨੇ ਦਿੱਤਾ ਭਾਰਤ ਦਾ ਸਾਥ ਤਾਂ ਚੀਨ ਨੂੰ ਲੱਗੀਆਂ ਮਿਰਚਾਂ

08/18/2017 7:11:00 PM

ਨਵੀਂ ਦਿੱਲੀ— ਡੋਕਲਾਮ ਇਲਾਕੇ ਨੂੰ ਲੈ ਕੇ ਚੀਨ ਨਾਲ ਚੱਲ ਰਹੇ ਵਿਵਾਦ 'ਚ ਜਪਾਨ ਵਲੋਂ ਭਾਰਤ ਨੂੰ ਸਮਰਥਨ ਦੇਣ 'ਤੇ ਚੀਨ ਬੌਖਲਾ ਗਿਆ ਹੈ। ਚੀਨ ਨੇ ਕਿਹਾ ਹੈ ਕਿ ਚਾਹੇ ਜਪਾਨ ਭਾਰਤ ਨੂੰ ਸਮਰਥਨ ਦੇਣਾ ਚਾਹੁੰਦਾ ਹੈ ਪਰ ਉਸ ਨੂੰ ਭਾਰਤ ਤੇ ਚੀਨ ਵਿਚਕਾਰ ਚੱਲ ਰਹੇ ਵਿਵਾਦ 'ਤੇ ਟਿੱਪਣੀ ਨਹੀਂ ਕਰਨੀ ਚਾਹੀਦੀ।
ਡੋਕਲਾਨ ਨੂੰ ਵਿਵਾਦਿਤ ਇਲਾਕਾ ਦੱਸੇ ਜਾਣ 'ਤੇ ਚੀਨ ਨਰਾਜ਼ 
ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ 'ਚ ਕਿਹਾ ਕਿ ਸੱਚਾਈ ਜਾਣੇ ਬਿਨਾਂ ਕੋਈ ਬਿਆਨ ਨਾ ਦਵੋ। ਉਨ੍ਹਾਂ ਕਿਹਾ, ''ਮੈਂ ਜਾਣਦੀ ਹਾਂ ਕਿ ਜਪਾਨ ਦੇ ਰਾਜਦੂਤ ਭਾਰਤ ਨੂੰ ਸਮਰਥਨ ਦੇਣਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਯਾਦ ਦਵਾਉਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਤੱਥਾਂ ਨੂੰ ਜਾਂਚੇ ਬਿਨਾਂ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ।'' ਜਪਾਨੀ ਰਾਜਦੂਤ ਵਲੋਂ ਡੋਕਲਾਮ ਨੂੰ ਵਿਵਾਦਿਤ ਇਲਾਕਾ ਦੱਸੇ ਜਾਣ 'ਤੇ ਚੀਨ ਦੀ ਬੁਲਾਰਨ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਡੋਕਲਾਮ ਨੂੰ ਲੈ ਕੇ ਕੋਈ ਖੇਤਰੀ ਵਿਵਾਦ ਨਹੀਂ ਹੈ। ਇਸ ਇਲਾਕੇ 'ਚ ਸਰਹੱਦ ਦੀ ਪਛਾਣ ਹੋ ਚੁੱਕੀ ਹੈ ਤੇ ਦੋਵਾਂ ਪੱਖਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। 
ਦੱਸਣਯੋਗ ਹੈ ਕਿ ਜਪਾਨ ਪਹਿਲਾ ਦੇਸ਼ ਹੈ, ਜਿਸ ਨੇ ਚੀਨ ਨਾਲ ਜਾਰੀ ਵਿਵਾਦ 'ਚ ਭਾਰਤ ਦਾ ਖੁੱਲ ਕੇ ਸਮਰਥਨ ਕੀਤਾ ਹੈ। ਅਮਰੀਕਾ ਨੇ ਵੀ ਇਸ ਮੁੱਦੇ 'ਤੇ ਕਿਹਾ ਸੀ ਕਿ ਦੋਵਾਂ ਪੱਖਾਂ ਨੂੰ ਸਿੱਧੀ ਗੱਲਬਾਤ ਰਾਹੀਂ ਮਸਲਾ ਸੁਲਝਾ ਲੈਣਾ ਚਾਹੀਦਾ ਹੈ। ਉਥੇ ਚੀਨੀ ਬੁਲਾਰਨ ਨੇ ਦੁਹਰਾਇਆ ਕਿ ਭਾਰਤ ਨੂੰ ਵਿਵਾਦਿਤ ਇਲਾਕੇ 'ਚੋਂ ਆਪਣੀਆਂ ਫੌਜਾਂ ਹਟਾ ਲੈਣੀਆਂ ਚਾਹੀਦੀਆਂ ਹਨ।


Related News