ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...

05/19/2017 3:47:43 PM

ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...
ਬਚਪਨ ਚੇਤੇ ਕਰਾ, ਮਾਂ ਮੈਨੂੰ ਗਲਵਕੜੀ ਪਾਉਂਦੀ,
ਮੂੰਹ ''ਤੇ ਫੇਰ ਹੱਥ ਚਾਵਾਂ ਨਾਲ ਨਹਿਲਾਉਂਦੀ।
ਰੋਣ ਲੱਗ ਜਾਣਾ ਜਦ, ਮਾਂ ਲਾਡ ਲਡਾਉਂਦੀ,
ਮੈਂ ਹੋਣਾ ਗਿਲੀ ਥਾਂ, ਮਾਂ ਸੁੱਕੀ ਥਾਂ ''ਤੇ ਪਾਉਂਦੀ।
ਚੁੱਲ੍ਹੇ ਮੂਹਰੇ ਬਿਠਾ ਕੋਲ ਬੁਰਕੀ ਮੂੰਹ ''ਚ ਪਾਉਂਦੀ,
ਕਰਨੀ ਜਦ ਗਲਤੀ, ਮਾਂ ਝੂਠਾ ਜਿਹਾ ਮਾਰ ਰਵਾਉਂਦੀ।
ਮਾਂ ਬਾਤਾਂ ਸੁਣਾਉਂਦੀ, ਬੁਕਲ ਵਿੱਚ ਲੈ ਮੈਨੂੰ ਹਸਾਉਂਦੀ,
ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...
ਖੇਡ ਕੇ ਆ..ਜਾਣਾ ਜਦੋਂ, ਮਾਂ ਬੜਾ ਦੁਰਲਾਉਂਦੀ,
ਠੰਡੀ ਜਿਹੀ ਛਾਂ, ਮਾਂ ਮੇਰੇ ਲਈ ਦੁਆਵਾਂ ਫਰਮਾਉਂਦੀ।
ਫੁਲਕਾਰੀ ਦੇ ਫੁੱਲਾਂ ਵਾਂਗੂੰ, ਮਾਂ ਮੈਨੂੰ ਖਿੜਨਾ ਸਿਖਾਉਂਦੀ,
ਰੋਟੀ ਰੱਜ ਕੇ ਖੁਆ ਮੈਨੂੰ,ਆਪ ਭੁੱਖੀ ਖੋਰੇ ਸਾਉਂਦੀ ।
ਚੋਟ ਲੱਗ ਜਾਣੀ ਜਦ, ਮਾਂ ਭੱਜੀ ਫਿਕਰਾਂ ''ਚ ਆਉਂਦੀ,
ਸੱਟ ''ਤੇ ਫੂਕ ਮਾਰ ਪੁੱਤ-ਪੁੱਤ ਕਹਿ ਮਾਂ ਵਰਾਉਂਦੀ।
ਮਾਂ ਮੈਨੂੰ ਖੁਸ਼ ਰੱਖ ਦੀ ''ਤੇ ਚੂਰੀ ਕੁੱਟ ਖਵਾਉਂਦੀ,
ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...
ਖੇਡਣ ਵਾਲੇ ਖਿਡੌਣੇ, ਮਾਂ ਮੇਰੇ ਲਈ ਸੀ ਲਿਆਉਂਦੀ,
ਠੰਡਾ ਆਉਣ ''ਤੇ ਸਵੈਟਰਾ,ਬੁਣ ਮਾਂ ਮੇਰੇ ਰਹੀ ਪਾਉਦੀ।
ਕੱਚੇ ਘਰ ਉਦੋਂ ਕੱਚੀਆਂ ਕੰਧਾ, ਮਾਂ ਚੱਕੀ ਚਲਾਉਦੀ,
ਪੀਹ ਦਾਣੇ ਚੱਕੀ ''ਤੇ, ਮਾਂ ਮੱਕੀ ਦੀਆਂ ਰੋਟੀਆਂ ਲਾਉਂਦੀ।
ਚਾਟੀ ''ਤੇ ਮਧਾਣੀ ਉਦੋਂ ਦਾਦੀ ਲੱਸੀ ਸੀ ਬਣਾਉਂਦੀ,
ਲੱਸੀ ਦਾ ਸੰਨਾ ਭਰ ਮਾਂ, ਮੈਨੂੰ ਚਾਵਾਂ ਨਾਲ ਪਿਲਾਉਂਦੀ।
ਬੁੱਲ੍ਹਾਂ ਉੱਤੇ ਲੱਗੀ ਝੱਗ ਮਾਂ ਚੁੰਨੀ ਨਾਲ ਲਾਉਦੀ,
ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...
ਕਿੰਨੀਆਂ ਹੀ ਦੁਆਵਾਂ ਮੰਗੇ ਸਦਾ ਮਾਂ ਮੇਰੇ ਲਈ,
ਕਿਵੇਂ ਕਰਜ ਚੁਕਾਵਾਗਾਂ ਲਫਜ਼ ਨਿਕਲਣ ਮੇਰੇ ਕੋਲੋਂ।
ਮਿੱਟੀ ਨਾਲ ਮਿੱਟੀ ਹੋਈ ਮਾਂ ਮੇਰੀ ਰਹਿੰਦੀ,
ਨਿੱਤ ਕੰਮ ਕਾਜ ਕਰਦੀ ਥੱਕਦੀ ਨਾ ਬਹਿੰਦੀ।
ਕਦੇ ਚੂਰੀ ਕੁੱਟ ਪਿਆਰ ਨਾਲ ਹੱਥੀਂ ਮੈਨੂੰ ਖਵਾਉਦੀ,
ਮੂੰਹ ਪਰਾ ਕਰਦਾ ਮੈਂ ,ਚੁੱਕ ਕੇ ਗੋਦੀ ਵਿੱਚ ਬਿਠਾਉਦੀ।
ਝੂਠੀਆਂ ਗੱਲਾਂ ਤੋਂ ਬਚਾ ਕੇ ਸੱਚੀਆਂ ਮੈਨੂੰ ਸੁਣਾਉਦੀ,
ਮਾਂ ਮੈਨੂੰ ਫਿਰ ਗਲਵਕੜੀ ਪਾਉਂਦੀ...
-ਜਮਨਾ ਸਿੰਘ ਗੋਬਿੰਦਗੜ੍ਹੀਆ,
- ਜ਼ਿਲ੍ਹਾ :(ਲੁਧਿ),ਡਾਕ:ਦੱਧਾਹੂਰ, ਫੋਨ :98724-62794


Related News