ਪੋਲੀਥੀਨ ...  ਸਾਡੀ ਦੋਸਤ ਜਾਂ ਦੁਸ਼ਮਣ?

09/08/2017 5:24:00 PM

     ਅੱਜ ਪੋਲੀਥੀਨ ਸਾਡੀ ਜਿੰਦਗੀ ਦਾ ਅਭਿੰਨ ਅੰਗ ਬਣ ਚੁੱਕਾ ਹੈ। ਜਦੋਂ ਕਦੇ ਵੀ ਅਸੀਂ ਬਾਜ਼ਾਰ ਵਿੱਚੋਂ ਕੋਈ ਵੀ ਚੀਜ ਖਰੀਦਦੇ ਹਾਂ ਤਾਂ ਪੋਲੀਥੀਨ ਬੈਗ ਦਾ ਪ੍ਰਯੋਗ ਆਮ ਕਰਦੇ ਹਾਂ। ਜਿਵੇਂ ਜਿਵੇਂ ਪੋਲੀਥੀਨ ਦਾ ਪ੍ਰਯੋਗ ਵੱਧਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਵਾਤਾਵਰਨ ਲਈ ਖਤਰਾ ਵੀ ਵੱਧਦਾ ਜਾ ਰਿਹਾ ਹੈ ਅਤੇ ਸ਼ਾਇਦ ਇਹ ਪੋਲੀਥੀਨ ਹੀ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਘਾਤਕ ਸਿੱਧ ਹੋਵੇ।
      ਪੋਲੀਥੀਨ ਹਾਈਡਰੋ-ਕਾਰਬਨਾਂ ਦੀ ਇੱਕ ਲੰਬੀ ਲੜੀ ਹੁੰਦੀ ਹੈ ਜਿਸਦਾ ਸਭ ਤੋਂ ਪਹਿਲਾਂ ਨਿਰਮਾਣ ਜਰਮਨ ਦੇ ਰਸਾਇਣ ਵਿਗਿਆਨੀ ਹੰਸ ਬੋਨ ਪੋਂਚਮਨ ਨੇ 1898 ਵਿੱਚ ਕੀਤਾ ਪਰੰਤੂ ਪ੍ਰਯੋਗਿਕ ਤੌਰ ਤੇ ਇਸ ਦਾ ਨਿਰਮਾਣ ਇੰਗਲੈਂਡ ਦੀ ਜੋੜੀ  ਏਰਿਕ ਪੈਸਕੇਟ ਅਤੇ ਰਿਗਨਾਰਡ  ਗਿਬਸਨ ਨੇ ਇਥਾਲੀਨ ਅਤੇ ਬੈਂਜਾ ਅਲਡੀਹਾਈਡ ਦੇ ਮਿਸ਼ਰਣ ਨੂੰ ਉਚ ਦਬਾਬ ਅਧੀਨ 1933 ਵਿੱਚ ਕੀਤਾ ਪਰੰਤੂ ਇਹ ਜੋੜੀ ਵੀ ਇਸ ਦਾ ਦੁਬਾਰਾ ਨਿਰਮਾਣ ਨਹੀ ਕਰ ਸਕੀ। 1935 ਵਿੱਚ ਮਾਇਕਲ ਪੈਰਿਨ ਨੇ ਇਸ ਨੂੰ ਤਿਆਰ ਕਰਨ ਦੀ ਵਿਧੀ ਤਿਆਰ ਕਰ ਦਿੱਤੀ ਅਤੇ 1939 ਤੋਂ ਇਸ ਦਾ ਨਿਰਮਾਣ  ਵਪਾਰਿਕ ਪੱਧਰ ਤੇ  ਸ਼ੁਰੂ ਹੋ ਗਿਆ। ਪੋਲੀਥੀਨ ਦਾ ਪ੍ਰਯੋਗ ਕਈ  ਖੇਤਰਾਂ ਵਿੱਚ ਹੁੰਦਾ ਹੈ। ਫੋਮ ਰੂਪ ਵਿੱਚ ਇਸਦਾ ਪ੍ਰਯੋਗ ਪੈਕਿੰਗ,ਕੁਚਾਲਕ,ਗੱਦੇ ਅਤੇ ਝਟਕਿਆਂ ਤੋਂ ਬਚਾਉਣ ਵਾਲੇ ਪਦਾਰਥਾਂ ਦੇ ਰੂਪ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਕਈ ਤਰਾਂ ਦੇ ਸਮਾਨ ( ਕਪੜਾ,ਖੇਡਾਂ ਦਾ ਸਮਾਨ,ਫ੍ਰੋਜਨ ਫੂਡ ਆਦਿ) ਨੂੰ ਲਪੇਟਣ ਅਤੇ ਥੈਲਿਆਂ ਦੇ ਰੂਪ ਵਿੱਚ ਹੁੰਦਾ ਹੈ। 
       ਕਿਸੇ ਸਮੇਂ  ਬਾਜਾਰ ਤੋਂ ਸਮਾਨ ਲਿਆਉਣ ਲਈ ਘਰ ਤੋਂ ਥੈਲਾ ਲੈ ਕੇ ਜਾਇਆ ਜਾਂਦਾ ਸੀ ਅਤੇ ਜੇਕਰ ਕਦੇ ਥੈਲਾ ਲੈ ਜਾਣਾ ਭੁੱਲ ਜਾਂਦੇ ਸੀ ਤਾਂ ਦੁਕਾਨਦਾਰ ਸਮਾਨ ਦੇਣ ਤੋਂ ਵੀ ਇਨਕਾਰ ਕਰ ਦਿੰਦਾ ਸੀ ਪਰੰਤੂ ਅੱਜ ਕੱਲ ਤਾਂ ਤੁਸੀਂ ਅਜੇ ਪੇਮੈਂਟ ਵੀ ਨਹੀ ਕੀਤੀ ਹੁੰਦੀ ਤੇ ਦੁਕਾਨਦਾਰ ਪੋਲੀਥੀਨ ਬੈਗ ਵਿੱਚ ਸਮਾਨ ਪਾ ਕੇ ਪਹਿਲਾਂ ਹੀ ਤੁਹਾਨੂੰ ਪਕੜਾ ਦਿੰਦਾ ਹੈ। ਪੋਲੀਥੀਨ ਦਾ ਪ੍ਰਯੋਗ ਤਾਂ ਅਸੀਂ  ਧੜੱਲੇ ਨਾਲ ਕਰੀ ਜਾ ਰਹੇ ਹਾਂ ਪਰੰਤੂ ਇਸ ਦੇ ਪ੍ਰਯੋਗ ਦੇ ਬੁਰੇ ਪ੍ਰਭਾਵਾਂ ਵਾਰੇ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ।
       ਪੋਲੀਥੀਨ ਇੱਕ ਅਜੈਵਿਕ ( ਨਾ ਨਸ਼ਟ ਹੋਣ ਵਾਲਾ) ਪਦਾਰਥ ਹੈ ਜੋ ਮੁੱਖ ਰੂਪ ਵਿੱਚ ਪੈਟ੍ਰੋਲਿਅਮ ਪਦਾਰਥਾਂ ਤੋਂ ਤਿਆਰ ਹੁੰਦਾ ਹੈ ਅਤੇ  ਇਸ ਨੂੰ ਬਿਨਾਂ ਉਪਚਾਰ ਤੋਂ ਨਸ਼ਟ ਨਹੀ ਕੀਤਾ ਜਾ ਸਕਦਾ। ਇਹ ਹੌਲੀ-ਹੌਲੀ ਧਰਤੀ ਹੋਠਾਂ ਜਮਾ ਹੁੰਦਾ ਰਹਿੰਦਾ ਹੈ ਜਿਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟਦੀ ਹੈ। ਅੱਜ ਪੂਰੇ ਵਿਸ਼ਵ ਵਿੱਚ ਲੱਗਭਗ 3 ਮਿਲੀਅਨ ਪੋਲੀਥੀਨ ਬੈਗ ਦਾ ਪ੍ਰਯੋਗ ਹੋ ਰਿਹਾ ਹੈ ਜਿਨਾਂ ਵਿੱਚੋਂ ਕੁੱਝ ਨਦੀਆਂ ਨਾਲਿਆਂ ਵਿੱਚ ਫੱਸ ਕੇ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਪੈਦਾ ਕਰਕੇ ਗੰਦਗੀ ਦਾ ਕਾਰਣ ਬਣ ਰਹੇ ਹਨ,ਬਾਕੀ ਦੇ ਜਲ ਸਰੌਤਾਂ ਵਿੱਚ ਪਹੁੰਚ ਕੇ ਪਾਣੀ ਦੇ ਜੀਵਾਂ ਲਈ ਵੀ ਮੁਸ਼ਿਕਲਾਂ ਪੈਦਾ ਕਰ ਰਹੇ ਹਨ। ਅਵਾਰਾਂ ਪਸ਼ੂ ਵੀ ਗੰਦਗੀ ਦੇ ਢੇਰਾਂ ਤੋਂ ਪੋਲੀਥੀਨ ਬੈਗਾਂ ਨੂੰ ਖਾ ਲੈਂਦੇ ਹਨ ਅਤੇ ਉਹਨਾਂ ਲਈ ਵੀ ਮੌਤ ਦਾ ਕਾਰਣ ਬਣ ਰਹੇ ਹਨ।
      ਪਿਛਲੇ ਕੁੱਝ ਦਹਾਕਿਆਂ ਤੋਂ ਹਿਮਾਲਿਆ ਖੇਤਰ ਦੇ ਗਲੇਸ਼ਿਅਰਾਂ ਦੀ ਉਚਾਈ ਵਿੱਚ ਵੀ ਕਮੀ ਆਈ ਹੈ ਜਿਸ ਦਾ ਮੁੱਖ ਕਾਰਣ ਇਹਨਾਂ ਖੇਤਰਾਂ ਵਿੱਚ ਪੋਲਾਥੀਨ ਦਾ ਪ੍ਰਯੋਗ ਪਾਇਆ ਗਿਆ ਹੈ। ਅੱਜ ਇਹਨਾਂ ਖੇਤਰਾਂ ਵਿੱਚ ਪੋਲੀਥੀਨ ਦੇ  ਪ੍ਰਯੋਗ ਤੇ ਪੂਰਨ ਪਾਬੰਦੀ ਹੈ। ਪੋਲੀਥੀਨ ਦੇ ਬੁਰੇ ਪ੍ਰਭਾਵਾਂ ਨੂੰ ਵੇਖਦੇ ਹੋਏ ਹਿਮਾਚਲ ਸਰਕਾਰ ਨੇ ਵੀ ਪ੍ਰਦੇਸ਼ ਵਿੱਚ ਪੋਲੀਥੀਨ ਦੇ  ਪ੍ਰਯੋਗ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ। ਪੰਜਾਬ ਸਰਕਾਰ ਨੇ  1 ਮਈ 2011 ਵਿੱਚ 30 ਮਾਈਕ੍ਰੋਮ ਤੋਂ ਹੇਠਾਂ ਦੇ ਪੋਲੀਥੀਨ ਦੇ ਬੈਗਾਂ ਤੇ ਲਗਾਈ ਸੀ ਅਤੇ  2016 ਵਿੱਚ ਪੋਲੀਥੀਨ ਦੇ ਪੂਰਨ  ਪ੍ਰਯੋਗ ਤੇ ਪਾਬੰਦੀ ਲਗਾਈ  ਪਰੰਤੂ  ਇਹ ਪਾਬੰਦੀ ਕੇਵਲ ਕਾਗਜਾਂ ਤੱਕ ਹੀ ਸੀਮਿਤ ਹੈ ਅਤੇ ਅੱਜ ਪੰਜਾਬ ਵਿੱਚ ਪੋਲੀਥੀਨ ਬੈਗਾਂ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ। ਜੇਕਰ ਸਰਕਾਰ ਸੱਚਮੁਚ ਵਿੱਚ ਪੋਲੀਥੀਨ ਤੋਂ ਛੁੱਟਕਾਰਾ ਪਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਸਖਤ ਕਦਮ ਚੁੱਕਣੇ ਪੈਣੇ ਹਨ। ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਪੋਲੀਥੀਨ ਦੇ ਬੁਰੇ ਪ੍ਰਭਾਵਾਂ  ਵਾਰੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਧਰਤੀ ਮਾਤਾ ਨੂੰ ਖਤਰੇ ਤੋਂ ਬਚਾਇਆ ਜਾ ਸਕੇ।
- ਤਰਸੇਮ ਸਿੰਘ
- ਮਾਡਲ ਟਾਊਨ ਮੁਕੇਰੀਆਂ ( ਹੁਸ਼ਿਆਰਪੁਰ)                                                
- 9464730770      


Related News