ਮਾਂ ਦਾ ਆਸ਼ੀਰਵਾਦ

05/18/2017 6:12:46 PM

ਬੱਚਿਓ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਦੇਸ਼ ''ਚ ਇੱਕ ਰਾਜਾ ਰਾਜ ਕਰਦਾ ਸੀ ਅਤੇ ਉਹ ਰਾਜਾ ਸਦਾ ਆਪਣੀ ਪਰਜਾ ਦੇ ਭਲਾਈ ਕੰਮਾਂ ''ਚ ਲੱਗਿਆ ਰਹਿੰਦਾ ਸੀ।  ਉਸਦੇ ਪਰਿਵਾਰ ''ਚ ਉਸ ਦੀ  ਰਾਣੀ ਅਤੇ ਇੱਕ ਛੋਟਾ ਬੱਚਾ ਸੀ। ਪਰਿਵਾਰ ਬੜ੍ਹਾ ਖੁਸ਼ ਸੀ। ਅਚਾਨਕ ਇੱਕ ਦੂਜੇ ਰਾਜੇ ਨੇ ਉਨ੍ਹਾਂ ਦੇ ਰਾਜ ''ਤੇ ਹਮਲਾ ਕਰ ਦਿੱਤਾ ਅਤੇ ਉਹ ਰਾਜਾ ਬੁਰੀ ਤਰ੍ਹਾਂ ਹਾਰ ਗਿਆ ਅਤੇ ਉਸ ਦਾ ਪਰਿਵਾਰ ਵੀ ਵਿਖਰ ਗਿਆ। ਉਹ ਛੋਟੇ ਬੱਚੇ ਨੂੰ ਨਾਲ ਲੈ ਕੇ ਕਿਤੇ ਦੂਰ ਚਲਾ ਗਿਆ ਅਤੇ ਰਾਣੀ ਵੀ ਕਿਸੇ ਹੋਰ ਪਾਸੇ ਚਲੀ ਗਈ।
  ਉਸ ਦੇਸ਼ ਦੇ ਲੋਕ ਆਪਣੇ ਰਾਜੇ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਨ੍ਹਾਂ ਨੇ ਕਈ ਸਾਲਾ ਬਾਅਦ ਨਵੇਂ ਰਾਜੇ ਦੇ ਜੁਲਮਾਂ ਤੋਂ ਦੁੱਖੀ ਹੋ ਕੇ ਉਸ ਵਿਰੁੱਧ ਬਗਾਵਤ ਕਰ ਕੇ ਦੇਸ਼ ''ਚੋਂ ਕੱਢ ਦਿੱਤਾ। ਪਹਿਲੇ ਰਾਜੇ ਨੂੰ ਜਿਉਂ ਹੀ ਪਤਾ ਲੱਗਿਆ ਉਹ ਆਪਣੇ ਗੁਪਤਵਾਸ ''ਚੋ ਆਪਣੇ ਬੇਟੇ ਨੂੰ ਲੈ ਕੇ ਆਪਣੇ ਰਾਜ ''ਚ ਵਾਪਸ ਆ ਗਿਆ। ਲੋਕਾਂ ਨੇ ਸਵਾਗਤ ਕੀਤਾ ਅਤੇ ਉਸ ਨੂੰ ਮੁੜ ਰਾਜ ਗੱਦੀ ਤੇ ਬਿਠਾ ਦਿੱਤਾ। ਉਸ ਦਾ ਪੁੱਤਰ ਵੀ ਹੁਣ ਸੁੰਦਰ ਜਵਾਨ ਹੋ ਗਿਆ ਸੀ ਪਰ ਰਾਣੀ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਰਾਜਾ ਬੁੱਢਾ ਅਤੇ ਕਮਜ਼ੋਰ ਹੋ ਗਿਆ ਅਤੇ ਉਹ ਬੇਟੇ ਨੂੰ ਸ਼ਾਦੀ ਲਈ ਆਖਦਾ ਰਹਿੰਦਾ ਪਰ ਕੋਈ ਚੰਗੀ ਰਾਜ ਕੁਮਾਰੀ ਨਾ ਮਿਲਣ ਕਰਕੇ, ਸ਼ਾਦੀ ਰੁੱਕੀ ਪਈ ਸੀ।
ਇੱਕ ਦਿਨ ਆਪਣੇ ਰਾਜ ''ਚ ਘੁੰਮਦੇ ਸਮੇਂ ਨੌਜਵਾਨ ਰਾਜ ਕੁਮਾਰ ਨੂੰ ਇੱਕ ਮਹਾਤਮਾ ਮਿਲਿਆ ਅਤੇ ਰਾਜ ਕੁਮਾਰ ਨੇ ਸਹਿਜ ਸੁਭਾ ਹੀ ਸਾਧੂ ਮਹਾਤਮਾ ਨੂੰ ਕਿਹਾ ਮਹਾਤਮਾ ਜੀ, ਮੇਰੀ ਸ਼ਾਦੀ ਲਈ ਕੋਈ ਚੰਗੀ ਰਾਜ ਕੁਮਾਰੀ ਨਹੀਂ ਮਿਲ ਰਹੀ, ਮੇਰੇ ਪਿਤਾ ਜੀ ਮੇਰੀ ਸ਼ਾਦੀ ਲਈ ਕਾਹਲੇ ਹਨ, ਕੋਈ ਉਪਾਅ ਦੱਸੋ ?'''' ਸਾਧੂ ਵੀ ਸ਼ਾਂਤ ਮਨ ਬੋਲ ਪਿਆ, ‘ਬੇਟਾ, ਸ਼ਾਦੀ ਤਾਂ ਹੋਣੀ ਹੀ ਹੈ ਪਰ ਇਸ ਲਈ ਤੈਨੂੰ ਮਾਂ ਦਾ ਆਸ਼ੀਰਵਾਦ ਲੈਣਾ ਹੋਵੇਗਾ। ਰਾਜ ਕੁਮਾਰ ਚਿੰਤਾ ''ਚ ਪੈ ਗਿਆ ਕਿਉਂਕਿ ਉਸ ਦੀ ਮਾਂ ਦਾ ਤਾਂ ਕੋਈ ਪਤਾ ਨਹੀਂ ਸੀ। ਫਿਰ ਇੱਕ ਦਿਨ ਉਹ ਰਾਜ ਕੁਮਾਰ ਸ਼ਿਕਾਰ ਖੇਡਣ ਲਈ ਜੰਗਲ ''ਚ ਚਲਾ ਗਿਆ, ਸੰਘਣੇ ਜੰਗਲ ''ਚ ਰਸਤਾ ਭੁੱਲ ਗਿਆ ਅਤੇ ਉਸ ਨੂੰ ਉਥੇ ਹੀ ਰਾਤ ਪੈ ਗਈ। ਉਸ ਨੂੰ ਆਪਣੀ ਜ਼ਿੰਦਗੀ ਖਤਰੇ ''ਚ ਲੱਗੀ ਪਰ ਅਚਾਨਕ ਹੀ ਉਸ ਨੂੰ ਨੇੜੇ ਹੀ ਇੱਕ ਝੋਪੜੀ ''ਚੋਂ ਰੋਸ਼ਨੀ ਨਜ਼ਰ ਆਈ। ਉਹ ਉਸ  ਰੋਸ਼ਨੀ ਦੀ ਸੇਧ ਝੋਪੜੀ ਪਾਸ ਪਹੁੰਚ ਗਿਆ। ਤਾਂ ਹੈਰਾਨ ਰਹਿ ਗਿਆ ਕਿ ਝੋਪੜੀ ''ਚ ਇੱਕ ਬੁੱਢੀ ਮਾਈ ਇੱਕਲੀ ਹੀ ਸੀ। ਉਸ ਨੇ ਮਾਈ ਨੂੰ ਰਾਤ ਰੁੱਕਣ ਲਈ ਬੇਨਤੀ ਕੀਤੀ।  ਮਾਈ ਵੀ ਨੌਜਵਾਨ ਨੂੰ ਦੇਖ ਬੋਲੀ, ਪੁੱਤਰ ਇਹ ਤੇਰਾ ਹੀ ਘਰ ਹੈ, ਤੂੰ ਖੁਸ਼ੀ ਨਾਲ ਰਾਤ ਠਹਿਰ ਸਕਦਾ ਹੈ ਅਤੇ ਮੈ ਤੇਰੇ ਲਈ ਖਾਣਾ ਤਿਆਰ ਕਰਦੀ ਹਾਂ ।
ਮਾਈ ਨੇ ਬੜੇ ਪਿਆਰ ਨਾਲ ਖਾਣਾ ਤਿਆਰ ਕੀਤਾ ਅਤੇ ਦੋਨੋ ਖਾਣਾ ਖਾਹ ਕੇ ਜ਼ਮੀਨ ਪਰ ਹੀ ਲੇਟ ਗਏ। ਰਾਜ ਕੁਮਾਰ ਨੂੰ ਨੀਂਦ ਨਹੀਂ ਆ ਰਹੀ ਸੀ ਅਤੇ ਉਹ ਸਾਰੀ ਰਾਤ ਮਾਈ ਦੇ ਪੈਰ ਘੁੱਟਦਾ ਹੋਇਆ ਜਾਗਦਾ ਹੀ ਰਿਹਾ। ਜਦੋਂ ਸਵੇਰ ਹੋਈ ਤਾਂ ਮਾਈ ਵੀ ਉਸ ਦੀ ਸੇਵਾ ਤੋਂ ਨਿਹਾਲ ਹੋ ਗਈ ਤੇ ਆਸ਼ੀਰਵਾਦ ਦਿੱਤਾ, ਪੁੱਤਰ ਤੂੰ ਭਲਾ ਇਨਸਾਨ ਏ ਤੈਨੂੰ ਜਲਦ ਹੀ ਸ਼ਾਦੀ ਲਈ ਸੁੰਦਰ ਕੰਨਿਆ ਮਿਲ ਜਾਵੇ ਅਤੇ ਤੂੰ ਆਪਣੇ ਪਰਿਵਾਰ ''ਚ ਖੁਸ਼ੀਆਂ ਮਾਣੇ ।ਰਾਜ ਕੁਮਾਰ ਦੀਆਂ ਅੱਖਾਂ ''ਚੋਂ ਅੱਥਰੂ ਆ ਗਏ ਅਤੇ ਮਾਈ ਤੋਂ ਵਿਦਾ ਹੋ ਕੇ ਜੰੰਗਲ ਪਾਰ ਕਰ, ਉਸੇ ਮਹਾਤਮਾ ਕੋਲ ਫਿਰ ਚਲਾ ਗਿਆ ਅਤੇ ਰਾਤ ਵਾਲੀ ਸਾਰੀ ਘਟਨਾ ਦੱਸੀ। ਇਹ ਸੁਣ ਸਾਧੂ ਵੀ ਬਹੁਤ ਪ੍ਰਸੰਨ ਹੋਇਆ ਅਤੇ ਕਿਹਾ, ਪੁੱਤਰ ਰਾਜਕੁਮਾਰ ਜੇਕਰ ਅੱਜ ਤੋਂ ਇੱਕ ਮਹੀਨੇ ਦੇ ਅੰਦਰ_ਅੰਦਰ ਤੈਨੂੰ ਸ਼ਾਦੀ ਲਈ ਕੋਈ ਚੰਗੀ ਰਾਜ ਕੁਮਾਰੀ ਮਿਲ ਜਾਂਦੀ ਹੈ ਤਾਂ ਤੂੰ ਯਕੀਨ ਸਮਝਣਾ ਕਿ ਉਹ ਮਾਈ ਤੇਰੀ ਅਸਲੀ ਮਾਂ ਹੀ ਹੈ।ਰਾਜ ਕੁਮਾਰ ਵੀ ਡੁੰਘੀਆਂ ਸੋਚਾਂ ''ਚ ਪੈ ਗਿਆ ਅਤੇ ਉਸ ਨੇ ਸਾਰੀ ਕਹਾਣੀ ਆਪਣੇ ਪਿਤਾ ਜੀ ਨੂੰ ਵੀ ਦੱਸ ਦਿੱਤੀ।
ਹੁਣ ਕੁਝ ਦਿਨ੍ਹਾਂ ਬਾਅਦ ਹੀ ਇੱਕ ਨਜ਼ਦੀਕ ਦੇ ਰਾਜੇ ਨੇ ਆਪਣੀ ਰਾਜਕੁਮਾਰੀ ਦੀ ਸ਼ਾਦੀ ਉਸ ਰਾਜ ਕੁਮਾਰ ਨਾਲ ਕਰਨ ਦਾ ਫੈਸਲਾ ਕੀਤਾ ਅਤੇ ਮੰਗਣੀ ਪੱਕੀ ਹੋ ਗਈ। ਹੁਣ ਰਾਜ ਕੁਮਾਰ ਨੂੰ ਯਕੀਨ ਹੋ ਗਿਆ ਕਿ ਉਹ ਜੰਗਲ ''ਚ ਰਹਿੰਦੀ ਬੁੱਢੀ ਮਾਈ ਉਸ ਦੀ ਆਪਣੀ ਅਸਲੀ ਮਾਂ ਹੀ ਹੈ।ਉਹ ਮੁੜ ਜੰਗਲ ''ਚ ਗਿਆ ਅਤੇ ਬੁੱਢੀ ਦੀ ਝੋਪੜੀ ਲੱਭ ਕੇ, ਉਸ ਦੇ ਚਰਨਾਂ ''ਚ ਨਮਸਕਾਰ ਕੀਤਾ ਜਦੋ ਉਸ ਨੇ ਮਹਾਤਮਾਂ ਵਾਲੀ ਗੱਲ ਮਾਈ ਨੂੰ ਦੱਸੀ ਤਾਂ ਮਾਈ ਨੂੰ ਆਪਣਾ ਬੀਤੀਆਂ ਸਾਰਾ ਸਮਾਂ ਯਾਦ ਆ ਗਿਆ ਅਤੇ ਉਹ ਰਾਜਕੁਮਾਰ ਦਾ ਮੱਥਾ ਚੁੰਮਣ ਲੱਗੀ। ਰਾਜਕੁਮਾਰ ਦੇ ਕਹਿਣ ਤੇ ਉਹ ਮਾਈ ਉਸ ਨਾਲ ਮੁੜ੍ਹ ਮਹਿਲਾਂ ''ਚ ਆ ਗਈ। ਸਾਰੇ ਦੇਸ ''ਚ ਅਥਾਹ ਖੁਸ਼ੀਆਂ ਮਨਾਈਆਂ ਗਈਆਂ ਅਤੇ ਰਾਜ ਕੁਮਾਰ ਦੀ ਸ਼ਾਦੀ ਬਹੁਤ ਹੀ ਧੂਮ ਧਾਮ ਨਾਲ ਕੀਤੀ ਗਈ। ਇੱਕ ਵਾਰ ਫਿਰ ਪਰਿਵਾਰ ''ਚ ਖੁਸ਼ੀਆਂ ਆ ਗਈਆਂ।
ਬੱਚਿਓ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬੱਚਾ ਜ਼ਿੰਦਗੀ ''ਚ ਜੋ ਮਰਜ਼ੀ ਬਣ ਜਾਵੇ, ਵੱਡਾ ਅਫਸਰ, ਅਮੀਰ ਅਤੇ ਉੱਚੇ ਰੁਤਬੇ ਵਾਲਾ ਹੋ ਜਾਵੇ ਪਰ ਮਾਤਾ ਪਿਤਾ ਦੇ ਆਸ਼ੀਰਵਾਦ ਤੋਂ ਬਿਨ੍ਹਾਂ ਉਸ ਨੂੰ ਸੁੱਖ ਪ੍ਰਾਪਤ ਨਹੀਂ ਹੋ ਸਕਦੇ ਅਤੇ ਹਰ ਇੱਕ ਬੱਚੇ ਨੂੰ ਆਪਣੇ ਬਜ਼ੁਰਗ ਮਾਤਾ_ਪਿਤਾ ਦੀ ਭਰਪੂਰ ਸੇਵਾ ਕਰਨੀ ਚਾਹੀਦੀ ਹੈ।
      
      ਬਹਾਦਰ ਸਿੰਘ ਗੋਸਲ
      ਮਕਾਨ ਨੰ: 3098,ਸੈਕਟਰ_37 ਡੀ,
      ਚੰਡੀਗੜ੍ਹ। ਮੋ: 9876452223


Related News