ਹਰ ਹਾਲ ''ਚ ਚੋਣਾਂ ਜਿੱਤਣਾ ਅੱਜ-ਕੱਲ ਇਕ ਚਲਨ ਬਣ ਗਿਆ ਹੈ- ਚੋਣ ਕਮਿਸ਼ਨਰ

08/18/2017 2:01:09 PM

ਨਵੀਂ ਦਿੱਲੀ— ਗੁਜਰਾਤ 'ਚ ਹੋਈਆਂ ਰਾਜ ਸਭਾ ਚੋਣਾਂ 'ਚ ਸਿਆਸੀ ਡਰਾਮੇ ਦੇ ਕੁਝ ਦਿਨ ਬਾਅਦ ਚੋਣ ਕਮਿਸ਼ਨਰ ਓਮਪ੍ਰਕਾਸ਼ ਰਾਵਤ ਨੇ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਏ.ਡੀ.ਆਰ. ਵੱਲੋਂ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਰਾਵਤ ਨੇ ਕਿਹਾ ਕਿ ਅੱਜ-ਕੱਲ ਹਰ ਹਾਲ 'ਚ ਚੋਣਾਂ ਜਿੱਤਣ ਦਾ ਚਲਨ ਬਣਿਆ ਹੈ। ਲੋਕਤੰਤਰ ਉਦੋਂ ਵਧਦਾ-ਫੁੱਲਦਾ ਹੈ, ਜਦੋਂ ਚੋਣਾਂ ਪਾਰਦਰਸ਼ੀ, ਨਿਰਪੱਖ ਅਤੇ ਮੁਕਤ ਹੋਣ ਪਰ ਅਜਿਹਾ ਲੱਗਦਾ ਹੈ ਕਿ ਸਵਾਰਥੀ ਆਦਮੀ ਸਭ ਤੋਂ ਵਧ ਜ਼ੋਰ ਇਸ ਗੱਲ 'ਤੇ ਦਿੰਦਾ ਹੈ ਕਿ ਉਸ ਨੂੰ ਹਰ ਹਾਲ 'ਚ ਜਿੱਤ ਹਾਸਲ ਕਰਨੀ ਹੈ ਅਤੇ ਖੁਦ ਨੂੰ ਨੈਤਿਕ ਅਪੀਲਾਂ ਤੋਂ ਮੁਕਤ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਰਾਜਨੀਤੀ 'ਚ ਇਹ ਇਕ ਤਰ੍ਹਾਂ ਦੀ ਸਾਧਾਰਨ ਚੀਜ਼ ਹੋ ਗਈ ਹੈ ਪਰ ਇਸ ਸਭ ਤੋਂ ਮੁਕਤੀ ਲਈ ਸਿਆਸੀ ਦਲਾਂ, ਰਾਜਨੇਤਾਵਾਂ, ਮੀਡੀਆ ਅਤੇ ਸਮਾਜ ਦੇ ਹੋਰ ਲੋਕਾਂ ਨੂੰ ਬਿਹਤਰ ਚੋਣਾਂ ਲਈ ਯੋਗਦਾਨ ਦੇਣਾ ਚਾਹੀਦਾ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨਰ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਗੁਜਰਾਤ 'ਚ ਰਾਜ ਸਭਾ ਚੋਣਾਂ ਦੌਰਾਨ ਕਾਂਗਰਸ ਦੇ 2 ਬਾਗ਼ੀ ਵਿਧਾਇਕਾਂ ਦੇ ਵੋਟ ਰੱਦ ਕਰ ਦਿੱਤੇ ਗਏ ਸਨ ਅਤੇ ਇਸ ਨਾਲ ਅਹਿਮਦ ਪਟੇਲ ਨੇ ਆਪਣੀ ਰਾਜ ਸਭਾ ਦੀ ਸੀਟ ਬਚਾ ਲਈ ਸੀ।


Related News