ਕਦੋਂ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੀਆਂ ਔਰਤਾਂ ਤੇ ਬੱਚੀਆਂ

11/24/2017 3:52:16 PM

ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 70 ਸਾਲ ਹੋ ਚੁੱਕੇ ਹਨ।ਹਰ ਸਾਲ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਦੇਸ਼ ਦੀ ਆਜ਼ਾਦੀ ਵਾਲੇ ਦਿਨ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ।ਇਸ ਵਾਰ ਵੀ 15 ਅਗਸਤ ਨੂੰ ਹਰ ਜਗ੍ਹਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਪਰ ਸਮਝ ਨਹੀਂ ਆ ਰਹੀ ਕਿ ਸਾਡੇ ਦੇਸ਼ ਦੀਆਂ ਬੱਚੀਆਂ ਅਤੇ ਔਰਤਾਂ ਲਈ ਸੁਰੱਖਿਆ ਦਾ ਝੰਡਾ ਕਦੋਂ ਲਹਿਰਾਇਆ ਜਾਵੇਗਾ।ਪੰਜ ਸਾਲ ਪਹਿਲਾਂ ਦਿੱਲੀ ਦੀ ਇਕ ਚੱਲਦੀ ਬੱਸ ਵਿੱਚ ਘਿਨਾਉਣੇ ਜਬਰ ਦਾ ਸ਼ਿਕਾਰ ਲੜਕੀ ਜੋ ਅਜੇ ਜਿਊਣਾ ਚਾਹੁੰਦੀ ਸੀ,ਪੜ੍ਹਨਾ ਚਾਹੁੰਦੀ ਸੀ ਉਸ ਨੂੰ ਵਹਿਸ਼ੀਆਂ ਦੇ ਦਰਿੰਦਗੀ ਭਰੇ ਕਾਰੇ ਕਰਕੇ ਇਸ ਦੁਨੀਆਂ ਤੋਂ ਸਦਾ ਲਈ ਜਾਣਾ ਪਿਆ।ਉਸ ਦਿੱਲੀ ਵਾਲੀ ਘਟਨਾ ਤੋਂ ਬਾਅਦ ਸਾਡੇ ਦੇਸ਼ ਵਿੱਚ ਕਈ ਬੱਚੀਆਂ ਨਾਲ ਅਜਿਹੀਆਂ ਜਬਰ ਜਿਨਾਹ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਜੋ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਰਹਿ ਗਈਆਂ ਹਨ।ਕੋਈ ਵੀ ਸਰਕਾਰੀ ਅਧਿਕਾਰੀ ਜਾਂ ਕੋਈ ਬੁੱਧੀਜੀਵੀ ਇਸ ਦੇ ਹੱਲ ਲਈ ਅੱਗੇ ਨਹੀਂ ਆ ਰਿਹਾ।ਅਖਬਾਰ ਵਿੱਚ ਰੋਜ਼ਾਨਾ ਜਬਰ ਜਨਾਹ ਦੀ ਖਬਰ ਪੜ੍ਹ ਕੇ ਦੇਸ਼ ਵਾਸੀਆਂ ਦਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ ਅਤੇ ਇਹ ਕਹਿਣ ਲਈ ਮਂਬੂਰ ਕਰਦਾ ਹੈ ਕਿ ਭਾਵੇਂ ਔਰਤ ਨੂੰ ਮਰਦ ਦੀ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ ਪਰ ਫਿਰ ਵੀ ਔਰਤਾਂ ਇਨ੍ਹਾਂ ਲੋਕਾਂ ਤੋਂ ਸੁਰੱਖਿਅਤ ਨਹੀਂ ਹਨ।ਵੱਡਿਆਂ ਘਰਾਂ ਦੇ ਕਾਕੇ ਜਾਂ ਮੰਤਰੀਆਂ ਦੇ ਵਿਗੜੇ ਕਾਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਜਰਾ ਵੀ ਦੇਰੀ ਨਹੀਂ ਕਰਦੇ,ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਇੱਕ ਲੜਕੀ ਨਾਲ ਹੋਈ ਘਟਨਾ ਇਸ ਗੱਲ ਦਾ ਗਵਾਹ ਹੈ। 
ਜ਼ਬਰ ਜਨਾਹ ਦੀ ਸ਼ਿਕਾਰ ਹੋਈ ਔਰਤ ਦੇ ਦਿਲ ਨੂੰ ਜੋ ਠੇਸ ਪਹੁੰਚਦੀ ਹੈ,ਇਹ ਅਪਰਾਧ ਕਰਨ ਵਾਲੇ ਮਰਦ ਨਹੀਂ ਸਮਝ ਸਕਦੇ।ਹਰੇਕ ਭਰਾ ਰੱਖੜੀ ਦੇ ਤਿਉਹਾਰ ਤੇ ਆਪਣੀ ਭੈਣ ਤੋਂ ਰੱਖੜੀ ਬੰਨ੍ਹਾਉਣ ਸਮੇਂ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕਦਾ ਹੈ ਪਰ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਮਾੜੀਆਂ ਨਜ਼ਰਾਂ ਨਾਲ ਦੇਖਦਾ ਹੈ,ਇਨ੍ਹਾਂ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ।ਪਸ਼ਬਿਰਤੀ ਦੇ ਸ਼ਿਕਾਰ ਬੰਦੇ ਵੱਲੋਂ ਛੋਟੀਆਂ ਛੋਟੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦੇਣੀ,ਇਹੋ ਜਿਹੇ ਘਿਨਾਉਣੇ ਜ਼ੁਰਮ ਦੀ ਜ਼ਿੰਮੇਵਾਰੀ ਕੌਣ ਚੁੱਕੇਗਾ।ਇਹੋ ਔਰਤਾਂ ਸਰਹੱਦ ਤੇ ਪਹਿਰਾ ਦਿੰਦੀਆਂ ਹਨ,ਹਰ ਇਕ ਮਹਿਕਮੇ ਵਿੱਚੋਂ ਉੱਚ ਅਹੁਦੇ ਤੇ ਪਹੁੰਚੀਆਂ ਹਨ,ਪਰ ਕਈ ਦਫਤਰਾਂ ਵਿੱਚ ਕੰਮ ਕਰਦੀ ਔਰਤ ਫਿਰ ਮਰਦ ਦਾ ਸ਼ਿਕਾਰ ਹੋ ਜਾਂਦੀ ਹੈ।ਹੁਣ ਸਵਾਲ ਉੱਠਦਾ ਹੈ ਕਿ ਇਨ੍ਹਾਂ ਦੀ ਸੁਰੱਖਿਆ ਕੌਣ ਕਰੇਗਾ।ਸਾਡੇ ਦੇਸ਼ ਵਿੱਚ ਭਰੂਣ ਹੱਤਿਆ ਤੇ ਰੋਕ ਲਗਾ ਕੇ ਵਧੀਆ ਕਾਨੂੰਨ ਬਣਾਏ ਗਏ ਹਨ,ਪਰ ਸਵਾਲ ਇਹ ਉੱਠਦੇ ਹਨ ਕਿ ਔਰਤਾਂ ਅਤੇ ਬੱਚੀਆਂ ਨਾਲ ਹੋ ਰਹੇ ਜਬਰ ਜਨਾਹ ਤੇ ਕਦੋਂ ਰੋਕ ਲੱਗੇਗੀ ਅਤੇ ਕਦੋਂ ਇਨ੍ਹਾਂ ਤੇ ਸਖਤ ਕਾਨੂੰਨ ਬਣਾ ਕੇ ਲਾਗੂ ਕੀਤੇ ਜਾਣਗੇ।
ਲੋੜ ਹੈ ਅਜਿਹੇ ਦਰਿੰਦਿਆਂ ਨੂੰ ਬਿਨ੍ਹਾਂ ਦੇਰੀ ਫਾਂਸੀ ਦੀ ਸਜ਼ਾ ਸੁਣਾਈ ਜਾਵੇ,ਤਾਂ ਕਿ ਅੱਗੇ ਤੋਂ ਕੋਈ ਹੋਰ ਇਹੋ ਜਿਹੀ ਘਿਨਾਉਣੀ ਹਰਕਤ ਕਰਨ ਦੀ ਸੋਚ ਵੀ ਨਾ ਸਕੇ।ਦੂਜੇ ਪਾਸੇ ਸਾਰੇ ਵਕੀਲਾਂ ਨੂੰ ਇਕਜੁੱਟ ਹੋ ਕੇ ਤੈਅ ਕਰ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਘਿਨਾਉਣਾ ਜੁਰਮ ਕਰਨ ਵਾਲੇ ਦਾ ਕੋਈ ਵੀ ਕੇਸ ਨਹੀਂ ਲੜੇਗਾ।ਲੋੜ ਹੈ ਦੇਸ਼ ਦੇ ਹਰ ਸਕੂਲ ਵਿੱਚ ਬੱਚੀਆਂ ਨੂੰ ਮਾਰਸ਼ਲ ਆਰਟ ਦੀ ਸਿਖਲਾਈ ਦੇਣ ਦਾ ਇਕ ਵਿਸ਼ਾ ਜ਼ਰੂਰ ਹੋਵੇ ਤਾਂ ਕਿ ਵਹਿਸ਼ੀ ਦਰਿੰਦਿਆਂ ਤੋਂ ਬਚਣ ਲਈ ਇਕ ਔਰਤ ਆਪਣੀ ਸੁਰੱਖਿਆ ਲੋੜ ਪੈਣ ਤੇ ਕਰ ਸਕੇ।ਦੇਸ਼ ਅੰਦਰ ਜਬਰ ਜਨਾਹ ਸਬੰਧੀ ਹੋ ਰਹੇ        ਮੁਜ਼ਾਹਰੇ,ਰੋਸ ਰੈਲੀਆਂ ਅਤੇ ਧਰਨਿਆਂ ਦਾ ਤਾਂ ਹੀ ਫਾਇਦਾ ਹੈ,ਜੇਕਰ ਇਕ ਵਾਰ ਵੱਡੇ ਪੱਧਰ ਤੇ ਅੱਗੇ ਹੋ ਕੇ ਇਸ ਨੂੰ ਰੋਕਣ ਲਈ ਕੋਈ ਠੋਸ ਫੈਸਲੇ ਲਏ ਜਾਣ ਤਾਂ ਕਿ ਜਬਰ ਜਨਾਹ ਵਰਗੇ ਨਾ ਸਹਿਣਯੋਗ ਦਾ ਸਾਡੇ ਦੇਸ਼ ਵਿੱਚੋਂ ਖਾਤਮਾ ਹੋ ਸਕੇ।ਆਓ ਆਪਾਂ ਸਾਰੇ ਰਲ ਕੇ ਦੇਸ਼ ਦੀਆਂ ਔਰਤਾਂ ਨੂੰ ਸੁਰੱਖਿਆ ਪ੍ਰਧਾਨ ਕਰੀਏ ਤੇ ਇਸ ਵਾਰ ਆਪਣੇ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ ਲਈ ਦੇਸ਼ ਦਾ ਝੰਡਾ ਸ਼ਾਨ ਨਾਲ ਲਹਿਰਾਈਏ।
ਸ਼ਮਸ਼ੇਰ ਸਿੰਘ ਸੋਹੀ 
ਮੋਬਾਈਲ 9876474671


Related News