ਦੇਖਿਆ ਸੁੱਟ ਦਿਤਾ ਨਾ ਪਰਦਾ

06/16/2017 2:45:41 PM

ਕਿਸ਼ਨਗੜ ਤੋਂ ਪਟਿਆਲੇ ਦਾ ਹੀ ਸੀਨ ਦਿਸਿਆ ਸੀ 
ਕਹਾਣੀ ਸ਼ੁਰੂ ਹੋਣੀ ਸੀ ਅਜੇ
ਅਰਬਦ ਨਰਬਦ ਧੁੰਦੂਕਾਰਾ
ਬਗ਼ਾਨੇ ਬੋਹੜ ਦੀ ਛਾਂ ਥੱਲੇ ਅਜੇ ਰੁੱਕਣਾ ਸੀ

ਨਿੱਕੇ ਸੂਰਜਾਂ ਦੀ ਲੜਾਈ ਚ
ਝਨਾਂ ਦੇ ਪਾਣੀ ਵਗਦੇ ਦੇਖਣੇ ਸਨ ਅਜੇ

ਤੂੰ ਯਾਰ
ਪਹਿਲਾਂ ਹੀ ਸੱਤ ਬਗ਼ਾਨਿਆਂ ਵਾਂਗ ਟੁਰ ਗਿਆ
ਬਿਨ ਮਿਲੇ

ਨਾ ਕੋਈ ਗੱਲਬਾਤ ਕੀਤੀ
ਏਡੀ ਵੀ ਕੀ ਨਰਾਜ਼ਗੀ?

ਕਰ ਗਿਆ ਨਾ ਨਾਟਕ ਲੋਕਾਂ ਨਾਲ
ਅੰਧੇਰ ਮਹਿਫ਼ਿਲ 'ਚ

ਧਰਤ ਸਟੇਜ ਦੀ ਰੂਹ ਖੱਲੀ ਸੀ ਅਜੇ
ਹਸਪਤਾਲ ਚ ਤਾਂ ਮਿਲਣ ਤੋਂ
ਨਾਹ ਕਹਿ ਦਿਤੀ ਸਾਰਿਆਂ ਨੂੰ
ਘਰ ਗਏ ਤਾਂ
ਨੇਮ ਪਲੇਟ ਵੀ ਨਹੀਂ ਸੀ

ਯਾਰ ਏਦਾਂ ਵੀ ਕੋਈ ਜਾਂਦਾ ਹੈ
ਛੱਡ ਕੇ ਅਧੂਰਾ ਨਾਟਕ
ਲੋਕ-ਹੱਕਾਂ ਦੀਆਂ ਹੂਕਾਂ ਵਿਚੇ

ਦੋਸਤਾਂ ਦਾ ਸੀਨਾ ਬੁਝਾ ਦਿਤਾ ਤੈਂ
ਜਾਣ ਲੱਗਾ ਬੰਦਾ ਇੱਕ ਵਾਰ ਤਾਂ ਦੱਸਦਾ ਯਾਰਾਂ ਨੂੰ
ਕੋਈ ਤਾਂ ਕਹਿੰਦਾ ਦਿਲ ਦੀ

ਕਿਰਦਾਰ ਹੀ ਸਜੇ ਸਨ
ਮਿੱਟੀ ਹੀ ਕੂਕੀ ਸੀ ਅਜੇ ਤਾਂ 
ਦੇਖਣਾ ਸੀ ਲੋਕਾਂ ਨੇ ਅਜੇ
ਕਿ ਕਿੰਜ਼ ਧੜਕਨ ਬਿਨ ਦਿਲ ਵੀ ਟੁਰ ਸਕਦਾ ਹੈ-
ਜੁਗਨੂੰ ਵੀ ਘੱਟ ਨਹੀਂ ਹੁੰਦੇ ਹਨੇਰੇ ਲਈ

ਤੇਰੇ ਖੁਸ਼ਬੋ ਭਰੇ ਹੱਥਾਂ ਨੂੰ
ਚੁੰਮਣਾਂ ਸੀ ਅਜੇ ਅਸੀਂ
ਕੁਝ ਤਾਂ ਅਰਮਾਨ ਪਿਘਲਦੇ
ਪਲ ਭਰ ਹੋਰ ਸਾਹ ਤੁਰਦੇ

ਅਮਰਜੀਤ ਟਾਂਡਾ
ਫੋਨ ਨੰਬਰ—0296823030
ਮੋਬਾਇਲ ਨੰ. 0417271147


Related News