ਨਿੱਜੀ ਆਮਦਨ ਨੂੰ ਵਧਾਉਣ ਲਈ ਦੇਸ਼ ਦੇ ਭਵਿੱਖ ਨਾਲ ਕਰ ਰਹੇ ਨੇ ਕੋਝਾ ਮਜ਼ਾਕ

05/24/2017 2:54:23 PM


ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਕੁੱਝ ਸਾਲ ਪਹਿਲਾਂ ਸਰਕਾਰੀ ਸਕੂਲਾਂ 'ਚ ਵਿੱਦਿਆ ਦਾ ਮਿਆਰ ਘੱਟ ਹੋਣ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਉਚੇਰੀ ਵਿੱਦਿਆ ਗ੍ਰਹਿਣ ਕਰਨ ਲਈ ਦਾਖਲਾ ਕਰਵਾਉਂਦੇ ਸਨ ਜਿਸ ਕਾਰਨ ਪ੍ਰਾਈਵੇਟ ਸਕੂਲ ਲਗਭਗ ਹਰੇਕ ਪਿੰਡਾਂ ਅਤੇ ਸ਼ਹਿਰਾਂ 'ਚ ਹਰ ਗਲੀ ਵਿਚ ਖੁੱਲ ਗਏ ਸਨ। ਇਹ ਸੱਚ ਵੀ ਤਾਂ ਸੀ ਕਿਉਂਕਿ ਸਰਕਾਰੀ ਸਕੂਲਾਂ 'ਚ ਸਰਕਾਰ ਵੱਲੋਂ ਬਣਾਈਆਂ ਨਿਯਮਾਂ 'ਤੇ ਨਿਗਰਾਨੀ ਘੱਟ ਹੋਣ ਕਾਰਨ ਤਨਖ਼ਾਹਾਂ ਹਜ਼ਾਰਾਂ 'ਚ ਲੈ ਰਹੇ ਅਧਿਆਪਕ ਡਿਊਟੀ ਟਾਈਮ ਕੁੱਝ ਘੰਟਿਆਂ ਦੀ ਦੇ ਕੇ ਸਮਾਂ ਵਿਹਲ ਪੁਣੇ 'ਚ ਬਤੀਤ ਕਰਨ ਦੇ ਆਦੀ ਹੋ ਗਏ ਸਨ। ਸਰਕਾਰਾਂ ਦੁਆਰਾ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਨਵੀਨ ਨੀਤੀਆਂ ਅਨੁਸਾਰ ਸਖ਼ਤ ਹਿਦਾਇਤਾਂ ਬਣਾਈਆਂ ਗਈਆਂ ਅਤੇ ਵਿਸ਼ੇਸ਼ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ। ਅਧਿਆਪਕਾਂ ਦੀਆਂ ਠੇਕੇ 'ਤੇ ਭਰਤੀ ਕੀਤੇ ਜਾਣ ਨਾਲ 
ਹੁਣ ਅਧਿਆਪਕ ਵਿਦਿਆਰਥੀਆਂ ਨੂੰ ਸਖ਼ਤੀ ਅਤੇ ਮਿਹਨਤ ਨਾਲ ਪੜ੍ਹਾ ਰਹੇ ਹਨ ਪਰ ਮਾਪਿਆਂ ਦੇ ਮਨਾਂ 'ਚ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਉਣ ਦੀ ਇਕ ਦੇਖੋ ਦੇਖ ਰੀਤ ਜਿਹੀ ਬਣ ਗਈ ਹੈ ਜੋ ਕਿ ਅਜੇ ਵੀ ਬਰਕਰਾਰ ਹੈ ਅਤੇ ਮਾਪਿਆਂ ਦਾ ਸਟੇਟਸ ਵੀ ਬਣ ਗਿਆ ਹੈ ਕਿਉਂਕਿ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪੇ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਏ ਹਨ। ਚਾਹੇ ਸਰਕਾਰ ਲੱਖ ਅੱਜ-ਕਲ੍ਹ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਸਹੂਲਤਾਂ ਸਰਕਾਰੀ ਸਕੂਲਾਂ 'ਚ ਦੇਣ ਦਾ ਯਤਨ ਕਰ ਰਹੀ ਹੈ ਪਰ ਸ਼ਾਇਦ ਲੋਕਾਂ ਦੇ ਦਿਲਾਂ 'ਚ ਪਿਆ ਵਹਿਮ ਹੋਲੀ-ਹੋਲੀ ਹੀ ਦੂਰ ਹੋਵੇਗਾ ਪਰ ਇਸ ਦਾ ਲਾਭ ਜਿਨਾਂ ਪ੍ਰਾਈਵੇਟ ਸਕੂਲਾਂ ਨੂੰ ਹੋ ਰਿਹਾ ਹੈ ਅਤੇ ਉਹ ਆਪਣੀ ਆਮਦਨ ਦਾ ਸਾਧਨ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਰਾਹੀ ਮਾਪਿਆਂ ਤੋਂ ਲੈਣ ਲਈ ਜੋ ਕਿ ਭਾਰੀ ਦਾਖ਼ਲੇ ਫ਼ੀਸ ਤੋਂ ਇਲਾਵਾ ਵੀ ਕਈ ਇਹੋ ਜਿਹੇ ਖ਼ਰਚੇ ਫ਼ੰਡਾਂ ਦੇ ਰੂਪ 'ਚ ਵੀ ਲੈ ਰਹੇ ਹਨ ਜੋ ਕਿ ਦਾਖ਼ਲੇ ਦੇ ਸਮੇਂ ਨਹੀਂ ਦੱਸੇ ਜਾਂਦੇ ਜੋ ਕਿ ਬੇਫਜੂਲ ਹਨ ਜਿਨਾਂ ਨੂੰ 
ਦਿਨ-ਭਰ-ਦਿਨ ਵਧਾਇਆ ਜਾ ਰਿਹਾ ਹੈ ਉਸ ਤੋਂ ਅਣਜਾਣ ਮਾਪੇ ਆਪਣੇ ਬੱਚੇ ਦੇ ਭਵਿੱਖ ਨੂੰ ਉੱਜਵਲ ਹੋਣ ਦੇ ਸੁਪਨੇ ਦੇਖ ਰਹੇ ਹਨ। ਦਾਸ ਅਗਰ ਆਪਣੇ ਅਸਲ ਮੁੱਦੇ 'ਤੇ ਆਵੇ ਤਾਂ ਕਈ ਸਵਾਲ ਮੇਰੇ ਮਨ 'ਚ ਆ ਜਾਂਦੇ ਹਨ ਜਿਵੇਂ ਕਿ ਇਹਨਾਂ ਸਕੂਲਾਂ 'ਚ ਵਿੱਦਿਆ ਦੇ ਰਹੇ ਅਧਿਆਪਕਾਵਾਂ ਦੀਆਂ ਯੋਗਤਾਵਾਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਪੂਰਨ ਹਨ, ਕੀ ਉਨਾਂ ਕੋਲ ਕੋਈ ਪੂਰਵਕ ਤਜਰਬਾ ਹੁੰਦਾ ਹੈ ,ਕੀ ਟਰਾਂਸਪੋਰਟ ਦੀ ਸਹੂਲਤਾਂ ਸਰਕਾਰ ਦੁਆਰਾ ਦਿੱਤੇ ਨਿਰਦੇਸ਼ਾਂ ਮੁਤਾਬਿਕ ਪੂਰਨ ਹਨ, ਕੀ ਇਹਨਾਂ ਸਕੂਲਾਂ 'ਚ ਕੋਈ ਪਲੇਅਗਰਾਉੰਡ ਦੀਆਂ ਸਹੂਲਤਾਂ ਖੇਡਾਂ ਅਨੁਸਾਰ ਹਨ, ਕੀ ਅੱਗ ਬੁਝਾਉਣ ਜਾਂ ਮੁੱਢਲੀ ਸਿਹਤ ਸਹੂਲਤਾਂ ਤੋ ਇਲਾਵਾ ਕੋਈ ਇਹੋ ਜਿਹੇ ਸਮਾਗਮ ਕਰਵਾਏ ਜਾਂਦੇ ਹਨ ਜਿਸ ਨਾਲ ਵਿਦਿਆਰਥੀਆਂ ਦਾ ਸਰੀਰਕ 'ਤੇ ਬੌਧਿਕ ਵਿਕਾਸ ਹੋ ਸਕੇ। ਇਹੋ ਜਿਹੇ ਹਜ਼ਾਰਾਂ ਸਵਾਲਾਂ ਦੇ ਘੇਰਿਆਂ 'ਚ ਫਸਿਆ ਦਾਸ ਆਪਣੇ ਆਪ ਹੀ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦਾ ਯਤਨ ਕਰਦਾ ਰਹਿੰਦਾ ਹੈ ਕਿਉਂਕਿ ਇਹੋ ਜਿਹੀਆਂ ਸਰਗਰਮੀਆਂ ਸਿਰਫ਼ ਇਕ ਆਮਦਨ ਨੂੰ ਵਧਾਉਣ ਦੇ ਰੂਪ ਵਿਚ ਹੀ ਕਰਵਾਈਆਂ ਜਾਂਦੀਆਂ ਹਨ। ਚਾਹੇ ਸਰਕਾਰੀ ਸਕੂਲਾਂ 'ਚ ਪਹਿਲਾਂ ਪੜ੍ਹੇ ਵਿਦਿਆਰਥੀ ਜਿਨਾਂ ਨੇ ਪੜ੍ਹਾਈ ਦੀ ਸ਼ੁਰੂਆਤ ਫੱਟੀ ਉੱਤੇ 'À ਅ' ਲਿਖ ਕੇ ਕੀਤੀ ਸੀ ਉਪਰੰਤ ਅਧਿਆਪਕ ਦੁਆਰਾ ਲਿਖਾਈ ਨੂੰ ਸੁਧਾਰਿਆ ਜਾਂਦਾ ਸੀ ਜਿਸ ਨਾਲ ਮਲੋ ਮਲੀ ਅਧਿਆਪਕ ਦਾ ਸਤਿਕਾਰ ਦਿਲੋਂ ਵਧਦਾ ਜਾਂਦਾ ਸੀ। ਉਨਾਂ ਸਮਿਆਂ 'ਚ ਪੜ੍ਹੇ ਵਿਦਿਆਰਥੀ ਕੀ ਉੱਚ ਪਦਵੀਆਂ 'ਤੇ ਨਹੀਂ ਪਹੁੰਚੇ। ਜੱਦੋ ਕੋਈ ਨਵੀਂ ਟੈਕਨਾਲੋਜੀ ਵੀ ਨਹੀਂ ਹੁੰਦੀ ਸੀ। ਮਾਪਿਆਂ ਤੋਂ ਬਾਅਦ ਉਹੀ ਅਧਿਆਪਕ ਰੱਬੀ ਰੂਪ 'ਚ ਗੁਰੂ ਦਾ ਪੂਜਨੀਕ ਅਸਥਾਨ ਗ੍ਰਹਿਣ ਕਰ ਲੈਂਦੇ ਸਨ ਪਰ ਅਜੋਕੇ ਸਮੇਂ 'ਚ ਅਧਿਆਪਕ ਨੂੰ ਗੁਰੂ ਨਾ ਸਮਝ ਕਿ ਮਿੱਤਰ ਜ਼ਿਆਦਾ ਸਮਝਣਾ ਜ਼ਰੂਰੀ 
ਹੁੰਦਾ ਜਾ ਰਿਹਾ ਹੈ ਇਸ ਦਾ ਕੀ ਕਾਰਨ ਹੋ ਸਕਦਾ ਹੈ । ਇੰਝ ਨਹੀਂ ਕਿ ਹਰੇਕ ਪ੍ਰਾਈਵੇਟ ਸਕੂਲ ਇੱਕੋ ਹੀ ਨੀਤੀਆਂ 'ਤੇ ਹਨ ਇਹਨਾਂ ਤੋਂ ਇਲਾਵਾ ਕਈ ਸਕੂਲ ਜੋ ਕਿ ਟਰੱਸਟਾਂ ਦੇ ਅਧੀਨ ਸੇਵਾਵਾਂ ਨਿਭਾ ਰਹੇ ਹਨ ਉਹ ਵਿਦਿਆਰਥੀਆਂ ਦੀਆਂ ਹਰ ਜ਼ਰੂਰਤਾਂ ਨੂੰ ਪੂਰਨ ਕਰਦੇ ਹਨ ਪਰ ਜੇ ਮੈਂ ਗੱਲ ਕਰਾਂ ਨਿੱਜੀ ਅਦਾਰਿਆਂ ਦੀ ਜੋ ਕਿ ਟਰੱਸਟਾਂ ਤੋਂ ਬਗੈਰ ਚੱਲ ਰਹੇ ਹਨ ਅਤੇ ਉਨਾਂ ਸਕੂਲਾਂ ਦੇ ਸੰਸਥਾਪਕ ਵੀ ਖ਼ੁਦ ਸਰਕਾਰੀ ਨੌਕਰੀਆਂ ਦਾ ਅਨੰਦ ਵੀ ਲੈ ਰਹੇ ਹਨ ਖ਼ਾਸ ਕਰ ਕੇ ਸਰਕਾਰੀ ਸਕੂਲਾਂ 'ਚ ਪਰ ਆਪਣੇ ਨਿੱਜੀ ਸਕੂਲਾਂ 'ਚ 10ਵੀਂ ਜਾਂ 12ਵੀਂ ਪੜ੍ਹੇ ਵਿਦਿਆਰਥੀ ਜੋ ਕਿ ਅਜੇ ਤਜਰਬੇ ਤੋਂ ਵਿਹੀਨ ਹੁੰਦੇ ਹਨ ਉਨਾਂ ਨੂੰ ਸਿਰਫ਼ ਥੋੜੀਆਂ ਜਿਹੀਆਂ ਤਨਖ਼ਾਹਾਂ ਕਰੀਬ 1000/- ਜਾਂ 1500/- ਰੁਪਏ 'ਤੇ ਰੱਖ ਲਿਆ ਜਾਂਦਾ ਹੈ ਜਦਕਿ  ਉਨਾਂ ਬਦਲੇ ਵਿਦਿਆਰਥੀਆਂ ਤੋਂ ਫ਼ੀਸਾਂ ਵਧੇਰੇ ਲਈਆਂ ਜਾਂਦੀਆਂ ਹਨ ਫਿਰ ਕੀ ਆਸ ਕੀਤੀ ਜਾ ਸਕਦੀ ਹੈ ਕਿ ਵਿਦਿਆਰਥੀਆਂ ਨੂੰ ਸਿੱਖਿਆ ਕਿਸ ਪ੍ਰਕਾਰ ਦੀ ਦਿੱਤੀ ਜਾ ਰਹੀ ਹੈ ਜੇਕਰ ਇਹਨਾਂ ਅਦਾਰਿਆਂ ਦੀਆਂ ਟਰਾਂਸਪੋਰਟਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਖ਼ਰਚੇ ਵੀ ਕਿੱਲੋਮੀਟਰਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਵਸੂਲੇ ਜਾਂਦੇ ਹਨ ਜੋ ਕਿ ਇਹਨਾਂ ਦੀਆਂ ਟਰਾਂਸਪੋਰਟਰਾਂ ਦੀਆਂ ਬੱਸਾਂ ਜੋ ਕਿ ਨਕਾਰਾ ਹੋਈਆਂ ਹੁੰਦੀਆਂ ਹਨ ਅਤੇ ਉਹ ਡਰਾਈਵਰ ਰੱਖੇ ਜਾਂਦੇ ਹਨ ਜਿਨਾਂ ਕੋਲ ਲਾਇਸੈਂਸ ਤਾਂ ਸ਼ਾਇਦ ਹੁੰਦੇ ਹੀ ਨਹੀਂ ਹਨ ਜਾਂ ਨਜ਼ਰ ਪੱਖੋਂ ਕਮਜ਼ੋਰ ਹੁੰਦੇ ਹਨ ਕਈ ਬਸਾਂ ਦੁਆਰਾ ਤਾਂ ਦੋ-ਦੋ ਬਾਰ ਚੱਕਰ ਲਗਾ ਕੇ ਵਿਦਿਆਰਥੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਇਹਨਾਂ ਨਕਾਰਾ ਬਸਾਂ ਨੂੰ ਵਰਤੋਂ 'ਚ ਲਿਆਉਣ ਨਾਲ ਕਈ ਪ੍ਰਕਾਰ ਦੀਆਂ ਜਾਨਲੇਵਾ ਦੁਰਘਟਨਾਵਾਂ ਵੀ ਆਮ ਹੀ ਸੁਣੀਆਂ 'ਤੇ ਪੜ੍ਹੀਆਂ ਗਈਆਂ ਹਨ ਪਰ ਕਿਸੇ ਵੀ ਕਾਨੂੰਨੀ ਟਰੈਫ਼ਿਕ ਨਿਯਮਾਂ ਦੇ ਅਧਿਕਾਰੀਆਂ ਵੱਲੋਂ ਇਹਨਾਂ ਦੀ ਚੈਕਿੰਗ ਨਿਯਮਿਤ ਰੂਪ 'ਚ ਨਹੀਂ ਕੀਤੀ ਜਾਂਦੀ।  ਇਹਨਾਂ ਤੋਂ ਇਲਾਵਾ ਵੀ ਇਹਨਾਂ ਸਕੂਲਾਂ 'ਚ ਲੱਗੀਆਂ ਕੈਨਟੀਨਾਂ ਦੇ ਰੂਪ 'ਚ ਦੁਕਾਨਾਂ ਵੀ ਲਗਾਈਆਂ ਦੇਖੀਆਂ ਜਾ ਰਹੀਆਂ ਹਨ ਜਿਨਾਂ ਉੱਤੇ ਸਫ਼ਾਈ ਨਾਮ ਦੀ ਕੋਈ ਗੱਲ ਸ਼ਾਇਦ ਹੀ ਦਿਖਾਈ ਦਿੰਦੀ ਹੈ ਜਿਸ ਕਾਰਨ ਬੱਚੇ ਦਾ ਬਿਮਾਰ ਹੋਣਾ ਸੁਭਾਵਿਕ ਹੀ ਹੁੰਦਾ ਹੈ ਪਰ ਇਹਨਾਂ ਤੋਂ ਅਣਭੋਲ ਜਿੱਥੇ ਬੱਚੇ ਘਰਾਂ 'ਚੋਂ ਪੈਸੇ ਲੈ ਕੇ ਜਾਣ ਦੇ ਕਈ ਤਰੀਕੇ ਜਾਂ ਬਹਾਨਿਆਂ ਦੁਆਰਾ ਲੈ ਜਾਂਦੇ ਹਨ ਕਈ ਬਾਰ ਤਾਂ ਚੋਰੀ ਕਰਨ ਵਰਗੇ ਜੁਰਮਾਂ ਦੀ ਸ਼ੁਰੂਆਤ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਕਈ ਸਕੂਲਾਂ 'ਚ ਤਾਂ ਦਾਸ ਨੇ ਇਹ ਵੀ ਦੇਖਿਆ ਕਿ ਸੁੱਧ ਪਾਣੀ ਲਈ ਫ਼ਿਲਟਰ ਤਾਂ ਹਨ ਪਰ ਉਨਾਂ ਦਾ ਪਾਣੀ ਫ਼ਿਲਟਰ ਕਰਨਾ ਸ਼ੁਰੂ ਤਾਂ ਹੋਇਆ ਪਰ ਸਿਰਫ਼ ਉਦਘਾਟਨ ਤੱਕ ਹੀ ਸੀਮਿਤ ਰਿਹਾ। ਇਸ ਤੋਂ ਇਲਾਵਾ ਜੁਰਮਾਨਿਆਂ ਦੀ ਲੜੀ ਵੀ ਲੱਗੀ ਹੀ ਰਹਿੰਦੀ ਹੈ ਅਗਰ ਕੋਈ ਐਨੁਅਲ ਫੰਕਸ਼ਨ ਜਾਂ ਸਟਾਫ਼ ਦੀ ਕੋਈ ਟੀ ਪਾਰਟੀ ਵੀ ਕਰਨੀ ਹੋਵੇ ਤਾਂ ਵੀ ਵਿਦਿਆਰਥੀਆਂ ਤੋਂ ਕਲੈਕਸ਼ਨ ਲਈ ਜਾਂਦੀ ਹੈ ਜਾਂ ਕੋਈ ਟੂਰ ਹੋਵੇ ਤਾਂ ਵੀ ਇਹਨਾਂ ਤੋਂ ਇਲਾਵਾ ਵਰਦੀ ਦਾ ਖਰਚਾ ਤਾਂ ਹਫ਼ਤੇ 'ਚ ਦੋ ਵਾਰ ਦਾ ਹੈ ਜੋ ਕਿ ਹਰੇਕ ਪ੍ਰਾਈਵੇਟ ਅਦਾਰੇ ਦਾ ਆਪਣਾ ਹੈ। ਦਾਸ ਕਿਸੇ ਅਦਾਰੇ ਦੇ ਖ਼ਿਲਾਫ਼ ਨਹੀਂ ਪਰ ਇਕ ਅਰਜ਼ ਜ਼ਰੂਰ ਕਰਨਾ ਚਾਹਾਂਗਾ ਕਿ ਜੇਕਰ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਆਮਦਨ ਦਾ ਸਾਧਨ ਨਾ ਸਮਝ ਕੇ ਇਹਨਾਂ ਦੇ ਸੰਸਥਾਪਕ ਜੇਕਰ ਇਹਨਾਂ ਅਸਥਾਨਾ ਨੂੰ ਵਿੱਦਿਅਕ ਮੰਦਰਾਂ ਦਾ ਦਰਜਾ ਦੇ ਕੇ ਵਿਦਿਆਰਥੀਆਂ ਦੇ ਮਨਾਂ 'ਚ ਵਿੱਦਿਆ ਪ੍ਰਤੀ ਸ਼ਰਧਾ ਦਾ ਜਨਮ ਦੇਣ ਤਾਂ 
ਸ਼ਰਤ ਨਾਲ ਕਿਹਾ ਜਾ ਸਕਦਾ ਹੈ ਕਿ ਰਹਿੰਦੀ ਦੁਨੀਆ ਤੱਕ ਉਸ ਅਦਾਰੇ ਦਾ ਨਾਮ ਚਮਕਦੇ ਸਿਤਾਰਿਆਂ ਵਾਂਗ ਚਮਕਦਾ ਰਹੇਗਾ ਅੰਤ 'ਚ ਮਂੈ ਬੇਨਤੀ ਕਰਦਾ ਹਾਂ ਸਰਕਾਰ ਦੇ ਸੰਬੰਧਿਤ ਸਿੱਖਿਅਕ ਮਹਿਕਮਿਆਂ ਨੂੰ ਇਹਨਾਂ ਪ੍ਰਾਈਵੇਟ ਸਕੂਲਾਂ ਨੂੰ ਸਿਰਫ਼ ਮਾਨਤਾਵਾਂ ਦੇਣ ਤੱਕ ਸੀਮਿਤ ਨਾ ਰੱਖ ਕੇ ਇਹਨਾਂ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰ ਕੇ ਇਹਨਾਂ 'ਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਜ਼ਰੂਰੀ ਜ਼ਰੂਰਤਾਂ ਨੂੰ ਪੂਰਾ ਕਰਵਾਇਆ ਜਾ ਸਕੇ ਤਾਂ ਕਿ ਮੇਰੇ ਦੇਸ਼ ਦਾ ਆਉਣ ਵਾਲਾ ਭਵਿੱਖ ਉੱਜਵਲ 'ਤੇ ਸੁਨਹਿਰਾ ਹੋ ਸਕੇ ਅਤੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਵਿਦੇਸ਼ੀ ਬੋਲੀ ਦੇ ਲਾਲਚ 'ਚ ਪੈ ਕੇ ਮਾਂ ਬੋਲੀ ਪੰਜਾਬੀ ਨੂੰ ਨਾ ਵਿਸਾਰ ਕੇ ਆਪਣੇ ਜਾਨੋਂ ਪਿਆਰੇ ਸੱਭਿਆਚਾਰਕ ਵਿਰਸੇ ਨੂੰ ਭੁਲਾਇਆ ਨਾ ਜਾਵੇ ਅਤੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਦਿੱਤੀ ਜਾ ਰਹੀਆਂ ਸਹੂਲਤਾਂ ਤੋਂ ਇਲਾਵਾ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਵੀ ਦਿੱਤਾ ਜਾਵੇ ਕਿਉਂਕਿ ਹੁਣ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲਾਂ ਤੋਂ ਕਿੱਤੇ ਉੱਚ ਪੱਧਰ 'ਤੇ ਵਿੱਦਿਆ ਤੋਂ ਇਲਾਵਾ ਖੇਡ ਅਤੇ ਹੋਰ ਸਰਗਰਮੀਆਂ 'ਚ ਹਿੱਸਾ ਲੈ ਕਿ ਅੱਵਲ ਦਰਜੇ ਪ੍ਰਾਪਤ ਕਰ ਕੇ ਵਜ਼ੀਫ਼ੇ ਪ੍ਰਾਪਤ ਕਰ ਕੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

ਭੁੱਲ ਚੁੱਕ ਦੀ ਖਿਮਾ
ਹਰਮਿੰਦਰ ਸਿੰਘ ''ਭੱਟ''
ਬਿਸਨਗੜ• (ਬਈਏਵਾਲ)
ਸੰਗਰੂਰ 09914062205


Related News