ਅੱਠ ਘੰਟੇ ਦੀ ਸਰਜਰੀ ਤੋਂ ਬਾਅਦ, ਪੈਰ ਦੀ ਉਂਗਲ ਬਣੀ ਹੱਥ ਦਾ ਅੰਗੂਠਾ

01/17/2018 2:35:54 PM

ਨਵੀਂ ਦਿੱਲੀ— ਡਾਕਟਰਾਂ ਨੇ ਪੈਰ ਦੀ ਉਂਗਲ ਨੂੰ ਹੱਥ ਦਾ ਅੰਗੂਠਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਡਾਕਟਰਾਂ ਨੇ 8 ਘੰਟਿਆਂ ਦੀ ਲੰਮੀ ਸਰਜਰੀ ਤੋਂ ਬਾਅਦ ਪੈਰ ਦੀ ਦੂਜੀ ਉਂਗਲ ਨੂੰ ਅੰਗੂਠਾ ਬਣਾ ਦਿੱਤਾ ਹੈ। 
ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਅੰਗੂਠੇ ਦੇ ਹੱਥ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ। ਹੱਥ ਦਾ 40 ਫੀਸਦੀ ਕੰਮ ਅੰਗੂਠੇ ਤੋਂ ਬਿਨਾਂ ਸੰਭਵ ਨਹੀਂ। ਇਸ ਲਈ ਇਸ ਨੌਜਵਾਨ ਨੂੰ ਅੰਗੂਠਾ ਦੇਣਾ ਜ਼ਰੂਰੀ ਸੀ। ਆਰ. ਐੱਮ. ਐੱਲ. ਹਸਪਤਾਲ ਦੇ ਬਰਨ ਐਂਡ ਪਲਾਸਟਿਕ ਡਿਪਾਰਟਮੈਂਟ ਦੇ ਡਾ. ਸਮੀਕ ਭੱਟਾਚਾਰੀਆ ਨੇ ਦੱਸਿਆ ਕਿ ਨੌਜਵਾਨ ਦਾ ਹੱਥ ਬਿਨਾਂ ਅੰਗੂਠੇ ਦੇ ਮਾੜਾ ਲੱਗ ਰਿਹਾ ਸੀ। ਸੜਨ ਕਾਰਨ ਉਸ ਦਾ ਸੱਜਾ ਹੱਥ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਜਾਂਚ ਵਿਚ ਦੇਖਿਆ ਗਿਆ ਕਿ ਉਸ ਦੇ ਅੰਗੂਠੇ ਦਾ ਜੋੜ ਹੀ ਨਹੀਂ ਹੈ। ਬਿਨਾਂ ਜੋੜ ਦੇ ਅੰਗੂਠਾ ਹਰਕਤ ਨਹੀਂ ਕਰ ਸਕਦਾ। ਇਸ ਲਈ ਅਸੀਂ ਪੈਰ ਦੀ ਦੂਜੀ ਉਂਗਲ ਨੂੰ ਅੰਗੂਠੇ ਦੀ ਜਗ੍ਹਾ ਲਾਉਣ ਦਾ ਫੈਸਲਾ ਕੀਤਾ ਤਾਂ ਜੋ ਹੱਥ ਨੂੰ ਅੰਗੂਠਾ ਮਿਲ ਜਾਵੇ ਅਤੇ ਉਸ ਵਿਚ ਹਰਕਤ ਵੀ ਆ ਜਾਵੇ। ਡਾਕਟਰਾਂ ਨੇ ਕਿਹਾ ਕਿ ਅੰਗੂਠਾ ਬਣਾਉਣ ਲਈ ਪੈਰ ਦੀ ਜਿਸ ਉਂਗਲ ਨੂੰ ਕੱਟਿਆ ਗਿਆ, ਉਸ ਦੇ ਨਾਲ 2 ਟੈਂਡਨ, ਇਕ ਆਰਟਰੀ, ਇਕ ਵੇਨ ਤੇ ਇਕ ਨਰਵ ਨੂੰ ਵੀ ਕੱਢਿਆ ਗਿਆ। ਪੂਰੀ ਸਰਜਰੀ ਮਾਈਕ੍ਰੋਸਕੋਪ ਦੀ ਮਦਦ ਨਾਲ ਕੀਤੀ ਗਈ ਕਿਉਂਕਿ ਇਸ ਦੇ ਨਰਵ ਤੇ ਵੇਨ ਇੰਨੇ ਛੋਟੇ ਹੁੰਦੇ ਹਨ ਕਿ ਇਸ ਨੂੰ ਬਿਨਾਂ ਮਾਈਕ੍ਰੋਸਕੋਪ ਦੇ ਜੋੜਨਾ ਸੰਭਵ ਨਹੀਂ। ਦੋਵੇਂ ਟੈਂਡਨ ਹੱਥ ਦੇ ਅੰਗੂਠੇ ਦੇ ਨਾਲ ਵਾਲੇ ਟੈਂਡਨ ਨਾਲ ਜੋੜੇ ਗਏ, ਜਿਸ ਵਿਚ ਇਕ ਅੱਗੇ ਤੇ ਦੂਜਾ ਪਿੱਛੇ ਜੋੜਿਆ ਗਿਆ।


Related News