ਰਾਮ ਜਨਮ ਭੂਮੀ ਕੰਪਲੈਕਸ ''ਚ ਦਾਖਲ ਹੋ ਰਹੇ 8 ਸ਼ੱਕੀ ਕਾਬੂ

11/19/2017 8:33:56 AM

ਅਯੁੱਧਿਆ — ਯੂ. ਪੀ. ਦੇ ਅਯੁੱਧਿਆ ਸਥਿਤ ਸ਼ੁੱਕਰਵਾਰ ਦੇਰ ਰਾਤ ਲਗਭਗ 2 ਵਜੇ ਰਾਮ ਜਨਮ ਭੂਮੀ ਕੰਪਲੈਕਸ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 8 ਸ਼ੱਕੀ ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਇਨ੍ਹਾਂ ਕੋਲੋਂ ਕਈ ਆਈ. ਡੀ. ਸਬੂਤ ਮਿਲੇ ਹਨ। ਸੁਰੱਖਿਆ ਏਜੰਸੀਆਂ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਹਿਰਾਸਤ 'ਚ ਲਏ ਗਏ ਸ਼ੱਕੀਆਂ ਦੀ ਉਮਰ 20 ਤੋਂ 30 ਸਾਲ ਦਰਮਿਆਨ ਹੈ। 
ਸ਼ੁੱਕਰਵਾਰ ਰਾਤ ਸਰਯੂ ਪੁਲ ਵਾਲੇ ਪਾਸਿਓਂ ਸ਼ੱਕੀ ਸਬਜ਼ੀ ਮੰਡੀ 'ਚੋਂ ਹੁੰਦੇ ਹੋਏ ਕਟੜਾ ਪੁਲਸ ਚੌਕ ਅਤੇ ਫਿਰ ਰਾਮ ਜਨਮ ਭੂਮੀ ਕੰਪਲੈਕਸ ਵਲ ਵਧੇ, ਤਦ ਪੁਲਸ ਨੇ ਉਨ੍ਹਾਂ ਨੂੰ ਰੋਕਿਆ। ਨਾਂ ਅਤੇ ਪਤਾ ਪੁੱਛੇ ਜਾਣ 'ਤੇ ਪੁਲਸ ਨੂੰ ਸ਼ੱਕ ਹੋਇਆ ਤਾਂ ਖੁਫੀਆ ਏਜੰਸੀਆਂ ਨੇ ਰਾਤ ਨੂੰ ਹੀ ਉਨ੍ਹਾਂ ਕੋਲੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। 
ਅਯੁੱਧਿਆ ਦੇ ਸੀ. ਓ. ਰਾਜ ਕੁਮਾਰ ਸਾਵ ਨੇ ਦੱਸਿਆ ਕਿ ਇਨ੍ਹਾਂ ਸ਼ੱਕੀਆਂ ਕੋਲੋਂ ਕੋਈ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ, ਫਿਰ ਵੀ ਪੁੱਛਗਿੱਛ ਲਈ ਏ. ਟੀ. ਐੱਸ. ਨੂੰ ਸੱਦਿਆ ਗਿਆ ਹੈ। ਪੁੱਛਗਿਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਸਾਰੇ ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਰਹਿਣ ਵਾਲੇ ਹਨ। 
ਧਾਰਮਿਕ ਯਾਤਰਾ 'ਤੇ ਨਿਕਲੇ ਇਨ੍ਹਾਂ ਲੋਕਾਂ ਨੇ ਆਪਣੇ ਨਾਂ ਮੁਹੰਮਦ ਸ਼ਕੀਲ, ਮੁਹੰਮਦ ਜ਼ਾਕਿਰ, ਮੁਹੰਮਦ ਸਈਦ, ਮੁਹੰਮਦ ਰਜ਼ਾ ਇਰਫਾਨ, ਮੁਹੰਮਦ ਮਦਨੀ, ਮੁਹੰਮਦ ਹੁਸੈਨ ਅਤੇ ਅਬਦੁਲ ਵਾਹਿਦ ਦੱਸਿਆ।  ਪੁਲਸ ਨੂੰ ਇਨ੍ਹਾਂ ਕੋਲੋਂ ਆਧਾਰ ਕਾਰਡ ਤੇ ਡਰਾਈਵਿੰਗ ਲਾਇਸੈਂਸ ਮਿਲੇ ਹਨ। ਹੁਣ ਖੁਫੀਆ ਏਜੰਸੀ ਇਨ੍ਹਾਂ ਲੋਕਾਂ ਵਲੋਂ ਦੱਸੇ ਪਤੇ ਦੀ ਤਸਦੀਕ ਕਰ ਰਹੀ ਹੈ।


Related News