ਕਿਤਾਬ ਇਕ ਵਿਸਰਿਆ ਸੱਚ

09/18/2017 5:27:48 PM

ਕਿਤਾਬਾਂ ਸਾਡੀ ਦੁਨੀਆਂ ਵਿੱਚ ਲੱਗਭਗ ਦੁਨੀਆਂ ਦੀ ਸ਼ੁਰੂਵਾਤ ਤੋਂ ਹੀ ਮੌਜੂਦ ਹਨ, ਕਿਤਾਬਾਂ ਹਮੇਸ਼ਾ ਤੋਂ ਹੀ ਗਿਆਨ ਦਾ ਮੁੱਖ ਸਰੋਤ ਰਹੀਆਂ ਹਨ। ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋਵੇ, ਕੋਈ ਵੀ ਸੱਚਾਈ ਹੋਵੇ, ਜਾਣਕਾਰੀ ਹੋਵੇ ਜਾਂ ਫਿਰ ਅਧਿਆਤਮ ਦੀ ਗੱਲ ਕਿਤਾਬ ਹਰ ਖੇਤਰ ਵਿੱਚ ਮਨੁੱਖ ਦੀ ਸਾਥੀ ਹੋਣ ਦੇ ਨਾਲ ਨਾਲ ਮਾਰਗ ਦਰਸ਼ਕ ਅਤੇ ਇੱਕ ਅਧਿਆਪਕ ਵੀ ਹੈ। ਵਿਸ਼ਾ ਕੋਈ ਵੀ ਹੋਵੇ ਉਸਦੀ ਜਾਣਕਾਰੀ ਦਾ ਮਾਧਿਅਮ ਹਮੇਸ਼ਾ ਕਿਤਾਬ ਹੀ ਹੈ। ਕਿਸੇ ਲੇਖਕ ਨੇ ਬਹੁਤ ਸੋਹਣੀ ਗੱਲ ਕਹੀ  ਹੈ ਕਿ ਕਿਤਾਬ ਮਨੁੱਖ ਦੀ ਸਭ ਤੋਂ ਵਧੀਆ ਮਿੱਤਰ ਹੈ। ਇਸ ਗੱਲ ਵਿੱਚ ਕੋਈ ਦੋ-ਰਾਏ ਨਹੀਂ ਕਿਤਾਬ ਨਾਲ ਮਿੱਤਰਤਾ ਪਾਉਣ ਵਾਲਾ ਮਨੁੱਖ ਕਦੇ ਇੱਕਲਾ ਅਤੇ ਗਿਆਨ ਹੀਣ ਨਹੀਂ ਹੋ ਸਕਦਾ।
ਮਨੁੱਖ ਦੀ ਸਾਂਝ ਕਿਤਾਬਾਂ ਨਾਲ ਜ਼ਿੰਦਗੀ ਦੇ ਮੁਢਲੇ ਪੜਾ ਤੋਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਜਿਵੇਂ ਉਮਰ ਅਤੇ ਤਜਰਬਿਆਂ ਵਿੱਚ ਵਾਧਾ ਹੁੰਦਾ ਹੈ ਇਹ ਸਾਂਝ ਆਪਣਾ ਰੂਪ ਬਦਲਦੀ ਰਹਿੰਦੀ ਹੈ, ਪਰ ਕਿਸੇ ਨਾ ਕਿਸੇ ਰੂਪ ਵਿਚ ਇਹ ਸਾਥ ਬਣਿਆ ਹੀ ਰਹਿੰਦਾ ਹੈ। ਹਜ਼ਾਰਾਂ-ਲੱਖਾਂ ਸਾਲਾਂ ਦੇ ਇਸ ਸਫਰ ਵਿੱਚ ਕਿਤਾਬ ਦੀ ਰੂਪ-ਰੇਖਾ, ਵਿਸ਼ੇ, ਪਾਠਕ, ਲੇਖਕ ਜਰੂਰ ਬਦਲੇ ਹਨ ਪਰ ਅੱਜ ਵੀ ਇਸਦੀ ਮਹੱਤਤਾ ਪੂਰੀ ਕਾਇਮ ਹੈ ਤੇ ਸ਼ਇਦ ਹਮੇਸ਼ਾ ਕਾਇਮ ਹੀ ਰਹੇਗੀ।
ਕਿਤਾਬ ਸਿਰਫ ਕਾਗਜ਼ ਦੇ ਪੰਨੇ ਜਾਂ ਉਸ ਉੱਤੇ ਸਿਆਹੀ ਨਾਲ ਲਿਖੇ ਗਏ ਅੱਖਰ ਨਹੀਂ ਹਨ ਬਲਕਿ ਇਹ ਇਕ ਐਸਾ ਡੂੰਗਾ ਸਾਗਰ ਹੈ ਜਿਸਦੇ ਅੰਦਰ ਸਦੀਆਂ ਦਾ ਇਤਿਹਾਸ ਅਤੇ ਗਿਆਨ ਸਮਾਇਆ ਹੋਇਆ ਹੈ। ਪਰਤ ਦਰ ਪਰਤ ਇਹ ਗਹਿਰਾਈ ਡੂੰਗੀ ਹੁੰਦੀ ਜਾਂਦੀ ਹੈ ਅਤੇ ਇਸਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਜਾਂਦਾ ਹੈ। ਲੋੜ ਹੈ ਇਸ ਸਾਗਰ ਵਿੱਚ ਉਤਰਨ ਦੀ, ਡੁੱਬਣ ਦੀ, ਕਿਉਂਕ ਬਿਨ੍ਹਾਂ ਇਸ ਵਿੱਚ ਡੁੱਬੇ ਅਸੀਂ ਵਿੱਚ ਸਮਾਏ ਗਿਆਨ ਦੇ ਖ਼ਜ਼ਾਨੇ ਨੂੰ ਹਾਸਿਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਜਿੰਨ੍ਹਾਂ ਜਿਆਦਾ ਅਸੀਂ ਡੂੰਗਾ ਜਾਂਦੇ ਹਾਂ ਉਨ੍ਹਾਂ ਹੀ ਲੁਤਫ਼ ਅਤੇ ਗਿਆਨ ਦਾ ਅਹਿਸਾਸ ਸਾਨੂੰ ਆਪਣੇ ਆਗੋਸ਼ ਵਿੱਚ ਲੈਂਦਾ ਹੈ। ਸਦੀਆਂ ਤੋਂ ਹਰ ਵਿੱਦਿਅਕ ਅਦਾਰਾ ਚਾਹੇ ਉਹ ਕਿਸੇ ਆਧੁਨਿਕ
ਯੂਨੀਵਰਸਿਟੀ ਦੇ ਰੂਪ ਵਿੱਚ ਹੋਵੇ ਜਾਂ ਪੁਰਾਤਨ ਗੁਰੂਕੁਲ ਪਰ ਗਿਆਨ ਦਾ ਮੁਢਲਾ ਸਰੂਪ ਕਿਤਾਬ ਹੀ ਹੈ। ਸਾਡੇ ਗੁਰੂ , ਸਾਡੇ ਅਧਿਆਪਕ ਇਨ੍ਹਾਂ ਕਿਤਾਬਾਂ ਦੇ ਗਿਆਨ ਨਾਲ ਹੀ ਇਨ੍ਹੇ ਉੱਚੇ ਰੁਤਬਿਆਂ ਨੂੰ ਹਾਸਿਲ ਕਰ ਸਕੇ ਨੇ। ਹਰ ਧਰਮ ਦੀ ਆਪਣੀ ਧਾਰਮਿਕ ਕਿਤਾਬ ਹੈ ਜਿਸ ਵਿੱਚ ਉਨ੍ਹਾ ਨੇ ਪ੍ਰਮਾਤਮਾ ਅਤੇ ਸ੍ਰਿਸ਼ਟੀ ਦੀਆਂ ਸਚਾਈਆਂ ਨੂੰ ਕਲਮ ਬੱਧ ਕਰਕੇ ਸਾਂਭਣ ਦਾ ਯਤਨ ਕੀਤਾ ਤਾਂ ਕੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਆਸਾਨੀ ਨਾਲ ਲੋਕਾਂ ਤੱਕ ਪਹੰਚ ਸਕਣ ਅਤੇ ਸਭ ਦਾ ਮਾਰਗ ਦਰਸ਼ਕ ਬਣਕੇ ਹਮੇਸ਼ਾ ਨਾਲ ਰਹਿ ਸਕਣ। ਅਸਲ ਵਿੱਚ ਗਿਆਨ ਨੂੰ ਕਿਤਾਬਾਂ ਦਾ ਰੂਪ ਦੇਣ ਦਾ ਮਕਸਦ ਇਹ ਸੀ ਕਿ ਸਭ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ, ਜਿਸਨੂੰ ਪੜ੍ਹ ਕੇ ਸਮਝ ਕੇ ਜ਼ਿੰਦਗੀ ਨੂੰ ਜੀਣ ਦਾ ਸਹੀ ਰਾਹ ਚੁਣਿਆ ਜਾ ਸਕੇ ਪਰ ਸਾਡੀ ਮੰਦਭਾਗੀ ਸੋਚ ਜਾਂ ਕਿਸਮਤ ਵਿੱਚ ਗਿਆਨ ਦਾ ਅਧਿਐਨ ਨਾ ਕਰਕੇ ਉਸਨੂੰ ਸਾਂਭ ਕੇ ਰੱਖਣ ਜਾਂ ਪੂਜਣ ਤੱਕ ਹੀ ਸੀਮਤ ਰਹਿ ਗਈ। ਕਿਤਾਬ ਅਤੇ ਗਿਆਨ ਦੀ ਮਹਾਨਤਾ ਨੂੰ ਇਸ ਗੱਲ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਗਿਆ ਨਾ ਕੇ ਕਿਸੇ ਮਨੁੱਖ ਨੂੰ ਜੋ ਇਹ ਦਰਸਾਉਂਦਾ ਹੈ ਕੇ ਸਰੀਰ ਨਾਸ਼ਵਾਨ ਹੈ ਹਮੇਸ਼ਾ ਦੁਨੀਆਂ ਵਿੱਚ ਮੌਜੂਦ ਨਹੀਂ ਰਹਿ ਸਕਦਾ ਪਰ ਗਿਆਨ ਅਮਰ ਹੈ ਅਤੇ ਇਸਦੀ ਰੋਸ਼ਨੀ ਹਮੇਸ਼ਾ ਦੁਨੀਆਂ ਨੂੰ ਰੋਸ਼ਨਾਉਂਦੀ ਰਹੇਗੀ। ਪਰ ਪਿਛਲੇ ਕੁਝ ਦਹਾਕਿਆਂ ਵਿੱਚ ਤਕਨੀਕੀ ਕ੍ਰਾਂਤੀ ਦੇ ਕਾਰਨ ਅਤੇ ਲੋਕਾਂ ਦੇ ਬਦਲਦੇ ਹੋਏ  ਰੁਝਾਨ ਕਰਕੇ ਕਿਤਾਬਾਂ ਅਤੇ ਲਾਇਬ੍ਰੇਰੀਆਂ ਦੀ ਮਹਤੱਤਾ ਵਿੱਚ ਕਾਫੀ ਕਮੀ ਦੇਖੀ ਜਾ ਰਹੀ ਹੈ। ਗਿਆਨ ਅਤੇ ਮਨੋਰੰਜਨ ਦੇ ਹੋਰ ਅਨੰਤ ਮਾਧਿਅਮ ਹੋਂਦ ਵਿੱਚ ਆਉਣ ਤੋਂ ਬਾਅਦ ਲੋਕ ਤਕਨੀਕੀ ਸਾਧਨਾਂ ਦੀ ਵਰਤੋਂ ਬਹੁਤ ਜਿਸਦਾ ਮਾਤਰਾ ਵਿੱਚ ਕਰਨ ਲੱਗ ਗਏ ਹਨ, ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਸਮੇਂ ਲਾਇਬ੍ਰੇਰੀਆਂ ਸਭ ਤੋਂ ਵਿਅਸਥ ਸਥਾਨ ਹੁੰਦੀਆਂ ਸਨ ਜਿਥੇ ਲੋਕ ਘੰਟਿਆਂ ਬੱਧੀ ਬੈਠ ਕੇ ਅਲੱਗ ਅਲੱਗ ਵਿਸ਼ਿਆਂ ਤੇ ਅਧਿਐਨ ਕਰਦੇ ਸਨ। ਪਰ ਅਜੋਕੇ ਸਮੇਂ ਵਿੱਚ ਇਹ ਰੁਝਾਨ ਬਿਲਕੁਲ ਹੀ ਬਦਲ ਚੁੱਕਾ ਹੈ। ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ਵਿੱਚ ਵੀ ਹੁਣ ਉਹ ਰੌਣਕ ਨਹੀਂ ਹੈ ਜੋ ਕਿਸੇ ਸਮੇਂ ਹੁੰਦੀ ਸੀ। ਵਿਦਿਆਰਥੀ ਲਾਇਬ੍ਰੇਰੀ ਵਿੱਚ ਬੈਠ ਕੇ ਵੀ ਆਪਣੇ ਮੋਬਾਇਲ ਫੋਨ ਵਿੱਚ ਵਿਅਸਥ ਰਹਿੰਦੇ ਹਨ। ਕਿਸੇ ਕਿਤਾਬ, ਕਿਸੇ ਵਿਸ਼ੇ ਜਾਂ ਕਿਸੇ ਲੇਖ ਤੇ ਵਿਚਾਰ ਕਰਨ ਦੀ ਬਜਾਏ ਆਪਣੇ ਆਪਣੇ ਮੋਬਾਇਲ ਵਿੱਚ ਵਿਅਸਥ ਰਹਿੰਦੇ ਹਨ। ਘਰਾਂ ਵਿੱਚ ਵੀ ਇਹੀ ਚੀਜ਼ਾਂ ਆਮ ਨੇ ਟੀ.ਵੀ, ਇੰਟਰਨੈਟ, ਕੰਪਿਊਟਰ ਆਦਿ ਵਿੱਚ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ,  ਇਹੀ ਗੁਣ ਫਿਰ ਨਵੇਂ ਬੱਚਿਆਂ ਵਿੱਚ ਆਪਣੇ ਆਪ ਆ ਰਹੇ ਹਨ।  ਇਹ ਨਹੀਂ ਕਿ ਤਕਨੀਕ ਨੂੰ ਹਮੇਸ਼ਾਂ ਗ਼ਲਤ ਕੰਮ ਲਈ ਹੀ ਵਰਤਿਆ ਜਾਂਦਾ ਹੈ, ਇੰਟਰਨੈਟ, ਕੰਪਿਊਟਰ, ਮੋਬਾਇਲ ਆਦਿ ਜਿੱਥੇ ਮਨੋਰੰਜਨ ਦਾ ਸਾਧਨ ਹਨ ਉੱਥੇ ਗਿਆਨ ਦਾ ਵੀ ਭੰਡਾਰ ਹਨ ਇਸ ਵਿੱਚ ਕੋਈ  ਸ਼ੱਕ ਨਹੀਂ ਹੈ ਕਿ ਇਸਦੇ ਅਨੇਕਾਂ ਫਾਇਦੇ ਹਨ ਤੇ ਹਰ ਇਨਸਾਨ ਨੂੰ ਇਸਦਾ ਪ੍ਰਯੋਗ ਜਰੂਰ ਕਰਨਾ ਚਾਹੀਦਾ ਹੈ। ਕਿਉਂਕ ਇਸਦੇ ਜਿੰਨੇ ਜਿਆਦਾ ਫਾਇਦੇ ਹਨ ਓਨੇ ਜਿਆਦਾ ਨੁਕਸਾਨ ਵੀ ਹਨ। ਅਜੋਕੇ ਸਮੇ ਵਿੱਚ ਬਿਨ੍ਹਾਂ ਤਕਨੀਕੀ ਸਾਧਨਾ ਤੋਂ ਜੀਣਾ ਬਹੁਤ ਮੁਸ਼ਕਿਲ ਹੈ, ਇੰਟਰਨੈਟ ਉੱਤੇ ਹਰ ਤਰ੍ਹਾ ਦੀ ਜਾਣਕਾਰੀ ਸਕਿੰਟਾਂ ਵਿੱਚ ਉਪਲੱਭਧ ਹੋ ਜਾਂਦੀ ਹੈ ਜਿਸ ਨਾਲ ਬਹੁਤ ਸਾਰਾ ਸਮਾਂ ਬਚਦਾ ਹੈ ਅਤੇ ਘੱਟ ਸਮੇਂ ਵਿੱਚ ਜ਼ਿਆਦਾ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ, ਪਰ ਇਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਜਾਣਕਾਰੀ ਅਤੇ ਗਿਆਨ ਵਿੱਚ ਫਰਕ ਹੈ, ਜਾਣਕਾਰੀ ਕਿਸੇ ਚੀਜ਼ ਨੂੰ ਪੜ੍ਹ ਕੇ ਤਰੁੰਤ ਹਾਸਿਲ ਕੀਤੀ ਜਾ ਸਕਦੀ ਪਰ ਗਿਆਨ ਅਧਿਐਨ ਦਾ ਨਤੀਜਾ ਜੋ ਕਿ ਨਿਰੰਤਰ ਪੂਰੇ  ਧਿਆਨ ਨਾਲ ਅਧਿਐਨ ਕਰਨ ਤੇ ਹੀ ਪ੍ਰਾਪਤ ਹੋ ਸਕਦਾ ਹੈ।ਮੇਰੇ ਇਸ ਲੇਖ ਦਾ ਵਿਸ਼ਾ ਤਕਨੀਕ ਅਤੇ ਕਿਤਾਬ ਵਿਚੋਂ ਕੀ ਜਿਆਦਾ ਵਧੀਆ ਹੈ ਇਸ ਬਾਰੇ ਨਹੀਂ ਹੈ,ਬਲਕਿ ਮੈਂ ਸਿਰਫ ਕਿਤਾਬ ਬਾਰੇ ਹੀ ਗੱਲ ਕਰ ਰਿਹਾ ਹਾਂ। ਮੇਰਾ ਕਹਿਣ ਦਾ ਮਕਸਦ ਸਿਰਫ਼ ਇਹ ਹੈ ਕੇ ਅਸੀਂ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਹਾਸਿਲ ਕਰ ਲਈਏ ਸਾਡਾ ਮੋਹ ਕਦੇ ਕਿਤਾਬ ਨਾਲ ਨਹੀਂ ਟੁੱਟਣਾ ਚਾਹੀਦਾ ਹੈ ਕਿਉਂਕ ਦੁਨੀਆ ਤੇ ਅਨੰਤ ਕਾਢਾਂ ਨਿਕਲਦੀਆਂ ਹਨ ਪਰ ਕਿਤਾਬ ਸਦੀਆਂ ਤੋਂ ਸਾਡੀ ਜ਼ਿੰਦਗੀ ਦਾ ਹਿੱਸਾ ਰਹੀ ਹੈ ਅਤੇ ਸਦਾ ਰਹਿਣੀ ਚਾਹੀਦੀ ਹੈ। ਪਿੰਡਾਂ, ਸ਼ਹਿਰਾਂ, ਕਸਬਿਆਂ
ਵਿੱਚ ਲਾਇਬ੍ਰੇਰੀਆਂ ਹੋਣੀਆਂ ਬਹੁਤ ਜਰੂਰੀ ਹਨ ਜਿੱਥੇ ਹਰ ਵਿਸ਼ੇ ਉੱਤੇ ਜਿੰਨੀਆਂ ਸੰਭਵ ਹੋ ਸਕਣ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਲਾਇਬ੍ਰੇਰੀ ਆਉਣ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ-ਆਪ ਨੂੰ, ਆਪਣੇ ਬੱਚਿਆਂ ਨੂੰ ਅਤੇ ਆਪਣੇ ਨਾਲ ਜੁੜ੍ਹੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪੜ੍ਹਨ ਲਈ ਪ੍ਰੇਰਿਏ ਕਿਉਂਕ ਵਿਦਿਆ ਹੀ ਇਕ ਮਾਤਰ ਰਾਹ ਹੈ ਜੋ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਹੀ ਰੋਸ਼ਨ ਕਰਦੀ ਰਹੇਗੀ, ਤੇ ਗਿਆਨ ਅਜਿਹਾ ਖ਼ਜ਼ਾਨਾ ਹੈ ਜਿਸਨੂੰ ਕਦੇ ਕੋਈ ਲੁੱਟ ਨਹੀਂ ਸਕਦਾ। ਕਿਤਾਬਾਂ ਨਾਲ ਸਾਂਝ ਪਾਉਣੀ ਬਹੁਤ ਜਰੂਰੀ ਹੈ ਨਹੀਂ ਤਾਂ ਅਸੀਂ ਜੜ੍ਹਾਂ ਤੋਂ ਦੂਰ ਹੋ ਜਾਵਾਂਗੇ, ਅਤੇ ਬਿਨ੍ਹਾਂ ਜੜ੍ਹਾਂ ਤੋਂ ਰੁੱਖ ਦਾ ਕੀ ਹਾਲ ਹੈ ਇਹ ਤੇ ਅਸੀਂ ਸਭ ਜਾਣਦੇ ਹੀ ਹਾਂ। ਕਿਤਾਬਾਂ ਦੀ ਸਾਂਝ ਵਧਾਓ, ਕਿਸੇ ਨਾ ਕਿਸੇ ਮੌਕੇ ਜਾਂ ਵੈਸੇ ਵੀ ਆਪਣੇ ਨਾਲ ਜੁੜੇ ਲੋਕਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਂਦੇ ਰਹੋ, ਅਗਰ ਇਸ ਤਰਾਂ ਦਾ ਲੈਣ ਦੇਣ ਸ਼ੁਰੂ ਹੋ ਜਾਵੇ ਤਾਂ ਹਰ ਕੋਈ ਸਿਆਣਾ ਅਤੇ ਸੂਝਵਾਨ ਹੋ ਸਕਦਾ ਜਿਸ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਵੀ ਆਸਾਨ ਹੋ ਸਕਦੀਆਂ ਹਨ। ਆਓ ਅਸੀਂ ਸਭ ਇਹ ਉਪਰਾਲਾ ਕਰੀਏ ਤੇ ਕਿਤਾਬ ਦੀ ਹੋਂਦ ਨੂੰ ਸਿਰਫ ਕਲਾਸ ਵਿੱਚ ਸਲੇਬਸ ਦੇ ਤੌਰ ਨਾ ਪੜ੍ਹ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਆਪਣੇ ਤੇ
ਕਿਤਾਬ ਦੀ ਹੋਂਦ ਨੂੰ ਬਚਾਈਏ।
ਸਨਦੀਪ ਸਿੰਘ ਸਿੱਧੂ
9463661542


Related News