ਵਿਦੇਸ਼ਾਂ ''ਚ ਆਪਣੇ ਖਾਤੇ ਬੰਦ ਕਰਵਾ ਰਿਹੈ ਕਾਰਤੀ ਚਿਦੰਬਰਮ : ਸੀ.ਬੀ.ਆਈ.

09/22/2017 11:53:02 PM

ਨਵੀਂ ਦਿੱਲੀ— ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਵਿਦੇਸ਼ੀ ਬੈਂਕਾਂ 'ਚ ਕਈ ਖਾਤੇ ਹਨ ਅਤੇ ਇਨ੍ਹਾਂ 'ਚੋਂ ਕੁਝ ਖਾਤੇ ਉਹ ਬੰਦ ਕਰਾ ਚੁੱਕੇ ਹਨ। ਸੀ.ਬੀ.ਆਈ. ਨੇ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਕਾਰਤੀ ਨੂੰ ਵਿਦੇਸ਼ ਜਾਣ 'ਤੇ ਰੋਕ ਲਗਾਈ ਸੀ। ਕਾਰਤੀ ਚਿਦੰਬਰਮ ਖਿਲਾਫ ਜਾਰੀ ਲੁਕਆਉਟ ਸਰਕੁਲਰ ਸਹੀਂ ਦੱਸਦੇ ਹੋਏ ਸੀ.ਬੀ.ਆਈ. ਨੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਸਾਹਮਣੇ ਕਿਹਾ ਕਿ ਉਨ੍ਹਾਂ ਦੇ ਵਿਦੇਸ਼ ਦੌਰੇ ਕਾਰਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਸੀ.ਬੀ.ਆਈ. ਵੱਲੋਂ ਪੇਸ਼ ਐਡਿਸ਼ਨਲ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਨੇ ਤਿੰਨ ਸੀਲਬੰਦ ਲਿਫਾਫੇ ਦਿਖਾਉਂਦੇ ਹੋਏ ਕਿਹਾ ਕਿ ਇਨ੍ਹਾਂ 'ਚੋਂ ਕਈ ਅਜਿਹੇ ਤੱਥ ਹਨ ਜਿਸ ਕਾਰਨ ਕਾਰਤੀ ਖਿਲਾਫ ਐੱਲ.ਓ.ਸੀ. ਜਾਰੀ ਕੀਤਾ ਗਿਆ।
ਉਨ੍ਹਾਂ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਲਿਫਾਫਿਆਂ 'ਚ ਦਰਜ ਤੱਥਾਂ 'ਤੇ ਧਿਆਨ ਦੇਣ ਪਰ ਕਾਰਤੀ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਇਨ੍ਹਾਂ ਲਿਫਾਫਿਆਂ 'ਤੇ ਧਿਆਨ ਦੇਣ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਨੇ ਇਸ ਦੋਸ਼ 'ਤੇ ਵੀ ਸਖਤ ਇਤਰਾਜ਼ ਜ਼ਾਹਿਰ ਕੀਤਾ, ਕਾਰਤੀ ਦੇ ਵਿਦੇਸ਼ਾਂ 'ਚ ਕਈ ਬੈਂਕ ਖਾਤੇ ਹਨ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੇ ਪੁੱਛਗਿੱਛ 'ਚ ਕਾਰਤੀ ਨਾਲ ਇਸ ਬਾਰੇ ਇਕ ਵੀ ਸਵਾਲ ਨਹੀਂ ਪੁੱਛਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਨ੍ਹਾਂ 'ਚੋਂ ਇਕ ਵੀ ਖਾਤੇ 'ਚ ਕਾਰਤੀ ਦੇ ਦਸਤਖਤ ਹਾਂ ਤਾਂ ਸੀ.ਬੀ.ਆਈ. ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦੀ ਹੈ। ਸਿੱਬਲ ਨੇ ਇਹ ਵੀ ਕਿਹਾ ਕਿ ਐੱਲ.ਓ.ਸੀ. ਜਾਰੀ ਕਰਨ ਤੋਂ ਪਹਿਲਾਂ ਕਾਰਤੀ ਨੂੰ ਨੋਟਿਸ ਤਕ ਜਾਰੀ ਨਹੀਂ ਕੀਤਾ ਗਿਆ ਜੋ ਸੰਵਿਧਾਨ ਦੀ ਧਾਰਾ-21 ਦੀ ਉਲੰਘਣਾ ਹੈ। ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ।


Related News