ਕੀ ਸਮਝਦੇ ਹੋ ਇਹਨਾਂ ਨੂੰ

05/18/2017 5:08:31 PM

 ਕੀ ਸਮਝਦੇ ਹੋ ਇਹਨਾਂ ਨੂੰ

ਅਜੇ ਤਾਂ ਸੀਸ ਗੰਜ ਦਾ ਲਹੂ ਨਾਲ ਚੌਂਕ ਚੋਂਦਾ ਹੈ
ਅਜੇ ਤਾਂ ਦਿੱਲੀ ਰੋਂਦੀ 2 ਦੱਸ ਰਹੀ ਹੈ
ਇਕ-2 ਉੱਜੜੀ ਗਲੀ ਦਾ ਮਰਸੀਆ
ਅਜੇ ਤਾਂ ਮੇਰੇ ਬੱਚੇ
ਨੰਨਿਆਂ ਦੇ ਹੱਥਾਂ ''ਚ ਫ਼ੜੇ ਹੋਏ ਨੇ
ਬਾਪੂਆਂ ਦੀਆਂ ਚਿਖਾਵਾਂ ਲਈ ਮੁਆਤੇ
 
ਨਵੇਂ ਸੱਜਰੇ ਸੂਰਜ ਨੂੰ ਛੁਹ ਕੇ ਲਿਖੇ ਜਾਂਦੇ ਨੇ ਸੁਫ਼ਨੇ
ਬੰਦ ਅੱਖਾਂ ਕਦ ਮਾਣਦੀਆਂ ਨੇ ਖਾਬਾਂ ਦੇ ਪੰਘੂੜੇ
 
ਪਲਕਾਂ ਨਾਲ ਜੇ ਗੱਲ ਕਰਨੀ ਹੈ ਤਾਂ
ਦਿਨ ਚੜੇ ਕਰਿਓ
 
ਤੁਸੀਂ ਆਪਸ ''ਚ ਲੜ੍ਹ-2
ਗੁਆ ਲੈਣੀ ਹੈ ਜੁਆਨੀ
ਤੁਸੀਂ ਬਿਨ ਖਰਚਿਆਂ ਗੁਆ ਦੇਣੀ ਹੈ ਹੱਥੋਂ ਦੁਆਨੀ
 
ਕਦੇ ਦੇਖੋ ਤਾਂ ਸਹੀ ਸੱਚੇ ਪਾਤਸ਼ਾਹ ਨੂੰ
ਸੁਰਖ਼ ਤਵੀ ਵੱਲ ਜਾਂਦਿਆਂ
ਉੱਬਲਦੀ ਦੇਗ ਨੂੰ ਛੁਹਦਿਆਂ ਤਾਂ ਪੜ੍ਹੋ
ਭਾਨੀ ਮਾਂ ਦੇ ਸੁਨੇਹੇ ਨੂੰ
 
ਗੀਤ ਜੇ ਰੋਂਦੇ ਵਿਲਕਦੇ ਗੁਆਚੇ ਲੱਭਣੇ ਹਨ
ਤਾਂ ਆਪਣੇ ਹੀ ਮਹਾਨ ਦੇਸ਼ ਦੇ ਸ਼ਹਿਰਾਂḔ''ਚ ਜਾਇਓ
ਜਿਹਨਾਂ ਦੀਆਂ ਸਵੇਰਾਂ ''ਤੇ ਰਾਤਾਂ ਦਾ ਭਲਾ ਮੰਗਦੇ
ਸਿਰ ਵਾਰ ਦਿੰਦੇ ਸਨ ਤੇਗ ਦੇ ਬਹਾਦਰ ਬਾਪੂ
 
ਸਜਾ ਕੇ ਘੱਲਦੇ ਸਨ ਸੂਰਜ
ਗੜ੍ਹੀ ਦੇ ਰਣ ਮੈਦਾਨਾਂ ''ਚ
ਬਾਵਜੂਦ ਦੀਆਂ ਟਹਿਣੀਆਂ ਦੇ ਪੱਤੇ
ਜਿਗਰ ਦੇ ਮਹਿਕਦੇ ਫੁੱਲ
ਤਾਰੀਖ਼ ਦੇ ਸਫ਼ੇ
ਕਲਗੀਆਂ ''ਤੇ ਤਾਜ਼
 
ਪੁੱਤਰਾਂ ਵਾਲਿਓ
ਕਦੇ ਹਿੱਕ ਨਾਲੋਂ ਲਾਹ ਕੇ
ਲਾਡਲਿਆਂ ਨੂੰ ਹੱਥੀਂ ਸਜਾ ਕੇ ਘੱਲਣ ਵਾਲੇ
ਕਿਸੇ ਬਾਪ ਦੇ ਯੁੱਧ ਦੇ ਪਲ ਯਾਦ ਕਰਿਓ
ਜਾਂ ਕਿਸੇ ਮਾਂ ਨੂੰ ਪੁੱਛਿਓ
ਸੀਨੇ ਨਾਲ ਲਾਏ ਹੀਰਿਆਂ ਵਰਗਾ ਮਲਾਲ
 
ਰੋਲ ਦਿੱਤੀ ਹੈ ਤੁਸੀਂ
ਸਰਹੰਦ ਦੀ ਕੰਧ ਦੀ ਇਕ-2 ਇੱਟ ਦੀ ਚੀਸ
ਗੁਆ ਦਿੱਤਾ ਹੈ
ਗੜ੍ਹੀ ਦੇ ਇਕ-2 ਤੀਰ ਦਾ ਨਗਮਾ
 
ਮਿਆਨ ''ਚ ਸੁੱਤੀ ਤਲਵਾਰ ਨਹੀਂ ਹੁੰਦੀ
ਹਿੱਕਾਂ ''ਚ ਮਰੀ ਲਲਕਾਰ ਨਹੀਂ ਹੁੰਦੀ
 
ਗੋਦੀਆਂ ''ਚ ਬਿਠਾ-2 ਪੁੱਤ ਚਿਣਾਏ ਨਹੀਂ ਜਾਂਦੇ
ਲਾਸ਼ਾਂ ਕੋਲ ਬਹਿ-2 ਦੁੱਖ ਸੁਣਾਏ ਨਹੀਂ ਜਾਂਦੇ
 
ਸਿਵਿਆਂ ਚਿਖਾਵਾਂ ''ਚੋਂ ਕਦੇ ਅਰਮਾਨ ਨਹੀਂ ਮੁੜੇ
ਇਨਸਾਨੀਅਤ ਦੇ ਟੁੱਟੇ ਸੂਰਜ ਕਦੇ ਸਾਂਹੀਂ ਨਹੀਂ ਜੁੜੇ
 
ਮੁਰਝਾਏ ਹੋਏ ਫੁੱਲਾਂ ਦੀਆਂ ਸਤਰਾਂ ਨਹੀਂ ਕੋਈ ਪੜ੍ਹਦਾ
ਬੁੱਤਾਂ ਕੋਲ ਕਿਹੜਾ ਬਹਿੰਦਾ ਕਿਹੜਾ ਪਲ ਖੜ੍ਹਦਾ
 
ਅਜੇ ਵੀ ਸਮਾਂ ਹੈ
ਇਤਿਹਾਸ ਦੇ ਬਹੁਤ ਨੇ ਅਜੇ ਥੱਲਣ ਵਾਲੇ ਪੰਨੇ
ਨਾਨਕ ਦੀ ਫ਼ਿਲਾਸਫ਼ੀ ਦੇ ਹੱਥ ਦਲੀਲ ਦੀ ਮਾਲਾ ਹੈ ਅਜੇ
ਕਿਰਤ ''ਤੇ ਸਿਮਰਨ ਦਾ ਰਾਗ ਹੈ ਓਹਦੀ ਰਬਾਬ ਦੀਆਂ ਤਾਰਾਂ ''ਤੇ
ਤਰਜ਼ਾਂ ''ਚ ਬਾਣੀ ਦਾ ਸ਼ਬਦ-2 ਵੱਗਦਾ ਹੈ ਅਜੇ
 
ਕਿਉਂ ਸੁੰਨ੍ਹੇ ਦਿੱਸ ਰਹੇ ਹਨ ਅਨੰਦਪੁਰ ਦੇ ਰਾਹ
ਕਿਸਨੇ ਛੁਪਾ ਲਈ ਹੈ ਮਾਛੀਵਾੜੇ ਦੇ ਜੰਗਲ ''ਚ
ਬਾਂਹ ਹੇਠ ਸੁੱਤੀ ਤਲਵਾਰ ਦੀ ਲਿਸ਼ਕ
 
ਜੈਕਾਰਿਆਂ ਦੇ ਪਰਚਮ ਅਰਸ਼ਾਂ ''ਚ ਨਾ ਗੁਆਓ
ਸੁੱਤੇ ਪਏ ਸੁਫਨੇ ਇਕ-ਦੋ ਹੀ ਜਗਾਓ
ਕਬਰਾਂ ''ਚ ਸੁੱਤੇ ਰਾਗ ਠੁੱਢੀ ਨਾ ਹਿਲਾਓ
 
ਲਪੇਟੋ ਸੰਭਾਲੋ ਚਿੱਟੀ ਚਾਦਰ ਦਾ ਸੀਸ
ਬੂਹੇ ''ਤੇ ਆਇਆ ਔਰੰਗਾ ਪਛਾਣੋ
ਜਹਾਂਗੀਰ ਖੜ੍ਹੇ ਨੇ ਬਲਦੀ ਰੇਤ ਦੇ ਜ਼ੁਲਮ ਲੈ ਕੇ
 
ਹਿੰਮਤ ਨਹੀਂ ਟੁਰੀ ਅਜੇ
ਰੰਗੜ ਦੇ ਪਿੰਡ ਵੱਲ
 
ਚਿੰਤਨ ਪੂਜੇ ਜਾਂਦੇ ਨੇ ਸਦਾ
ਮੱਥਿਆਂ ''ਚੋਂ ਜਾਗਦੀ ਹੈ ਲੋਅ
ਫ਼ਿਲਾਸਫੀ ਦੇ ਸਬਕ ਪੈਰੀਂ ਡੇਗਦੇ ਨੇ ਸੂਰਜਾਂ ਨੂੰ
ਦਲੀਲ ਦੀ ਮਾਲਾ ਲਾਉਂਦੀ ਹੈ ਸਿੱਧਾਂ ਨੂੰ ਪਛਤਾਵਾ 
 
ਇਹ ਸੱਭ ਮੇਰੀ ਕਾਇਆ ਝੱਲੀ ਕਹਿੰਦੀ ਹੈ
ਤਾਰੀਖ਼ ਦੇ ਬੂਹੇ ''ਚੋਂ ਪੜ੍ਹਿਆ ਹੈ ਇਹਨੇ
ਕਿਸੇ ਰਾਤ ਦੇ ਪਲਾਂ ''ਚ
ਉਨੀਂਦਰੀਆਂ ਅੱਖਾਂ ਨੇ ਦੇਖਿਆ ਸੀ ਸ਼ਾਇਦ
 
ਸਮਾਂ ਹੋਇਆ ਤਾਂ ਤੁਸੀਂ ਵੀ ਕਦੇ ਤੱਕ ਲੈਣਾ
ਅੰਗਿਆਰਾਂ ''ਤੇ ਪੈਰ ਰੱਖਣ ਤੋਂ ਪਹਿਲਾਂ
ਮੇਰੀਆਂ ਪੈੜਾਂ ''ਤੇ ਵੀ ਕਦੇ ਫਿਰ ਨੱਚ ਲੈਣਾ
 
ਦਿਲਾਂ ਨੂੰ ਨਫ਼ਰਤ ''ਚ ਡੋਬਣ ਵਾਲਾ ਕੋਈ ਤਾਂ ਹੈ
ਪਿਆਰ ਮੁਹੱਬਤ ਨੂੰ ਗਲੀਆਂ ''ਚੋਂ ਪੂੰਝਣ ਵਾਲਾ ਕੋਈ ਤਾਂ ਹੈ
ਸੱਖ ਇਤਿਹਾਸ ਨੂੰ ਅਕਾਦਮਿਕ ਸਿੱਖਿਆ ''ਚੋਂ
ਮਿਟਾਉਣ ਵਾਲਾ ਕੋਈ ਤਾਂ ਹੈ
ਕਾਲੇਪਾਣੀ ਦੀ ਜੇਲ ''ਚੋਂ
ਸਿੱਖੀ ਨੂੰ ਹੋਈਆਂ ਸਜ਼ਾਵਾਂ ਦਾ ਵਰਕਾ ਪਾੜਨ ਵਾਲਾ ਕੋਈ ਤਾਂ ਹੈ
 
ਸਿਰਾਂ ਦੀਆਂ ਕਹਾਣੀਆਂ ਮਿਟ ਰਹੀਆਂ ਹਨ
ਦਰਿਆਵਾਂ ''ਚੋਂ ਅਜੇ ਵੀ ਸੁਲ਼ਗਦੀ ਰਾਖ਼ ਗੁਆਈ ਜਾ ਰਹੀ ਹੈ
ਲਾਪਤਾ ਹੋ ਰਹੀਆਂ ਹਨ ਲਾਸ਼ਾਂ
ਇਤਿਹਾਸ ਦੇ ਸਫ਼ੇ ਸਾੜ ਰਿਹਾ ਹੈ ਵਕਤ

Related News