ਇੰਝ ਹੋਈਆਂ ਇੱਕ ਫੈਸਲੇ ਨਾਲ ਦੋ ਹਨੇਰੀਆਂ ਜ਼ਿੰਦਗੀਆਂ ਰੌਸ਼ਨ

09/15/2017 4:27:18 PM

ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਮਾਂ ਬੇਹੱਦ ਚਿੰਤਾ ਭਰਿਆ ਲੰਘ ਰਿਹਾ ਸੀ ਕਿਉਂਕਿ ਸਭ ਮੇਰੇ ਪਿਤਾ ਜੀ ਦੇ ਚੱਲ ਰਹੇ ਗੰਭੀਰ ਇਲਾਜ਼ ਕਾਰਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਸਨ। ਮੇਰਾ ਖੁਦ ਵੀ ਕਿਸੇ ਕੰਮ ਵਿੱਚ ਮਨ ਨਹੀਂ ਸੀ ਲੱਗ ਰਿਹਾ।ਪਰਿਵਾਰ ਦੇ ਕੁਝ ਮੈਂਬਰ ਤਾਂ ਮੋਗਾ ਸ਼ਹਿਰ ਵਿੱਖੇ ਉਸ ਹਸਪਤਾਲ ਵਿੱਚ ਸਨ ਜਿੱਥੇ ਮੇਰੇ ਪਿਤਾ ਜੀ ਦਾ ਇਲਾਜ਼ ਚੱਲ ਰਿਹਾ ਸੀ ਅਤੇ ਮੈਂ ਬਾਕੀ ਪਰਿਵਾਰ ਨਾਲ ਆਪਣੇ ਘਰ ਵਿੱਚ ਸੀ।ਆਪਣੇ ਪਿਤਾ ਜੀ ਦਾ ਹਾਲ-ਚਾਲ ਵੇਖਣ ਅਸੀਂ ਵੀ ਕੁਝ ਕੁ ਦਿਨਾਂ ਬਾਅਦ ਲਗਾਤਾਰ ਮੋਗਾ ਸ਼ਹਿਰ ਜਾ ਕੇ ਆ ਰਹੇ ਸੀ ਕਿਉਂਕਿ ਉਨ੍ਹਾਂ ਦਾ ਇਲਾਜ਼ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ। ਹਸਪਤਾਲ ਵਿੱਚ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਦਾ ਯਕੀਨ ਹੋ ਜਾਣ ਤੇ ਅਤੇ ਮੇਰੇ ਮਾਤਾ ਜੀ ਦੇ ਅਜਿਹਾ ਕਹਿਣ ਤੇ ਕਿ ਹਸਪਤਾਲ 'ਚ ਮੇਰੇ ਪਿਤਾ ਜੀ ਕੋਲ ਉਹ ਖੁਦ ਤੇ ਮੇਰਾ ਭਰਾ ਰਹਿਣਗੇ, ਮੈਂ  ਬਾਕੀ ਪਰਿਵਾਰ ਨੂੰ ਲੈ ਕੇ ਫਿਰ ਆਪਣੇ ਸ਼ਹਿਰ ਵਾਪਸ ਆ ਜਾਂਦਾ। ਇੱਕ ਜਾਂ ਦੋ ਦਿਨ ਬਾਅਦ ਮੈਂ ਫਿਰ ਜ਼ਰੂਰਤ ਦਾ ਸਾਮਾਨ ਲੈ ਕੇ ਹਸਪਤਾਲ ਜਾਣਾ ਹੁੰਦਾ ਸੀ।ਜਾਣ ਲੱਗਿਆਂ ਮੈਂ ਪਤਨੀ ਅਤੇ ਬੱਚਿਆਂ ਨੂੰ ਵੀ ਨਾਲ ਲੈ ਜਾਂਦਾ ਤਾਂ ਜੋ ਉਹ ਵੀ ਮੇਰੇ ਪਿਤਾ ਦਾ ਹਾਲ-ਚਾਲ ਵੇਖ ਸਕਣ। ਕਾਫੀ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ।ਉਨ੍ਹਾਂ ਦਿਨਾਂ 'ਚ ਮੈਂ ਸੋਚਦਾ ਕਿ ਇਹ ਸ਼ਾਇਦ ਮੇਰੇ ਪਰਿਵਾਰ ਲਈ ਮਾੜ੍ਹੇ ਦਿਨ ਚੱਲ ਰਹੇ ਹਨ, ਪਰ ਮਾੜ੍ਹਾ ਸਮਾਂ ਜਲਦੀ ਖਤਮ ਹੋ ਜਾਵੇਗਾ ਅਤੇ ਮੇਰੇ ਪਰਿਵਾਰ ਲਈ ਚੰਗਾ ਸਮਾਂ ਜਲਦੀ ਮੁੜ ਆਵੇਗਾ।    
ਪਿਤਾ ਜੀ ਦੇ ਇਲਾਜ ਦੌਰਾਨ ਅਚਾਨਕ ਇੱਕ ਦਿਨ ਮੇਰੇ ਭਰਾ ਦਾ ਮੈਨੂੰ ਫੋਨ ਆਇਆ ਕਿ ਪਿਤਾ ਜੀ ਦੀ ਤਬੀਅਤ ਅਚਾਨਕ ਕਾਫੀ ਵਿਗੜ ਗਈ ਹੈ ਤੇ ਡਾੱਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ।ਅਸੀਂ ਇੱਕ ਵਾਰ ਫਿਰ ਤੋਂ ਚਿੰਤਾ ਨਾਲ ਘਿਰ ਗਏ।ਮੈਂ ਫਿਰ ਤੋਂ ਮੇਰੇ ਪਿਤਾ ਜੀ ਕੋਲ ਹਸਪਤਾਲ ਪਹੁੰਚਣ ਲਈ ਤਿਆਰੀ ਕਰਨ ਲੱਗਿਆ ਤੇ ਮੈਂ ਭਰਾ ਨੂੰ ਇਹ ਦੱਸਣ ਲਈ ਫੋਨ ਕਰਨ ਬਾਰੇ ਸੋਚਿਆ ਕਿ ਮੈਂ ਉਨ੍ਹਾਂ ਕੋਲ ਜਲਦ ਹੀ ਪਹੁੰਚ ਜਾਵਾਂਗਾ, ਪਰ ਕੁਦਰਤ ਨੇ ਤਾਂ ਸ਼ਾਇਦ ਕੁਝ ਹੋਰ ਹੀ ਤਹਿ ਕਰ ਰੱਖਿਆ ਸੀ।
ਇਸ ਤੋਂ ਪਹਿਲਾਂ ਕਿ ਮੈਂ ਫੋਨ ਕਰਦਾ, ਮੇਰੇ ਭਰਾ ਦਾ ਹੀ ਮੈਨੂੰ ਫੋਨ ਆ ਗਿਆ ਤੇ ਉਸ ਨੇ ਮੈਨੂੰ ਰੋਂਦਿਆਂ ਹੋਇਆਂ ਦੱਸਿਆ ਕਿ ਮੇਰੇ ਪਿਤਾ ਜੀ ਸਾਡੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਇਹ ਖਬਰ ਮੇਰੇ ਉੱਤੇ ਅਸਮਾਨੀ ਬਿਜਲੀ ਵਾਂਗ ਡਿੱਗੀ, ਪਰ ਕੁਦਰਤ ਦੇ ਭਾਣੇ ਨੂੰ ਮੰਨਣ ਤੋਂ ਬਿਨ੍ਹਾਂ ਕੁਝ ਕੀਤਾ ਵੀ ਨਹੀਂ ਸੀ ਜਾ ਸਕਦਾ।ਜਦੋਂ ਮੈਂ ਮੇਰੇ ਭਰਾ ਨੂੰ ਫਿਰ ਤੋਂ ਫੋਨ ਕਰ ਕੇ ਦੱਸਿਆ ਕਿ ਮੈਂ ਮੇਰੇ ਮਾਤਾ ਜੀ ਅਤੇ ਭਰਾ ਕੋਲ ਆਉਣ ਲਈ ਮੇਰੇ ਸ਼ਹਿਰੋਂ ਚੱਲਣ ਲੱਗਿਆਂ ਹਾਂ ਤਾਂ ਉਸ ਨੇ ਕਿਹਾ ਕਿ ਮੈਨੂੰ ਉਨ੍ਹਾਂ ਕੋਲ ਜਾਣ ਲਈ ਮੇਰੇ ਸ਼ਹਿਰੋਂ ਚੱਲਣ ਦੀ ਲੋੜ ਨਹੀਂ ਕਿਉਂਕਿ ਜੋ ਕੁਦਰਤ ਨੂੰ ਮੰਜ਼ੂਰ ਸੀ ਉਹ ਤਾਂ ਹੋ ਹੀ ਚੁੱਕਿਆ ਸੀ।ਇਸ ਤੋਂ ਇਲਾਵਾ ਉਸ ਨੇ ਮੈਨੂੰ ਕਿਹਾ ਕਿ ਉਹ ਤੇ ਮੇਰੇ ਮਾਤਾ ਜੀ ਮੇਰੇ ਪਿਤਾ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਕਰਨ ਲਈ ਸਾਡੇ ਸ਼ਹਿਰ ਹੀ ਲਿਆ ਰਹੇ ਸਨ, ਇਸ ਲਈ ਉਸ ਨੇ ਮੈਨੂੰ ਮੇਰੇ ਘਰ ਰਹਿ ਕੇ ਸਾਰੇ ਦੋਸਤਾਂ-ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸਾਡੇ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਬਾਰੇ ਦੱਸਣ ਅਤੇ ਉਨ੍ਹਾਂ ਦੇ ਪੁੱਜਣ ਤੇ ਲੋੜੀਂਦੇ ਬਾਕੀ ਦੇ ਇੰਤਜ਼ਾਮ ਕਰਨ ਲਈ ਕਿਹਾ।
ਮੈਂ ਬੜੇ ਦੁਖੀ ਮਨ ਨਾਲ ਸਾਰੇ ਰਿਸ਼ਤੇਦਾਰਾਂ ਅਤੇ ਪਰਿਵਾਰਿਕ ਦੋਸਤਾਂ ਨੂੰ ਫੋਨ ਕਰ ਦਿੱਤਾ।ਮੇਰੇ ਕੁਝ ਗੁਆਂਢੀ ਅਤੇ ਕਰੀਬੀ ਮਿੱਤਰ ਮੇਰਾ ਫੋਨ ਜਾਣ ਤੇ ਤੁਰੰਤ ਮੇਰੇ ਘਰ ਆ ਗਏ।ਹਰ ਕੋਈ ਮੇਰੇ ਕੋਲ ਅਫਸੋਸ ਜਾਹਿਰ ਕਰ ਰਿਹਾ ਸੀ।ਤਕਰੀਬਨ ਡੇਢ ਕੁ ਘੰਟੇ ਮਗਰੋਂ ਮੇਰਾ ਭਰਾ ਅਤੇ ਮੇਰੇ ਮਾਤਾ ਜੀ ਇੱਕ ਐਂਬੂਲੈਂਸ 'ਚ ਮੇਰੇ ਪਿਤਾ ਦੀ ਮ੍ਰਿਤਕ ਦੇਹ ਨਾਲ ਸਾਡੇ ਘਰ ਪੁੱਜ ਗਏ।ਅਸੀਂ ਪਿਤਾ ਜੀ ਦੀ ਰੈਫਰਿਜਰੇਸ਼ਨ ਮਸ਼ੀਨ ਉੱਤੇ ਰੱਖੀ ਮ੍ਰਿਤਕ ਦੇਹ ਐਂਬੂਲੈਂਸ ਤੋਂ ਉਤਾਰ ਕੇ ਸਾਡੇ ਘਰ ਅੰਦਰ ਰੱਖ ਲਈ। ਜੋ ਵੀ ਕੋਈ ਕਰੀਬੀ ਦੋਸਤ ਜਾਂ ਰਿਸ਼ਤੇਦਾਰ ਸਾਡੇ ਘਰ ਪਹੁੰਚ ਰਹੇ ਸਨ, ਉਹ ਸਾਰੇ ਘਰ ਅੰਦਰ ਦਰ੍ਹੀਆਂ ਉੱਪਰ ਆ ਕੇ ਬੈਠ ਰਹੇ ਸਨ।ਸਾਰੇ ਘਰ ਵਿੱਚ ਦੁੱਖ ਦਾ ਮਾਹੋਲ ਸੀ।
ਮੇਰੇ ਕੋਲ ਮੇਰਾ ਇੱਕ ਮਿੱਤਰ ਬੈਠਾ ਸੀ ਜੋ ਮੇਰੇ ਨਾਲ ਹੀ ਨੌਕਰੀ ਕਰਦਾ ਸੀ।ਉਸ ਨੇ ਮੇਰੇ ਨਜ਼ਦੀਕ ਹੋ ਕੇ ਹੌਲੀ ਜਿਹੀ ਆਵਾਜ਼ 'ਚ ਮੈਨੂੰ ਕਿਹਾ, “ਪਰਮਾਤਮਾ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ ਅਤੇ ਜੋ ਇਨਸਾਨ ਇਹ ਦੁਨੀਆਂ ਛੱਡ ਜਾਂਦਾ ਹੈ ਉਹ ਵਾਪਿਸ ਤਾਂ ਆ ਨਹੀਂ ਸਕਦਾ। ਇਨਸਾਨ ਦੀ ਮ੍ਰਿਤਕ ਦੇਹ ਨੇ ਅੱਗ ਦੀ ਭੇਂਟ ਚੜ੍ਹ ਕੇ ਖਤਮ ਹੋ ਜਾਣਾ ਹੁੰਦਾ ਏ, ਪਰ ਜੇਕਰ ਤੁਹਾਡੇ ਪਰਿਵਾਰ ਦੀ ਸਲਾਹ ਬਣੇ ਤਾਂ ਤੁਸੀਂ ਤੁਹਾਡੇ ਪਿਤਾ ਦੇ ਨੇਤਰ ਦਾਨ ਕਰ ਸਕਦੇ ਹੋਂ।ਇਸ ਤਰ੍ਹਾਂ ਉਨ੍ਹਾਂ ਦੀਆਂ ਅੱਖਾਂ ਉਨ੍ਹਾਂ ਤੋਂ ਬਾਅਦ ਵੀ ਇਸ ਦੁਨੀਆ ਨੂੰ ਵੇਖਣਗੀਆਂ। ਜਿੱਥੇ ਦੁਨੀਆਂ ਤੋਂ ਜਾਣ ਲੱਗਿਆਂ ਉਨ੍ਹਾਂ ਵੱਲੋਂ ਇੰਨਾ ਵੱਡਾ ਦਾਨ ਹੋਵੇਗਾ ਕਿਉਂਕਿ ਕਿਸੇ ਦੀ ਹਨੇਰੀ ਦੁਨੀਆ 'ਚ ਅੱਖਾਂ ਨਾਲ ਰੋਸ਼ਨੀ ਆ ਜਾਵੇਗੀ, ਉੱਥੇ ਤੁਹਾਡੇ ਪਿਤਾ ਦੇ ਨੇਤਰਾਂ ਰੂਪੀ ਉਨ੍ਹਾਂ ਦੀ ਨਿਸ਼ਾਨੀ ਤੇ ਉਨ੍ਹਾਂ ਦੀ ਯਾਦ ਉਨ੍ਹਾਂ ਮਗਰੋਂ ਵੀ ਦੁਨੀਆਂ ਵਿੱਚ ਰਹੇਗੀ।
ਮੇਰੇ ਮਿੱਤਰ ਵੱਲੋਂ ਦਿੱਤੀ ਗਈ ਸਲਾਹ ਦਾ ਇੱਕ-ਇੱਕ ਸ਼ਬਦ ਮੇਰੇ ਦਿਲ ਨੂੰ ਛੂ ਗਿਆ।ਮੈਂ ਮੇਰੇ ਮਾਤਾ ਜੀ ਅਤੇ ਬਾਕੀ ਪਰਿਵਾਰ ਨਾਲ ਸਲਾਹ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ ਇਹ ਵੀ ਕਿਹਾ ਕਿ ਮੈਨੂੰ ਨੇਤਰ ਦਾਨ ਕਰਨ ਦੀ ਮੇਰੇ ਮਿੱਤਰ ਦੀ ਸਲਾਹ ਠੀਕ ਲੱਗੀ ਸੀ। ਇਸ ਤੇ ਮੇਰੇ ਮਾਤਾ ਜੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਵੀ ਸਹਿਮਤੀ ਜਤਾਈ।ਮੇਰੇ ਦਿਲ ਨੂੰ ਇਸ ਗੱਲੋਂ ਤਸੱਲੀ ਜਿਹੀ ਮਿਲ ਰਹੀ ਸੀ ਕਿ ਚੱਲੋ ਇੱਕ ਨੇਕ ਕੰਮ ਮੇਰੇ ਪਿਤਾ ਜੀ ਦੇ ਇਸ ਦੁਨੀਆ ਤੋਂ ਚਲੇ ਜਾਣ ਮਗਰੋਂ ਵੀ ਉਨ੍ਹਾਂ ਦੀਆਂ ਅੱਖਾਂ ਦਾਨ ਕਰਕੇ ਹੋਣ ਵਾਲਾ ਸੀ।
ਮੈਂ ਮੇਰੇ ਮਿੱਤਰ ਨੂੰ ਕਿਹਾ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਮੇਰੇ ਪਿਤਾ ਦੇ ਨੇਤਰ ਦਾਨ ਲਈ ਸਹਿਮਤੀ ਹੈ, ਪਰ ਇਹ ਕਿਵੇਂ ਹੋਵੇਗਾ ਜਾਂ ਇਸ ਲਈ ਕੀ ਇੰਤਜਾਮ ਕਰਨਾ ਪਵੇਗਾ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ।ਉਸ ਨੇ ਮੈਨੂੰ ਦੱਸਿਆ ਕਿ ਉਹ ਇੱਕ ਸਮਾਜ ਸੇਵੀ ਸੰਸਥਾ ਦਾ ਮੈਂਬਰ ਸੀ ਅਤੇ ਉਹ ਉਨ੍ਹਾਂ ਦੀ ਸੰਸਥਾ ਨਾਲ ਕੰਮ ਕਰ ਰਹੇ ਇੱਕ ਡਾੱਕਟਰ ਨੂੰ ਫੋਨ ਕਰਕੇ ਬੁਲਾ ਲਵੇਗਾ ਜੋ ਆ ਕੇ ਸਭ ਕੁਝ ਖੁਦ ਕਰ ਲਵੇਗਾ।ਮੇਰੇ ਕਹਿਣ ਤੇ ਉਸ ਨੇ ਡਾੱਕਟਰ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਡਾੱਕਟਰ ਨੇ ਆ ਕੇ ਸਾਡੇ ਸਾਹਮਣੇ ਹੀ 10 ਮਿੰਟ ਵਿੱਚ ਮੇਰੇ ਪਿਤਾ ਦੇ ਨੇਤਰ ਕੱਢ ਕੇ, ਮੇਰੇ ਕੋਲੋਂ ਫਰਿੱਜ ਵਿੱਚੋਂ ਬਰਫ ਮੰਗਵਾ ਕੇ ਇੱਕ ਬਕਸੇ ਵਿੱਚ ਬਰਫ ਭਰ ਕੇ ਉਸ ਉੱਪਰ ਇੱਕ ਡੱਬੀ ਵਿੱਚ ਰੱਖ ਦਿੱਤੇ।
ਡਾੱਕਟਰ ਨੇ ਜਾਣ ਲੱਗਿਆਂ ਸਾਨੂੰ ਦੱਸਿਆ ਕਿ ਉਹ ਅੱਖਾਂ ਤੁਰੰਤ ਲੁਧਿਆਣਾ ਵਿਖੇ ਬਣੇ ਇੱਕ ਹਸਪਤਾਲ ਦੇ ਆੱਈ ਬੈਂਕ ਵਿੱਚ ਭੇਜੀਆ ਜਾਣੀਆਂ ਸਨ ਤੇ ਅਗਲੇ ਹੀ ਦਿਨ ਆਪ੍ਰੇਸ਼ਨ ਰਾਹੀਂ ਦੋ ਅਲੱਗ-ਅਲੱਗ ਇਨਸਾਨਾਂ ਨੂੰ ਲਗਾ ਦਿੱਤੀਆਂ ਜਾਣੀਆਂ ਸਨ, ਕਿਉਂਕਿ ਅੱਖਾਂ ਕੱਢੇ ਜਾਣ ਮਗਰੋਂ ਥੋੜ੍ਹਾ ਸਮਾਂ ਹੀ ਠੀਕ ਰਹਿੰਦੀਆਂ ਹਨ। ਇਸ ਦੇ ਨਾਲ ਹੀ ਉਸ ਨੇ ਮੇਰੇ ਪਰਿਵਾਰ ਦਾ ਇਹ ਕਹਿ ਕੇ ਧੰਨਵਾਦ ਕੀਤਾ, “ਤੁਸੀਂ ਇੱਕ ਵਧੀਆ ਸੋਚ ਕਾਰਨ ਇੱਕ ਨੇਕ ਕੰਮ ਕੀਤਾ ਹੈ। ਅੱਖਾਂ ਲੈਣ ਲਈ ਲੋੜਵੰਦ ਲੋਕਾਂ ਦੀ ਲਿਸਟ ਤਾਂ ਸਾਡੇ ਕੋਲ ਕਾਫੀ ਲੰਬੀ ਹੈ, ਪਰ ਅੱਖਾਂ ਦਾਨ ਕਰਨ ਵਾਲੇ ਦਾਨੀ ਲੋਕ ਬਹੁਤ ਘੱਟ ਹਨ।ਇਨਸਾਨ ਇੱਕ ਅੱਖ ਨਾਲ ਵੀ ਇਸ ਦੁਨੀਆ ਨੂੰ ਦੇਖ ਸਕਦਾ ਹੈ, ਇਸੇ ਕਾਰਨ ਅਸੀਂ ਇੱਹ ਅੱਖਾਂ ਦੋ ਇਨਸਾਨਾਂ ਦੇ ਇੱਕ-ਇੱਕ ਲਗਾ ਦਿਆਂਗੇ ਤਾਂ ਕਿ ਦੋ ਇਨਸਾਨਾਂ ਦੀ ਹਨੇਰੀ ਦੁਨੀਆ 'ਚ ਉਜਾਲਾ ਹੋ ਸਕੇ।“
ਉਸ ਸਮਾਜ ਸੇਵੀ ਸੰਸਥਾ ਦੀ ਰਿਵਾਇਤ ਮੁਤਾਬਕ ਉਹ ਦੋਵੇਂ ਇਨਸਾਨ ਜਿਨ੍ਹਾਂ ਨੂੰ ਮੇਰੇ ਪਿਤਾ ਦੇ ਨੇਤਰ ਦਿੱਤੇ ਗਏ ਸਨ, ਮੇਰੇ ਪਿਤਾ ਦੇ ਭੋਗ ਮੌਕੇ ਮੇਰੇ ਪਰਿਵਾਰ ਦਾ ਧੰਨਵਾਦ ਕਰਨ ਦਾ ਆਪਣਾ ਫਰਜ਼ ਨਿਭਾਉਣ ਪਹੁੰਚੇ ਤਾਂ ਉਨਾਂ ਦੀਆਂ ਅੱਖਾਂ 'ਚ ਆਪਣੇ ਪਿਤਾ ਦੀ ਯਾਦ ਟੋਲਦਾ ਮੈਂ ਸੋਚ ਰਿਹਾ ਸੀ ਕਿ ਮੇਰੇ ਪਰਿਵਾਰ ਦੇ ਇੱਕ ਸਹੀ ਫੈਸਲੇ ਨੇ ਸੱਚ-ਮੁੱਚ ਹੀ ਦੋ ਹਨੇਰੀਆਂ ਜ਼ਿੰਦਗੀਆਂ ਰੌਸ਼ਨ ਕਰ ਦਿੱਤੀਆਂ ਸਨ।  
ਪਤਾ:  ਬੰਦ ਗਲੀ, ਸਦਰ ਬਜ਼ਾਰ,
ਬਰਨਾਲਾ- 148101 (ਪੰਜਾਬ) 
ਰੋਹਿਤ ਪਲਤਾ (ਪ੍ਰਿੰਸੀਪਲ)
ਮੋਬਾਈਲ ਨੰ.78377-00375


Related News