ਚੀਫ ਜਸਟਿਸ ਮਿਲੇ 4 ਨਾਰਾਜ਼ ਜੱਜਾਂ ਨੂੰ, ਵਿਵਾਦ ਨਿਪਟਾਉਣ ਦੀ ਕੀਤੀ ਕੋਸ਼ਿਸ਼

01/17/2018 11:19:13 AM

ਨਵੀਂ ਦਿੱਲੀ — ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਮੰਗਲਵਾਰ ਉਨ੍ਹਾਂ 4 ਜੱਜਾਂ ਨਾਲ ਗੱਲਬਾਤ ਕਰ ਕੇ ਵਿਵਾਦ ਨਿਪਟਾਉਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਪਿਛਲੇ ਸ਼ੁੱਕਰਵਾਰ ਪ੍ਰੈੱਸ ਕਾਨਫਰੰਸ ਕਰ ਕੇ ਸੁਪਰੀਮ ਕੋਰਟ ਦੇ ਜੁਡੀਸ਼ੀਅਲ ਪ੍ਰਸ਼ਾਸਨ ਵਿਚ ਕਥਿਤ ਖਾਮੀਆਂ ਨੂੰ ਉਜਾਗਰ ਕੀਤਾ ਸੀ। 
ਅਦਾਲਤ ਦੇ ਸੂਤਰਾਂ ਨੇ ਦੱਸਿਆ ਕਿ ਆਮ ਕੰਮ-ਕਾਜ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਭ ਜੱਜ ਚਾਹ 'ਤੇ ਮਿਲੇ ਅਤੇ ਚੀਫ ਜਸਟਿਸ ਮਿਸ਼ਰਾ ਨੇ ਜਸਟਿਸ ਚੇਲਮੇਸ਼ਵਰ, ਮਦਨ ਬੀ. ਲੋਕੁਰ, ਕੁਰੀਅਨ ਜੋਸੇਫ ਅਤੇ ਰੰਜਨ ਗੋਗੋਈ ਨਾਲ ਗੱਲਬਾਤ ਕਰ ਕੇ ਵਿਵਾਦ ਹੱਲ ਕਰਨ ਦਾ ਯਤਨ ਕੀਤਾ। ਇਸ ਤੋਂ ਪਹਿਲਾਂ 'ਜੱਜ ਵਿਵਾਦ' ਸਬੰਧੀ ਦੋ ਅਹਿਮ ਕਾਨੂੰਨੀ ਸੰਗਠਨਾਂ ਦੇ ਜਿਥੇ ਆਪਾ ਵਿਰੋਧੀ ਬਿਆਨ ਸਾਹਮਣੇ ਆਏ, ਉਥੇ ਅਟਾਰਨੀ ਜਨਰਲ ਨੇ ਵੀ ਸੰਕਟ ਨੂੰ ਹੱਲ ਕਰਨ ਵਿਚ 2-3 ਦਿਨ ਹੋਰ ਲੱਗਣ ਦੀ ਗੱਲ ਕਹੀ। ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸੁਪਰੀਮ ਕੋਰਟ ਦੇ 4 ਸੀਨੀਅਰ ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ ਕਰਨ ਪਿੱਛੋਂ ਪੈਦਾ ਹੋਇਆ ਵਿਵਾਦ ਅਜੇ ਖਤਮ ਨਹੀਂ ਹੋਇਆ। ਇਸ ਨੂੰ ਪੂਰੀ ਤਰ੍ਹਾਂ ਖਤਮ ਹੋਣ 'ਚ  2 ਤੋਂ 3 ਦਿਨ ਲੱਗ ਸਕਦੇ ਹਨ। 
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਵਿਕਾਸ ਸਿੰਘ ਨੇ ਵੀ ਕਿਹਾ ਕਿ ਸੰਕਟ ਦਾ ਹੱਲ ਇਸ ਹਫਤੇ ਦੇ ਅੰਤ ਤੱਕ ਹੀ ਹੋ ਸਕੇਗਾ।
ਦੂਜੇ ਪਾਸੇ ਵਕੀਲਾਂ ਦੀ ਸਰਬਉੱਚ ਸੰਸਥਾ ਬਾਰ ਕੌਂਸਲ ਆਫ ਇੰਡੀਆ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵਿਚ ਹੁਣ ਕੋਈ ਸੰਕਟ ਨਹੀਂ।

ਲੋਇਆ ਮਾਮਲੇ 'ਚ ਮਹਾਰਾਸ਼ਟਰ ਸਰਕਾਰ ਨੇ ਸੌਂਪੇ ਦਸਤਾਵੇਜ਼
ਮਹਾਰਾਸ਼ਟਰ ਸਰਕਾਰ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਕਾਂਡ ਦੇ ਟਰਾਇਲ ਜੱਜ ਬੀ. ਐੱਚ. ਲੋਇਆ ਦੀ ਮੌਤ ਸਬੰਧੀ ਪੋਸਟਮਾਰਟਮ ਰਿਪੋਰਟ ਸਮੇਤ ਹੋਰ ਸਭ ਦਸਤਾਵੇਜ਼ ਸੁਪਰੀਮ ਕੋਰਟ ਨੂੰ ਮੰਗਲਵਾਰ ਸੌਂਪੇ। ਮਹਾਰਾਸ਼ਟਰ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਅਰੁਣ ਕੁਮਾਰ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਦੋ ਮੈਂਬਰੀ ਬੈਂਚ ਨੂੰ ਸੀਲਬੰਦ ਲਿਫਾਫੇ ਵਿਚ ਇਹ ਦਸਤਾਵੇਜ਼ ਸੌਂਪੇ। ਮਾਣਯੋਗ ਜੱਜ ਮਿਸ਼ਰਾ ਨੇ ਸਾਲਵੇ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਇਕ ਕਾਪੀ ਪਟੀਸ਼ਨਕਰਤਾ ਨੂੰ ਦੇਣ ਦਾ ਨਿਰਦੇਸ਼ ਦਿੱਤਾ। 
ਉਨ੍ਹਾਂ ਕਿਹਾ ਕਿ ਉਹ ਬਹੁਤ ਨਾਜ਼ੁਕ ਮਾਮਲਾ ਹੈ।  ਪਟੀਸ਼ਨਕਰਤਾਵਾਂ ਨੂੰ ਸਭ ਕੁਝ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਸਭ ਨੂੰ ਇਕ-ਇਕ ਕਾਪੀ ਦਿੱਤੀ ਜਾਵੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਇਕ ਹਫਤੇ ਲਈ ਮੁਲਤਵੀ ਕਰ ਦਿੱਤੀ ਪਰ ਇਹ ਨਹੀਂ ਦੱਸਿਆ ਕਿ ਅਗਲੀ ਸੁਣਵਾਈ ਕਦੋਂ ਹੋਵੇਗੀ।


Related News