ਬਨਾਰਸ 'ਚ ਨੌਜਵਾਨਾਂ ਲਈ ਬਣਾਇਆ ਜਾਵੇਗਾ 'ਸੈਲਫੀ ਪਾਰਕ', ਜਿਥੇ ਮੋਦੀ ਨੂੰ ਰੈਲੀ ਲਈ ਨਹੀਂ ਮਿਲੀ ਸੀ ਇਜਾਜ਼ਤ

11/18/2017 5:00:03 AM

ਬਨਾਰਸ- ਬਨਾਰਸ ਦੇ ਉਸ ਬੇਨੀਆਬਾਗ ਦਾ ਜਲਦੀ ਕਾਇਆਕਲਪ ਹੋਣ ਵਾਲੀ ਹੈ ਜਿਥੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਨੂੰ ਰੈਲੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਥੇ ਉਸਤਾਦ ਬਿਸਮਿੱਲਾ ਖਾਨ ਦੀ ਸ਼ਹਿਨਾਈ ਦੀਆਂ ਧੁਨਾਂ 'ਤੇ ਨੱਚਦੇ ਪਾਣੀ ਦਾ ਝਰਨਾ ਤਾਂ ਹੋਵੇਗਾ ਹੀ ਨਾਲ ਹੀ ਦਿਵਿਆਂਗ ਬੱਚਿਆਂ ਲਈ ਖੇਡਣ ਦੀ ਅਤਿ-ਆਧੁਨਿਕ ਵਿਵਸਥਾ ਵੀ ਹੋਵੇਗੀ। 
ਪ੍ਰਧਾਨ ਮੰਤਰੀ ਦੇ ਸੰਸਦੀ ਹਲਕੇ ਦੇ 4 ਅਤੇ ਪ੍ਰਸਿੱਧ ਪਰ ਬਦਹਾਲ ਜਨਤਕ ਬਾਗਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ। ਇਨ੍ਹਾਂ ਵਿਚੋਂ  ਨੌਜਵਾਨਾਂ ਲਈ ਇਕ 'ਸੈਲਫੀ ਪਾਰਕ' ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ ਜਦਕਿ ਦੂਜਾ ਗੁਲਾਬਾਂ ਅਤੇ ਇਤਰ ਦਾ ਨਮੂਨਾ ਹੋਵੇਗਾ। ਇਕ ਬਾਗ 'ਚ ਲਾਈਟ ਐਂਡ ਸਾਊਂਡ ਇਫੈਕਟ ਲਈ ਇਕ ਸਕ੍ਰੀਨ ਲਾਈ ਜਾਵੇਗੀ ਅਤੇ ਇਕ ਗ੍ਰੀਨ ਟਨਲ ਬਣਾਈ ਜਾਵੇਗੀ।
ਇਹ ਯੋਜਨਾ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਨਾਰਸ ਦੇ ਮੇਕਓਵਰ ਪਲੈਨ ਦਾ ਹਿੱਸਾ ਹੈ ਅਤੇ ਇਨ੍ਹਾਂ 'ਤੇ ਪ੍ਰਧਾਨ ਮੰਤਰੀ ਦੀ ਨਜ਼ਰ ਹੈ। ਮੋਦੀ ਸ਼ਹਿਰ 'ਚ ਲੱਗਣ ਵਾਲੇ ਜਾਮ ਨੂੰ ਖਤਮ ਕਰਨਾ ਚਾਹੁੰਦੇ ਹਨ। ਉਹ ਇਸ ਨੂੰ ਵਾਈਫਾਈ ਰੈਡੀ ਵੀ ਬਣਾਉਣਾ ਚਾਹੁੰਦੇ ਹਨ। ਇਥੇ ਨਾਗਰਿਕਾਂ ਅਤੇ ਵਿਦੇਸ਼ੀਆਂ ਲਈ ਖਾਸ ਐਪ ਬਣਾਉਣ, ਸੀ. ਸੀ. ਟੀ. ਵੀ. ਦੇ ਵਿਸ਼ਾਲ ਨੈੱਟਵਰਕ ਨਾਲ ਸਕਿਓਰਿਟੀ ਯਕੀਨੀ ਬਣਾਉਣ ਅਤੇ ਇੰਟੀਗ੍ਰੇਟਿਡ ਕਮਾਂਡ ਸਿਸਟਮ ਲਗਾਉਣ ਦੀ ਵੀ ਯੋਜਨਾ ਹੈ। 
ਬਨਾਰਸ ਵਿਚ 61 ਭੀੜ ਵਾਲੇ ਚੌਕ ਹਨ ਜਿਨ੍ਹਾਂ ਨੂੰ ਜਾਮ ਤੋਂ ਨਿਜਾਤ ਦਿਵਾਉਣ ਲਈ ਨਵੇਂ ਸਿਰੇ ਤੋਂ ਤਿਆਰ ਕੀਤੇ ਜਾਵੇਗਾ। ਉਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ. ਟੀ. ਐੱਮ. ਐੱਸ.) ਲਗਾਇਆ ਜਾਵੇਗਾ ਜਿਸ ਵਿਚ ਟ੍ਰੈਫਿਕ ਲਾਈਟ ਆਪਣੇ ਹਿਸਾਬ ਨਾਲ ਚੱਲੇਗੀ। ਪੈਦਲ ਚੱਲਣ ਵਾਲੇ ਯਾਤਰੀਆਂ ਲਈ ਸੜਕਾਂ 'ਤੇ ਪੇਲਿਕਨ ਲਾਈਟਾਂ ਲਗਾਈਆਂ ਜਾਣਗੀਆਂ।

 


Related News