ਜ਼ਿੰਦਗੀ ਦਾ ਮਕਸਦ

06/01/2017 4:16:05 PM

ਤੇਰੀ ਜ਼ਿੰਦਗੀ ਦਾ ਮਕਸਦ ਏਹ ਨਹੀਂ ਕੁਝ ਹੋਰ ਐ
ਹਨੇਰਾ ਸਿਰਜਣਾ ਤੇਰਾ ਕੰਮ ਨਹੀਂ, ਤੂੰ ਤਾਂ ਉਹ ਲੋ ਐਂ
ਚੰਨ ਤਾਰਿਆਂ ਦੇ ਸੁਪਨੇ ਲੈ, ਐਵੇਂ ਜ਼ਿੰਦਗੀ ਨੂੰ ਰੋਲ ਨਾ
ਕਰਨਾ ਬਹੁਤ ਕੁਝ ਹੈ ਜਿੰਦਗੀ ਵਿੱਚ ਐਵੈਂ ਕੌਡੀਆਂ ਦੇ ਭਾਅ ਜਿੰਦਗੀ ਤੋਲ ਨਾ
ਸੀਨੇ 'ਚ ਤੀਰ ਖਾ ਕੇ, ਅੱਖਾਂ 'ਚ ਅੰਗਾਰੇ, ਭਰ ਸੁਪਨਿਆਂ ਦੇ
ਤੂੰ ਕੀ ਹੈ, ਕੀ ਹੋ ਗਿਆ, ਤੇਰੀ ਤਾਂ ਹੌਂਦ ਹੀ ਕੁਝ ਹੋਰ ਐ
ਅੰਦਰ ਤੇਰੇ ਨੇ ਬਿਜਲੀਆਂ, ਚਮਕ ਜਾ ਵਿੱਚ ਅਸਮਾਨ ਦੇ
ਤੂੰ ਫੜ ਕੇ ਪੱਲਾ ਮੇਹਨਤ ਦਾ, ਛਾ ਜਾਂ ਅੱਜ ਜਹਾਨ ਤੇ
ਆਇਆ ਏ ਜਿਸ ਕੰਮ ਧਰਤ ਤੇ, ਪਹਿਚਾਣ ਤੂੰ ਕੀ, ਤੇ ਕੌਣ ਏ
ਕਰਨਾ ਏ ਕੀ, ਕੀ ਕਰ ਸਕੇ, ਦਸ ਦੇ ਤੂੰ ਦੁਨੀਆਂ ਨੂੰ ਕੌਣ ਏ
ਹੈ ਅੰਸ਼ ਤੂੰ ਉਸ ਕਰਤਾਰ ਦਾ ਬਣ ਕੇ ਵਿਖਾ ਫਿਰ ਉਸ ਜਿਹਾ
ਸ਼ਕਤੀ ਅਥਾਹ ਤੇਰੇ ਅੰਦਰ, ਕਰ ਕੇ ਵਿਖਾ ਫਿਰ ਉਸ ਜਿਹਾ
ਬੰਦੇ ਤੂੰ ਉਹ ਇਨਸਾਨ ਨਹੀਂ, ਜਿਸ ਨੂੰ ਕਹਿੰਦੇ ਨੇ ਆਦਮੀ
ਸ਼ਕਤੀ ਪਹਿਚਾਣ ਤੂੰ ਆਪਣੀ, ਬਣ ਕੇ ਵਿਖਾ ਇੱਕ ਜ਼ਿੰਦਗੀ
-ਕਸ਼ਮੀਰ ਗਿੱਲ (ਮਾਸਟਰ)
-ਸ.ਸ.ਸ.ਸਕੂਲ, ਗੁਮਾਨਪੁਰਾ,
- ਅੰਮ੍ਰਿਤਸਰ।


Related News