ਸੱਸ ਦਾ ਸੂਟ

05/24/2017 6:11:41 PM

 ਸੱਸ ਦਾ ਸੂਟ                                   
          ਗੁਆਂਢ ''ਚ ਸਪੀਕਰ ਵੱਜ ਰਿਹਾ ਸੀ। ਛੱਤ ਤੇ ਦੋ ਮੰਜੇ ਜੋੜ ਕੇ ਬੰਨਿਆ ਸਪੀਕਰ ਕੱਲ੍ਹ ਤੋਂ ਵੱਜ ਰਿਹਾ ਸੀ। ਕਈ ਸਾਲਾਂ ਬਾਅਦ ਵੱਜਿਆ ਸੀ ਇਸ ਤਰ੍ਹਾਂ ਸਪੀਕਰ। ਅਮਨ ਦੇ ਵਿਆਹ ਦਾ ਸਪੀਕਰ। ਅਮਨ ਰੱਜੋ ਦਾ ਦਿਓਰ ਸੀ ਰੀਕੇ ਵਿਚੋਂ। ਥੋੜ੍ਹੀ ਦੇਰ ਤੱਕ ਅਮਨ ਦੀ ਜੰਝ ਚੜ੍ਹਨੀ ਸੀ। ਲੋਕ ਕਹਿੰਦੇ ਹਨ ਕਿ ‘ਪੜ੍ਹਾਈ ਨੇ ਸਭਿਆਚਾਰ ਖਾ ਲਿਆ। ਪਰ ਅਮਨ ਤਾਂ ਸਭਿਆਚਾਰ ਦਾ ਦਾਈ ਏ। ਇਸੇ ਕਾਰਨ ਪਿੰਡ ਦੇ ਕਿਸੇ ਕੋਠੇ ਤੇ ਵਰ੍ਹਿਆਂ ਬਾਅਦ ਇਸ ਤਰ੍ਹਾਂ ਮੰਜੇ ਜੋੜ ਕੇ ਸਪੀਕਰ ਲੱਗੇ ਸਨ। ਪਿੰਡ ਦੀ ਸੱਥ ''ਚ ਗੱਲਾਂ ਹੁੰਦੀਆਂ ਰਹਿੰਦੀਆਂ ਕਿ ਲੰਬੜਦਾਰ ਤੀਰਥ ਸਿੰਘ ਨੇ ਇਕਲੌਤੇ ਪੁੱਤ ਦੀ ਵਿਆਹ ਦੀ ਵੱਤ ਖੁੰਝਾ ਦਿੱਤੀ। ਗੱਲ ਹੈ ਵੀ ਸਹੀ ਸੀ। ਜੇ ਅਮਨ ਜਮਾਨੇ ਦੇ ਚੱਲਦੇ ਵਹਿਣ ਅਨੁਸਾਰ ਸਹੀ ਉਮਰੇ ਵਿਆਹਿਆ ਜਾਂਦਾ ਤਾਂ ਉਸ ਸਮੇਂ ਕੋਠਿਆਂ ''ਤੇ ਮੰਜੇ ਜੋੜ ਕੇ ਸਪੀਕਰ ਲਾਉਣ ਦਾ ਹੀ ਜਮਾਨਾ ਸੀ ਪਰ ਅਮਨ ਪੜ੍ਹਾਈ ਕਰਦਾ_ਕਰਦਾ ਜਮਾਤਾਂ ਮੁਕਾਉਣ ਦੇ ਚੱਕਰ ''ਚ ਅਜਿਹਾ ਪਿਆ ਕਿ ਉਮਰ ਦੇ ਉਹ ਵਰ੍ਹੇ ਖੁੰਝ ਗਏ ਸਨ। ਜੇ ਅਮਨ ਸਹੀ ਉਮਰ ''ਚ ਮੰਗਿਆ ਜਾਂਦਾ ਤਾਂ ਅੱਜ ਉਸ ਦੇ ਜੁਆਕ ਬਚਪਨ ਪਾਰ ਕਰ ਰਹੇ ਹੁੰਦੇ। ਸਾਰੇ ਪਿੰਡ ਦੀ ਲੰਬੀ ਉਡੀਕ ਦਾ ਖਾਤਮਾ ਕਰਦਿਆਂ ਜਦ ਅਮਨ ਮੰਗਿਆ ਗਿਆ ਤਾਂ ਉਸ ਦੇ ਵਿਆਹ ਦਾ ਰੱਖਿਆ ਦਿਨ ਇਕ ਵਾਰ ਮੁਲਤਵੀ ਕਰਨਾ ਪਿਆ ਸੀ ਕਿਉਂ ਕਿ ਅਮਨ ਦਾ ਸਹੁਰਾ ਵਿਦੇਸ ਗਿਆ ਹੋਇਆ ਸੀ। ਕਿਸੇ ਕਾਰਨ ਉਹ ਆ ਨਹੀਂ ਸੀ ਸਕਦਾ। ਜਿਸ ਕਾਰਨ ਵਿਆਹ ਦਾ ਦਿਨ ਰੱਖ ਕੇ ਥੋੜ੍ਹੇ ਦਿਨਾਂ ਬਾਅਦ ਹੀ ਮੁਲਤਵੀ ਕਰਨਾ ਪਿਆ।
            ਅਮਨ ਦੇ ਸ਼ਰੀਕੇ ''ਚ ਲੱਗਦੇ ਉਸ ਦੇ ਭਰਾਵਾਂ ''ਚ ਕਈਆਂ ਦੇ ਨਿਆਣੇ ਵਿਆਹੇ ਗਏ ਸਨ। ਉਸ ਦੀ ਚਹੇਤੀ ਭਾਬੀ ਰੱਜੋ ਦਾ ਮੁੰਡਾ ਪਿੱਛਲੇ ਸਾਲ ਹੀ ਵਿਆਹਿਆ ਗਿਆ ਸੀ। ਰੱਜੋ ਅਮਨ ਦੀ ਚਹੇਤੀ ਭਰਜਾਈ ਸੀ ਅਤੇ ਅਮਨ ਰੱਜੋ ਦਾ ਚਹੇਤਾ ਦਿਓਰ। ਅੱਜ ਵੀ ਤੜਕੇ ਹੀ ਅਮਨ ਰੱਜੋ ਦੇ ਵਿਹੜੇ ''ਚ ਖੜ੍ਹਾ ਕਹਿ ਰਿਹਾ ਸੀ ਕਿ “ਭਾਬੀ ਸੁਰਮਾ ਤੈਥੋਂ ਪਵਾਉਣਾ ਏ, ਛੇਤੀ ਆਜੀਂ ਤਿਆਰ ਹੋ ਕੇ। ਤੈਨੂੰ ਯਾਦ ਕਰਵਾਉਣ ਆਇਆ ਮੈਂ। ਅਮਨ ਚੌਥੀ ਵਾਰ ਸੱਦਾ ਦੇਣ ਆਇਆ ਸੀ। ਰੱਜੋ ਤਿਆਰ ਹੋਣ ਲੱਗੀ ਪਰ ਸਾਹਮਣੇ ਪਿਆ ਨਵਾਂ ਸੂਟ ਪਾਉਣ ਲਈ ਉਸ ਦੀ ਰੂਹ ਉੱਕਾ ਹੀ ਨਹੀਂ ਸੀ ਮੰਨਦੀ।
            ਸਪੀਕਰ ''ਚ ਮਾਣਕ ਦੀ ਕਲੀ ਗੂੰਜ ਰਹੀ ਸੀ। ‘ਤੇਰੇ ਟਿੱਲੇ ਉੱਤੋਂ ਸੂਰਤ ਦੀਂਹਦੀ ਹੀਰ ਦੀ ਇੰਝ ਜਾਪਦਾ ਸੀ ਕਿ ਮਾਣਕ ਹੀਰ ਦਾ ਨਹੀਂ ਰੱਜੋ ਦੇ ਹੁਸਨ ਦੀ ਤਰੀਫ ਕਰ ਰਿਹਾ ਹੋਵੇ। ਮਾਣਕ ਦੀ ਹੀਰ ਦਾ ਹੁਸਨ ਰੱਜੋ ਦੇ ਹੁਸਨ ਅਨੂੰਗੇ ਬੌਨਾ ਸੀ, ਸਾਰੀ ਉਮਰ ਜੱਟੀ ਨੇ ਅੱਡੀ ਨਹੀਂ ਸੀ ਲਾਈ ਜਮੀਨ ਨੂੰ। ਪੱਬਾਂ ਭਾਰ ਮੋਰਨੀ ਦੀ ਤੋਰ ਉਸ ਦੀ ਖਾਸ ਪਹਿਚਾਣ ਸੀ। ਸਾਇਦ ਦੇਵ ਥਰੀਕੇ ਦੇ ਕਲੀ ਲਿਖਦਿਆਂ ਅਤੇ ਵਾਰਸ਼ਾਹ ਦੇ ਹੀਰ ਲਿਖਦਿਆਂ ਧਿਆਨ ''ਚ ਰੱਜੋ ਹੀ ਸਮਾਈ ਹੋਵੇ। ਹੀਰ ਪਿੱਛੇ ਤਾਂ ਇਕ ਰਾਂਝੇ ਦੇ ਕੰਨ ਪਾਟੇ ਸਨ ਪਰ ਰੱਜੋ ਲਈ ਪਤਾ ਨਹੀ ਕਿੰਨੇ ਕੁ ਰਾਂਝੇ ਕੰਨ ਪੜਾਉਣ ਦੀ ਝਾਕ ''ਚ ਸਨ। ਹੀਰ ਲਈ ਤਾਂ ਇਕ ਰਾਂਝੇ ਨੇ ਮੱਝਾਂ ਚਾਰੀਆਂ ਸਨ ਪਰ ਰੱਜੋ ਨੇ ਪਤਾ ਨਹੀਂ ਕਿੰਨੇ ਕੁ ਰਾਂਝੇ ਚਾਰੇ ਸਨ। ਜਦੋਂ ਰੱਜੋ ਇਸ ਪਿੰਡ ''ਚ ਵਿਆਹ ਕੇ ਆਈ ਸੀ ਤਾਂ ਅਮਨ ਦੇ ਮੂੰਹ ਤੇ ਲੂੰਈ ਜਿਹੀ ਫੁੱਟ ਰਹੀ ਸੀ। ਨਵੀਂ ਵਿਆਹ ਕੇ ਆਈ ਰੱਜੋ  ਦੀ ਪਿੰਡ ''ਚ ਧੂਮ ਪੈ ਗਈ। ਕਈ ਮਨਚਲੇ ਗੱਭਰੂ ਰੱਜੋ ਦੇ ਸਹੁਰਿਆਂ ਦੇ ਦਰ ਅੱਗੇ ਬੇ_ਅਰਥ ਹੀ ਗੇੜੇ ਜਿਹੇ ਕੱਢਦੇ ਰਹਿੰਦੇ। ਪਿੰਡ ਦਾ ਹਰ ਗੱਭਰੂ ਉਸ ਦੀ ਇਕ ਝਲਕ ਲੈਣ ਲਈ ਉਤਾਵਲਾ ਸੀ। ਪਿੰਡ ਦੇ ਗੱਭਰੂਆਂ ਦੀ ਇਹ ਹਾਲਤ ਅੱਜ ਵੀ ਬਣੀ ਹੋਈ ਸੀ। ਹਰ ਕੋਈ ਅੱਖਾਂ ਰਾਹੀਂ ਇਸ ਸ਼ਰਬਤ ਨੂੰ ਪੀਣਾ ਲੋਚਦਾ।
            ਰੱਜੋ ਜਦੋਂ ਸ਼ੀਸ਼ੇ ਅੱਗੇ ਖੜ੍ਹਦੀ ਤਾਂ ਉਸ ਨੂੰ ਆਪਣਾ ਆਪ ਪਿਆਰਾ ਜਿਹਾ ਜਾਪਦਾ। ਕਈ ਵਾਰ ਉਸ ਨੂੰ ਆਪਣੇ ਆਪ ਤੋਂ ਭੈ ਜਿਹਾ ਆਉਂਦਾ। ਪਿੰਡ ਦੇ ਗੱਭਰੂਆਂ ਨੇ ਪਿੰਡ ''ਚ ਵਿਆਹ ਕੇ ਆਈਆਂ ਸੋਹਣੀਆਂ ''ਚ ਉਸ ਨੂੰ ਪਹਿਲਾ  ਨੰਬਰ ਦਿੱਤਾ ਹੋਇਆ ਸੀ। ਜਦੋਂ ਕੋਈ ਨਵੀਂ ਵਿਆਹ ਕੇ ਪਿੰਡ ''ਚ ਆਉਂਦੀ ਤਾਂ ਉਸ ਦੀ ਤੁਲਨਾ ਰੱਜੋ ਨਾਲ ਕੀਤੀ ਜਾਂਦੀ। ਅਜੇ ਤੱਕ ਕੋਈ ਵੀ ਇਸ ਤੁਲਨਾ ''ਚ ਖਰੀ ਨਹੀਂ ਸੀ ਉੱਤਰੀ। ਪੁੱਤ ਦਾ ਵਿਆਹ ਕਰ ਕੇ ਵੀ ਉਸ ਦਾ ਹੁਸਨ ਉਸੇ ਤਰ੍ਹਾਂ ਕਾਇਮ ਸੀ। ਉਸ ਦਾ ਪੁੱਤ ਸੁਜੀਲਾ ਸੁੱਨੂੰਖਾ ਗੱਭਰੂ ਸੀ। ਉਸ ਦੀ ਨੂੰਹ ਵੀ ਇੱਕ ਸੋਹਣੀ ੁਮੁਟਿਆਰ ਸੀ ਪਰ ਉਸ ਦੀ ਨੂੰਹ ਦਾ ਹੁਸਨ ਉਸ ਦੇ ਅੱਗੇ ਕੁੱਝ ਵੀ ਨਹੀਂ ਸੀ। ਪਹਿਲਾ ਨੰਬਰ ਰੱਜੋ ਦਾ ਰਾਖਵਾਂ ਹੋ ਗਿਆ ਸੀ। ਮਿਸ ਵਰਲਡ, ਮਿਸ ਯੂਨੀਵਰਸ ਲਈ ਤਾਂ ਸ਼ਾਇਦ ਸਿਫਾਰੂ ਜਾਂ ਹੋਰ ਘਾਲਾ ਮਾਲਾ ਸੰਭਵ ਸੀ ਪਰ ਰੱਜੋ ਦੇ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਮਿਲੇ ਤਾਜ ਨੂੰ ਕੋਈ ਨਹੀਂ ਸੀ ਲਾਹ ਸਕਿਆ। 
 ਪੁੱਤ ਦੇ ਵਿਆਹ ਤੋਂ ਬਾਅਦ ਇਕ ਵਾਰ ਹੀਜੜਿਆਂ ਦਾ ਟੋਲਾ ਉਸ ਦੇ ਘਰ ਆ ਵੜਿਆ ਨੂੰਹ ਪੁੱਤ ਕਿਤੇ ਬਾਹਰ ਗਏ ਹੋਏ ਸਨ। ਰੱਜੋ ਮੰਜੇ ਤੇ ਚਾਚੀ ਚਿੰਤੀ ਨਾਲ ਬੈਠੀ ਸੀ। “ਨੀ ਕੁੜੇ ਤੂੰ ਇੰਨੀ ਛੇਤੀ ਚੂੜਾ ਖੋਲ੍ਹ ਦਿੱਤਾ। ਇਕ ਹੀਜੜਾ ਰੱਜੋ ਨੂੰ ਬੋਲਿਆ। ਚਿੰਤੀ ਦੀ ਹਾਸੀ ਨਾ ਸਾਂਭੀ ਜਾਵੇ। ਹਿਜੜਿਆਂ ਦੇ ਨਾਲ ਵਿਹੜੇ ''ਚ ਵੜੇ ਲੋਕ ਵੀ ਹਨੂੰਸ_ਹੱਸ ਕੇ ਦੂਹਰੇ ਹੋ ਗਏ। ਰੱਜੋ ਦਾ ਮੂੰਹ ਲਾਲ ਹੋ ਗਿਆ। ਚਾਚੀ ਚਿੰਤੀ ਨੇ ਹਿਜੜਿਆਂ ਨੂੰ ਹੱਸ_ਹੱਸ ਕੇ ਸੱਚ ਸਮਝਾਇਆ। ਅਸਲ ''ਚ ਹਿਜੜੇ ਦਾ ਵੀ ਕਸੂਰ ਨਹੀਂ ਸੀ। ਰੱਜੋ ਦਾ ਰੂਪ ਹੀ ਅਜਿਹਾ ਸੀ ਕਿ ਅਜੇ ਵੀ ਉਹ ਨਵੀਂ ਵਿਆਹੀ ਮੁਟਿਆਰ ਜਾਪਦੀ।
          ਰੱਜੋ ਦੀ ਜੋੜੀ ਮਾਪਿਆਂ ਨੇ ਜਿਸ ਨਾਲ ਬਣਾਈ ਉਹ ਜੋੜ ਨਾ ਹੋ ਕੇ ਨਰੜ ਵੱਧ ਸੀ। ਪਰ ਰੱਜੋ ਨੇ ਮਾਪਿਆਂ ਦੀ ਪਸੰਦ ਤੇ ਕੋਈ ਉਜਰ ਨਾ ਕੀਤਾ। ਅਮਨ ਜਵਾਨ ਹੋ ਕੇ ਛਟਵਾਂ ਗੱਭਰੂ ਨਿਕਲਿਆ। ਜਿਸ ਨੂੰ ਵੇਖ ਕੇ ਕਈ ਵਾਰ ਉਸ ਦੀਆਂ ਭਾਵਨਾਵਾਂ ਜਾਗ ਜਾਂਦੀਆਂ ਪਰ ਰੱਜੋ ਨੇ ਕਦੇ ਵੀ ਕੋਈ ਰੇਖਾ ਨਾ ਉਲੰਘੀ। ਅਮਨ ਦਾ ਵਿਆਹ ਜਦੋਂ ਦੋ ਕੁ ਸਾਲ ਪਹਿਲਾਂ ਰੱਖਿਆ ਗਿਆ ਸੀ ਤਾਂ ਰੱਜੋ ਨੇ ਇਕ ਸੂਟ ਬੜੇ ਚਾਅ ਨਾਲ ਖਰੀਦਿਆ ਸੀ। ਰਨੂੰਜੋ ਨੇ ਉਹ ਸਿਲਵਾ ਵੀ ਲਿਆ ਪਰ ਫੇਰ ਅਚਾਨਕ ਵਿਆਹ ਮੁਲਤਵੀ ਹੋ ਗਿਆ, ਪਰ ਰੱਜੋ ਨੇ ਉਹ ਸੂਟ ਸੰਭਾਲ ਰਨੂੰਖਿਆ। ਉਸ ਸੂਟ ਦੀ ਬਣਤਰ, ਰੰਗ_ਡਿਜਾਇਨ ਨਵੀਆਂ ਵਹੁਟੀਆਂ ਦੇ ਸੂਟਾਂ ਵਰਗੀ ਸੀ। ਇਹ ਸੂਟ ਉਸ ਨੇ ਪੁੱਤ ਦੇ ਵਿਆਹ ਤੇ ਵੀ ਨਾ ਪਾਇਆ। 
    ਜਦੋਂ ਅਮਨ ਦੇ ਵਿਆਹ ਦਾ ਦਿਨ ਇਸ ਵਾਰ ਬੰਨਿਆਂ ਗਿਆ ਤਾਂ ਰੱਜੋ ਦੇ ਟੱਬਰ ਨੇ ਵੀ ਨਵੇਂ ਕੱਪੜੇ ਸਿਲਾਉਣ ਦੀ ਤਿਆਰੀ ਕਰ ਲਈ। ਰੱਜੋ ਦੀ ਨੂੰਹ ਆਪਣੇ ਲਈ ਵਰੀ ਦੇ ਸੂਟ ਵਿਚੋਂ ਵਧੀਆ ਸੂਟ ਲਿਆਈ ਸੀ। “ਮੰਮੀ ਜੀ ਤੁਸੀਂ ਆਹ ਸੂਟ ਸਿਲਵਾ ਲਵੋ। ਨੂੰਹ ਨੇ ਵਰੀ ''ਚੋਂ ਸੱਸ ਲਈ ਲਿਆਂਦਾ ਹਲਕੇ ਜਿਹੇ ਰੰਗ ਦੇ ਸਿਆਣਿਆਂ ਵਾਲੇ ਸੂਟ ਨੂੰ ਰੱਜੋ ਨੂੰ ਦਿੰਦਿਆਂ ਕਿਹਾ। 
“ਚੰਗਾ ਪੁੱਤ। ਰੱਜੋ ਨੇ ਸੂਟ ਵੇਖਦਿਆਂ ਕਿਹਾ ਅਤੇ ਸੂਟ ਸੋਫੇ ਤੇ ਰੱਖ ਦਿੱਤਾ। ਦੋ ਦਿਨ ਸੂਟ ਉਸੇ ਤਰ੍ਹਾਂ ਸੋਫੇ ਤੇ ਪਿਆ ਰਿਹਾ। ਤੀਜੇ ਦਿਨ ਗੁਆਂਢਣ ਭੋਲੀ ਜੋ ਘਰੇ ਕੱਪੜੇ ਸਿਊਣ ਦਾ ਕੰਮ ਕਰਦੀ ਸੀ ਆ ਕੇ ਰੱਜੋ ਦਾ ਨਾਪ ਲੈ ਗਈ। ਕੱਲ੍ਹ ਮੇਲ ਵਾਲੇ ਦਿਨ ਭੋਲੀ ਸੂਟ ਬਣਾ ਕੇ ਦੇ ਗਈ। ਗੁਆਂਢੀਆਂ ਦੇ ਕੋਠੇ ਤੇ ਸਾਰਾ ਦਿਨ ਮਾਣਕ ਦੀਆਂ ਕਲੀਆਂ ਅਤੇ ਸੁਰਜੀਤ ਖਾਨ ਦੀ ਕਿੱਕਲੀ ਆਦਿ ਹੁਸਨ ਦੀ ਮਹਿਮਾਂ ਵਾਲੇ ਗੀਤ ਵੱਜਦੇ ਰਹੇ। ਸਪੀਕਰ ਹੁਸਨ ਦੀ ਤਰੀਫ ''ਚ ਸੰਘਾਂ ਪੜਾਉਂਦਾ ਰਿਹਾ ਪਰ ਹੁਸਨ ਦੀ ਮਲਕਾ ਦਾ ਧਿਆਨ ਨੂੰਹ ਵੱਲੋਂ ਸੱਸ ਲਈ ਸਵਾਏ ਸੂਟ ਨੇ ਭਟਕਾ ਦਿੱਤਾ ਸੀ।
      ਅੱਜ ਵਿਆਹ ਵਾਲੇ ਦਿਨ ਸਵੇਰ ਤੋਂ ਸਪੀਕਰ ਵੱਜ ਰਿਹਾ ਸੀ। ਅਮਨ ਆਪ ਆ ਕੇ ਰੱਜੋ ਨੂੰ ਬੁਲਾ ਕੇ ਗਿਆ ਸੀ, ਪਰ ਰੱਜੋ ਨੂੰ ਨਵਾਂ ਸਵਾਇਆ ਸੂਟ ਅਲਮਾਰੀ ''ਚ ਹੀ ਪਿਆ ਡਸ ਰਿਹਾ ਸੀ। ਸਪੀਕਰ ਬੰਦ ਹੋ ਕੇ ਵਾਜੇ ਵਾਲਿਆਂ ਨੇ ਆਪਣੀਆਂ ਸੁਰਾਂ ਛੇੜ ਲਈਆਂ ਹੁਣ ਅਮਨ ਨੂੰ ਗੁਰਦੁਆਰੇ ਮੱਥਾ ਟੇਕਣ ਲੈ ਕੇ ਜਾਣਾ ਸੀ। ਰੱਜੋ ਨੇ ਦਿਲ ਤੇ ਪੱਥਰ ਰੱਖ ਕੇ ਸੂਟ ਪਾ ਲਿਆ। ਉਹ ਅਣਮੰਨੇ ਮਨ ਨਾਲ ਨੂੰਹ ਨੂੰ ਲੈ ਕੇ ਬਾਕੀ ਮੇਲਣਾ ਨਾਲ ਅਮਨ ਨੂੰ ਮਨੂੰਥਾ ਟਿਕਾਉਣ ਤੁਰ ਪਈ, ਪਰ ਨਵਾਂ ਪਾਇਆ ਸੂਟ ਉਸ ਦੇ ਕੰਡਿਆਂ ਵਾਂਗ ਚੁੱਭ ਰਿਹਾ ਸੀ। ਮੇਲਣਾ ਦੇ ਵਿਚ ਰੱਜੋ ਨੂੰ ਆਪਣਾ ਆਪ ਗੁਆਚਦਾ ਜਾਪ ਰਿਹਾ ਸੀ। ਥੋੜ੍ਹੀ ਦੂਰ ਜਾ ਕੇ ਹੀ ਉਹ ਵਿਚੋਂ ਖਿਸਕ ਕੇ ਵਾਪਸ ਘਰ ਆ ਗਈ। ਘਰ ਆ ਕੇ ਉਸ ਨੇ ਸੂਟ ਲਾਹ ਸੁੱਟਿਆ ਅਤੇ ਦੋ ਸਾਲ ਪਹਿਲਾਂ ਸਵਾਇਆ ਸੂਟ ਪਾ ਲਿਆ। ਉਹ ਕੱਪੜੇ ਬਦਲ ਕੇ ਚੜ੍ਹਦੀ ਜੰਞ ਵੱਲ ਤੁਰ ਪਈ। ਕਈ ਭਾਬੀਆਂ ਸੁਰਮੇਦਾਨੀਆਂ ਲਈ ਖੜ੍ਹੀਆਂ ਸਨ ਪਰ ਅਮਨ ਨੇ ਹੁਣ ਤੱਕ ਕਿਸੇ ਤੋਂ ਸੁਰਮਾ ਨਹੀਂ ਸੀ ਪਵਾਇਆ। ਰੱਜੋ ਨੇ ਅਮਨ ਦੇ ਸੁਰਮਾ ਪਾ ਕੇ ਇਕ ਵਾਰ ਫੇਰ ਨੰਬਰ ਜਾ ਚੁੱਕਿਆ।    
ਮੋਬਾਇਲ ਨੰਬਰ— 94177-33038                                                                                  ਪਿੰਡ ਡਡਿਆਣਾਂ,                                                                                                       ਡਾਕ _ ਰੁਪਾਲਹੇੜੀ, ਵਾਇਆ _ਸਰਹੰਦ,                                 
ਜਿਲ੍ਹਾ _ ਫਤਿਹਗੜ੍ਹ ਸਾਹਿਬ, 140406


Related News