ਜਮਾਨੇ ਦਾ ਫਰਕ

06/01/2017 5:49:14 PM

ਪਤਾ ਨਹੀਂ ਜੀ ਕਿਉਂ ਕਦੇ-ਕਦੇ ਤਾਂ ਸਭ ਝੂਠ ਜਿਹਾ ਲੱਗਦਾ। ਜੋ ਬਾਪੂ ਜੀ ਦੱਸਦੇ ਹੁੰਦੇ ਨੇ ''ਤੇ ਦਾਦਿਆਂ ਨੇ ਉਹ ਸਮਾਂ ਆਪ ਦੇਖਿਆ ਸੀ ਕਿ ਪਹਿਲਾਂ ਲੋਕਾਂ ''ਚ ਬਹੁਤ ਪਿਆਰ ਹੁੰਦਾ ਸੀ। ਸਾਰਾ ਪਰਿਵਾਰ ਇੱਕਠਾ ਰਹਿੰਦਾ ਸੀ। ਚਾਚੇ, ਤਾਏ, ਮਾਸੀਆਂ, ਚਾਚੀਆਂ ਆਦਿ ''ਚ ਪ੍ਰੇਮ ਹੁੰਦਾ ਸੀ। ਜੁਆਕ ਦੇ ਜੰਮਣ ਸਾਰ ਹੀ ਪਿੰਡ ਨਗਰ ''ਚ ਰੀਤੀ-ਰਿਵਾਜ, ਗੀਤ-ਵਧਾਈਆਂ ਅਤੇ ਲਾਗੀਆਂ ਨੂੰ ਲਾਗ ਅਤੇ ਹੋਰ ਰਮਮਾਂ ਹੁੰਦੀਆਂ ਸਨ। ਜਿੰਦਗੀ ਦੇ ਲੰਘਦੇ ਪੜਾਅ ''ਤੇ ਉਮਰ ਨਾਲ ਜਵਾਨੀ ਫਿਰ ਬੁਢੇਪਾ ਮਤਲਬ ਹਰ ਸਮੇਂ ਮੁਤਾਬਕ ਰੀਤੀ-ਰਿਵਾਜ, ਸੱਭਿਆਚਾਰ ਆਪਣਾ ਅਹਿਮ ਰੋਲ ਅਦਾ ਕਰਦੇ ਸਨ। ਮੰਨਿਆ ਪਹਿਲਾਂ ਬੱਸਾਂ ਅਤੇ ਹੋਰ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ ਪਰ ਸੁਣਿਆ ਪਿਛਲੇ ਸਮਿਆਂ ''ਚ ਕਹਿੰਦੇ ਸਫ਼ਰ ਕਰਨ ਦੌਰਾਨ ਲੋਕ ਇਕ-ਦੂਜੇ ਨਾਲ ਗੱਲਬਾਤ ਕਰਦੇ ਕੋਈ ਨਾ ਕੋਈ ਸ਼ਕੀਰੀ ਕੱਢ ਹੀ ਲੈਂਦੇ ਸਨ। ਲੈ ਤੂੰ ਤਾਂ ਰਿਸ਼ਤੇਦਾਰ ਹੀ ਨਿਕਲਿਆ। ''ਤੇ ਗੱਲਾਂ ਕਰਦਿਆਂ ਨੂੰ ਦੇਖਦੇ ਹੀ ਲੱਗਦਾ ਸੀ। ਜਿਵੇਂ ਬਹੁਤ ਸਮੇਂ ਦੀ ਮਿੱਤਰਤਾ ਜਾਂ ਜਾਣ-ਪਛਾਣ ਹੋਵੇ। ਭਾਵੇਂ ਉਹ ਮਰਦ ਹੋਣ ਚਾਹੇ ਔਰਤਾਂ। ਪਰ ਹੁਣ ਪਤਾ ਨਹੀਂ ਕੀ ਹੋ ਗਿਆ। ਪਿੰਡ ਤੋਂ ਚੱਲਦੇ ਆਂ ਬੱਸ ''ਚ ਕਾਲਜ ਜਾਣ ਲਈ। ਕਈ ਵਾਰੀ ਬੱਸ ਮੁਸਾਫਰਾਂ ਨਾਲ ਭਰੀ ਹੁੰਦੀ ਹੈ ''ਤੇ ਕਦੇ ਅੱਧੀ। ਬੱਸ ''ਚ ਚੜ੍ਹਦੇ ਹੀ ਲੋਕਾਂ ਦੇ ਚਿਹਰਿਆਂ ਵੱਲ ਦੇਖਦੇ ਹਾਂ। ਜਿਵੇਂ ਪਤਾ ਨਹੀਂ ਦਿਲ-ਦਿਮਾਗ ''ਚ ਕੀ ਰੱਖਦੇ। ਕਿਸ ਮੰਜਲ ਵੱਲ ਜਾ ਰਹੇ ਨੇ। ਇਕ ਅਜੀਬ ਜੀ ਘੁੱਟਣ ਜਾਪਦੀ ਹੁੰਦੀ ਹੈ। ਕਿਸੇ ਦੇ ਕੰਨਾਂ ''ਚ ਹੈੱਡਫੋਨ ਲੱਗੇ ਆ। ਅਤੇ ਕਿਸੇ ਨਾਲ ਕੰਡਕਟਰ ਟੁੱਟੇ ਪੈਸਿਆਂ ਪਿੱਛੇ ਲੜ ਰਿਹਾ ਹੁੰਦਾ ਹੈ। ਬੱਸ ''ਚ ਕੁਝ ਪੜ੍ਹਨ ਵਾਲੇ ਮੁੰਡੇ-ਕੁੜੀਆਂ ਖੜੇ ਹੁੰਦੇ ਨੇ ''ਤੇ ਕੋਈ ਲੋਕ ਤਾਂ ਉਨ੍ਹਾਂ ਨੂੰ ਇੰਝ ਦੇਖਦੇ ਨੇ ਜਿਵੇਂ ਉਹ ਪੁਲਸ ਦੀ ਹਿਰਾਸਤ ''ਚ ਹੋਣ ਅਤੇ ਕੋਈ ਵੱਡਾ ਗੁਨਾਹ ਕਰਿਆ ਹੋਵੇ। ਬੱਸ ''ਚ ਖੜਿਆਂ ਨੂੰ ਕੋਈ, ਨਾਲ ਪੜ੍ਹਨਾ ਵਾਲਾ ਬੁਲਾ ਲੈਂਦਾ ਕਿ,'''' ਬਈ ਕੀ ਹਾਲ ਨੇ।'''' ''ਤੇ ਜਵਾਬ ''ਚ ਵਧੀਆ ਜੀ ਕਹਿ ਦਿੰਦੇ ਹਾਂ। ਪਰ ਮੂੰਹ ਤੋਂ ਜਿਵੇਂ ਹਾਸਾ ''ਤੇ ਪਿਆਰ ਭਰੀ ਝਲਕ ਜਿਵੇਂ ਉੱਡ ਹੀ ਗਈ ਹੈ। ਸੀਟਾਂ ਉੱਤੇ ਬੈਠੀਆਂ ਸਵਾਰੀਆਂ ਮੋਬਾਇਲ (ਸਮਾਰਟ ਫੋਨ) ਦੀ ਖੇਡ ਲੱਗੀਆਂ ਹੁੰਦੀਆਂ ਨੇ। ਜਿਵੇਂ ਅਗਲੀ ਵਾਰ ਉਲੰਪਿਕ ''ਚ ਉਨ੍ਹਾਂ ਨੂੰ ਹੀ ਭੇਜਿਆ ਜਾਵੇਗਾ। ਹਾਂ ਜੀ ਮਾਰੀ ਬਰੇਕ ਡਰਾਈਵਰ ਨੇ। ਬੱਸ ਪਹੁੰਚ ਗਈ ਸੁਨਾਪ ਕਾਲਜ। ਇਹ ਹੁਣ ਮੇਰੇ ਦੇਖਣ ਦੀ ਗੱਲ ਨਹੀ ਤੁਸੀਂ ਆਪ ਹੀ ਦੇਖ ਲਓ। ਤੁਹਾਡੇ ਕੋਲ ਕੋਈ ਸੈਲਫੀ ਦਾ ਮਰੀਜ਼ ਦਵਾਈ ਲੈ ਰਿਹਾ ਹੋਵੇਗਾ ਮੇਰਾ ਮਤਲਬ ਫੋਟੋ ਲੈ ਰਿਹਾ ਹੋਵੇਗਾ। ਜਗ੍ਹਾ ਨੀ ਦੇਖਣੀ, ਸਮਾਂ ਨੀ ਦੇਖਣਾ ਬਸ ਕਲਿੱਕ। ਕਾਲਜ ਦੀ ਸੈਰ ਤਾਂ ਤੁਸੀਂ ਸਾਰਿਆਂ ਨੇ ਕੀਤੀ ਹੋ ਹੋਵੇਗੀ। ਪਰ ਸਾਡੇ ਪਰਿਵਾਰ (ਪੀੜ੍ਹੀ) ''ਚੋਂ ਪਹਿਲਾ ਕਾਲਜ ਜਾਣ ਵਾਲਾ ਪਾੜ੍ਹਤੀਆਂ ਤਾਂ ਮੈਂ ਹੀ ਹਾਂ। ਪਰ ਮੇਰੇ ਬੇਬੇ-ਬਾਪੂ ਕਦੇ ਸਕੂਲ ਵੀ ਨਹੀ ਗਏ। ਹਾਂ ਸੱਚ ਬਾਪੂ ਤੋਂ ਯਾਦ ਆਇਆ ਜਦੋਂ ਅੱਜ ਮੈਂ ਸਵੇਰੇ ਕਾਲਜ ਜਾਣ ਲਈ ਘਰੋਂ ਚੱਲਣਾ ਸੀ ਤਾਂ ਬਾਪੂ ਨੇ ਪੁੱਛਿਆ,'''' ਸ਼ੇਰਾ ਕਦ ਜਾਵੇਂਗਾ ਸਕੂਲ।'''' ਮੈਂ ਕਿਹਾ,'''' ਬਾਪੂ ਬੱਸ ਦਾ ਟਾਈਮ ਹੋਣ ਵਾਲਾ ਹੀ ਆ।'''' ਬਾਪੂ ਕਹਿੰਦਾ ਫਿਰ ਇਕ ਗੱਲ ਸੁਣ। ਸਿਆਣਿਆਂ ਨੂੰ ਕੋਈ ਵੀ ਗੱਲ ਦੱਸੋ। ਉਹ ਇਕ ਗੱਲ ''ਚੋਂ ਸੌ ਕੱਢ ਲੈਣਗੇ। ਬਾਪੂ ਕਹਿੰਦਾ,'''' ਜਦੋਂ ਮੈਂ ਨਿਆਣਾ ਹੁੰਦਾ ਸੀ । ਮੇਰਾ ਬਾਪੂ ਮੈਨੂੰ ਨਾਨਕੇ ਲੈ ਕੇ ਜਾਂਦਾ ਹੁੰਦਾ ਸੀ। ਨਾਲ ਸਾਡੇ ਬੇਬੇ ''ਤੇ ਚਾਰ ਭਰਾ। ਪੰਜਾਬ ''ਚ ਸੰਗਰੂਰ ਜ਼ਿਲੇ ''ਚ ਪੈਂਦੇ ਪਿੰਡ ਹਰਿਆਓ ਮੇਰੇ ਨਾਨਕੇ।  ਜਖੇਪਲ ਤੋਂ ਪੈਦਲ ਚੱਲਦੇ ਕੱਚੇ ਰਾਹ, ਰੇਤਲੇ ਟਿੱਬੇ ''ਚੋਂ ਹੁੰਦੇ ਹੋਏ ਸੂਏ ਦੇ ਨਾਲ-ਨਾਲ ਤੁਰ ਪੈਂਦੇ। ਹਰਿਆਓ ਵੱਲ ਨੂੰ ਚਲੋਚਾਲ ਤੁਰਦੇ ਜਾਂਦੇ। ਇਕ ਪਿੰਡ ਲੰਘ ਜਾਣ ''ਤੇ ਜਦ ਮੈਂ ਥੱਕ ਜਾਂਦਾ ਫਿਰ ਮੈਂ ਬਾਪੂ ਨੂੰ ਕਹਿੰਦਾ। ਬਾਪੂ ਗੋਦੀ ਚੁੱਕ ਲੈ ਬਾਪੂ ਅਗਲੇ ਪਿੰਡ ਇਸ਼ਾਰਾ ਕਰ ਕੇ ਕਹਿੰਦਾ ਪੁੱਤ ਅੱਗੇ ਇਕ ਘੁਲਾੜੀ ਆਉ ਉੱਥੇ ਚੱਕ ਲਉਂ। ਕਿਹੜੀ ਘਲਾੜੀ ਐਂ ਕਰਦੇ ਟੁਰੇ ਜਾਂਦੇ।''''  ਮੈਂ ਕਿਹਾ,'''' ਬਾਪੂ ਫੇਰ ਅੱਗੇ।'''' ਬਾਪੂ ਕਹਿੰਦਾ'''' ਅੱਗੇ ਕੀ ਮੈਟਰੋ ਆਉਣੀ ਸੀ। ਜੇਠ, ਹਾੜ ਦੀਆਂ ਧੁੱਪਾਂ ਲੌ ਚੱਲਦੀ। ਰਾਹ ''ਚ ਕਦੇ ਗੰਨਾ ਚੂਪ ਲਿਆ। ਕਿਤੇ ਨਲਕੇ ਦਾ ਪਾਣੀ ਪੀਂਦੇ ਫੇਰ ਤੁਰ ਪੈਂਦੇ। ਰਸਤੇ ''ਚ ਕਦੇ ਟਾਹਲੀ ਦੀ ਛਾਂ ਕਦੇ ਨਿੰਮ ਦੀ ਛਾਂ ਹੇਠ ਜਦ ਬੈਠ ਜਾਂਦੇ ਆ ਤਾਂ ਕਿਹੜਾ ਏਸੀ ਪੁੱਤ ਲੱਜਤ ਹੀ ਆ ਜਾਂਦੀ ਸੀ ''ਤੇ ਉਸ ਸਮੇਂ ਪਿੰਡ ''ਚ ਰੇਡਿਓ ਕਿਸੇ ਕਿਸੇ ਕੋਲ ਹੁੰਦਾ ਸੀ। ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆ ਇਕ ਪਾਸੇ ਤੋਂ ਸੁਰਿੰਦਰ ਕੌਰ ਦੇ ਗੀਤ ਦੀਆਂ ਅਵਾਜਾਂ ਆ ਰਹੀਆਂ ਸਨ-
'''' ਜੁੱਤੀ ਕਸੂਰੀ ਪੈਂਰੀ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ''''
ਐਂ ਕਰਦੇ ਨਾਨਕੇ ਪਹੁੰਚ ਜਾਂਦੇ । ਭਾਈ ਐਂਵੇ ਸਫਰ ਹੁੰਦਾ ਸੀ ਸਾਡਾ ਸਫਰ ਤਾਂ। ਹੋਰ ਵੀ ਬਹੁਤ ਕੁਝ ਹੁੰਦਾ ਸੀ ਪਰ ਆ ਜਿੰਦਗੀ ਦੇ ਸਫਰ ''ਚ ਆਏ ਟੋਏ ਟਿੱਬਿਆਂ ਨੇ ਸਾਰਾ ਕੁਝ ਭੁੱਲਾ ਦਿੱਤਾ।'''' ਮੈਂ ''ਚ ਗੱਲ ਰੋਕਦਿਆਂ ਕਿਹਾ '''' ਚੰਗਾ ਬਾਪੂ ਮੈਂ ਚੱਲਿਆ ਤੂੰ ਤਾਂ ਫੇਰ ਪੁਰਾਣੇ ਸਮਿਆਂ ਵਾਲੀ ਨਹਿਰ ''ਚ ਜਾ ਮਾਰਿਆ ਗੋਡਾ।'''' ਮੈਂ ''ਰੱਬ ਰਾਖਾ'' ਕਹਿ ਕੇ ਤੁਰ ਪਿਆ। ਬਾਪੂ ਬੜਾ ਚੁੱਪ-ਚਾਪ ਮੇਰੇ ਵੱਲ ਦੇਖਦਾ ਰਿਹਾ। ਮੇਰੇ ਖਿਆਲ ਨਾਲ ਬਾਪੂ ਆਪਣੇ ਜਮਾਨੇ ''ਚ ਪਿਆ ਐਨਾ ਫਾਸਲਾ ਇਸ ਮਾਰਡਨ ਜਮਾਨੇ ਨਾਲ ਮਾਪ ਕੇ ਦੇਖਦਾ ਹੋਣਾ। ਮੇਰੇ ਦਿਮਾਗ ''ਚ ਐਸੀਆਂ ਬਹੁਤ ਪੁਰਾਣੀਆਂ ਗੱਲਾਂ ਨੇ ਜੀ। ਜੋ ਮੈਂ ਬਜੁਰਗਾਂ ਕੋਲ ਸਮਾਂ ਕੱਢਕੇ ਸੁਣੀਆਂ। ਤੁਹਾਨੂੰ ਚੰਗੀਆਂ ਲੱਗੀਆਂ ਤਾਂ ਦੱਸਿਓ, ਨਹੀਂ ਫਿਰ ਕਿਸ ਲਈ ਪ੍ਰੈੱਸ ਵਾਲਿਆਂ ਦਾ ਪੇਪਰ, ਸਿਆਹੀ ਅਤੇ ਤੁਹਾਡਾ ਬੇਸ਼ਕੀਮਤੀ ਸਮਾਂ ਖਰਾਬ ਕਰਨਾ। 

ਧੰਨਵਾਦ।
ਸਤਨਾਮ ਜਖੇਪਲ
ਫੋਨ ਨੰਬਰ- 99147-02763


Related News