ਵਿਆਹ ਲਈ ਪ੍ਰੇਮੀ ਨੇ ਰੱਖੀ ਅਜਿਹੀ ਸ਼ਰਤ, ਕਿਡਨੀ ਵੇਚਣ ਦਿੱਲੀ ਪੁੱਜ ਗਈ ਪ੍ਰੇਮਿਕਾ

10/18/2017 11:02:11 AM

ਨਵੀਂ ਦਿੱਲੀ/ਬਿਹਾਰ— ਪ੍ਰੇਮ 'ਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸ ਗੱਲ ਨੂੰ ਸੱਚ ਸਾਬਤ ਕਰਦੇ ਹੋਏ ਬਿਹਾਰ ਵਾਸੀ ਇਕ ਲੜਕੀ ਆਪਣੇ ਪ੍ਰੇਮੀ ਵੱਲੋਂ ਵਿਆਹ ਲਈ ਮੰਗੇ ਗਏ 1.8 ਲੱਖ ਰੁਪਏ ਜੁਟਾਉਣ ਲਈ ਕਿਡਨੀ ਵੇਚਣ ਦਿੱਲੀ ਤੱਕ ਆ ਗਈ। ਲੜਕੀ ਜਦੋਂ ਰਾਸ਼ਟਰੀ ਰਾਜਧਾਨੀ ਦੇ ਇਕ ਹਸਪਤਾਲ 'ਚ ਪੁੱਜੀ ਤਾਂ ਡਾਕਟਰਾਂ ਨੇ 181 ਮਹਿਲਾ ਹੈਲਪਲਾਈਨ ਨੰਬਰ 'ਤੇ ਪੁਲਸ ਨੂੰ ਸੂਚਨਾ ਦੇਣ ਲਈ ਫੋਨ ਕੀਤਾ। ਹਸਪਤਾਲ ਨੂੰ ਸ਼ੱਕ ਹੋਇਆ ਸੀ ਕਿ ਲੜਕੀ ਕਿਡਨੀ ਵੇਚਣ ਵਾਲੇ ਕਿਸੇ ਗਿਰੋਹ 'ਚ ਸ਼ਾਮਲ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਇਕ ਟੀਮ ਨੇ ਹਸਪਤਾਲ ਪੁੱਜ ਕੇ ਲੜਕੀ ਨਾਲ ਗੱਲਬਾਤ ਕੀਤੀ।
ਲੜਕੀ ਦਾ ਆਪਣੇ ਪਤੀ ਤੋਂ ਤਲਾਕ ਹੋ ਚੁਕਿਆ ਹੈ ਅਤੇ ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਬਿਹਾਰ 'ਚ ਰਹਿਣ ਲੱਗੀ ਸੀ। ਉੱਥੇ ਇਕ ਗੁਆਂਢੀ ਨਾਲ ਉਸ ਦੀ ਦੋਸਤੀ ਹੋ ਗਈ ਸੀ ਪਰ ਲੜਕੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ। ਲੜਕੀ ਆਪਣਾ ਘਰ ਛੱਡ ਕੇ ਮੁਰਾਦਾਬਾਦ ਚੱਲੀ ਗਈ, ਜਿੱਥੇ ਉਸ ਦਾ ਪ੍ਰੇਮੀ ਕੰਮ ਕਰਦਾ ਸੀ ਤਾਂ ਕਿ ਉਹ ਉੱਥੇ ਵਿਆਹ ਕਰ ਸਕੇ। ਪ੍ਰੇਮੀ ਨੇ ਲੜਕੀ ਨੂੰ ਕਿਹਾ ਕਿ ਉਹ ਉਦੋਂ ਉਸ ਨਾਲ ਵਿਆਹ ਕਰੇਗਾ, ਜਦੋਂ ਉਹ ਪੈਸੇ ਦੇਵੇਗੀ। ਇਸ ਤੋਂ ਬਾਅਦ ਲੜਕੀ ਨੇ ਸਰਕਾਰੀ ਹਸਪਤਾਲ 'ਚ ਕਿਡਨੀ ਵੇਚਣ ਲਈ ਦਿੱਲੀ ਆਉਣ ਦਾ ਫੈਸਲਾ ਕੀਤਾ।
ਕਮਿਸ਼ਨ ਦੀ ਇਕ ਮੈਂਬਰ ਨੇ ਔਰਤ ਦੀ ਕਾਊਂਸਲਿੰਗ ਕਰਦੇ ਹੋਏ ਪ੍ਰੇਮੀ ਦੇ ਖਿਲਾਫ ਪੁਲਸ 'ਚ ਮਾਮਲਾ ਦਰਜ ਕਰਨ ਲਈ ਕਿਹਾ। ਔਰਤ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਆਪਣੇ ਮਾਤਾ-ਪਿਤਾ ਨਾਲ ਬਿਹਾਰ ਚੱਲੀ ਗਈ। ਦਿੱਲੀ ਮਹਿਲਾ ਕਮਿਸ਼ਨ ਨੇ ਲੜਕੀ ਨੂੰ ਪ੍ਰੇਮੀ ਦੇ ਖਿਲਾਫ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਲਈ ਮਾਮਲਾ ਬਿਹਾਰ ਮਹਿਲਾ ਕਮਿਸ਼ਨ ਕੋਲ ਭੇਜ ਦਿੱਤਾ ਹੈ।


Related News