ਫੌਜੀ ਜਵਾਨ

06/01/2017 6:02:41 PM

ਬੜਾ ਸੁੱਖਾ-ਸੁੱਖਾ ਕੇ ਮੰਗਿਆ ਸੀ,
'ਤੇ ਲਾਡਾਂ ਦੇ ਨਾਲ ਪਾਲਿਆ ਸੀ।
ਫਿਰ ਪਿੱਛੋਂ ਪਛਤਾਉਂਦੀਆਂ ਨੇ, 
ਜਵਾਨ ਇੱਧਰ ਮਰੇ ਭਾਵੇਂ ਉੱਧਰ ਮਰੇ।
ਕੀਰਨੇ ਤਾਂ ਮਾਂਵਾਂ ਹੀ ਪਾਉਂਦੀਆਂ ਨੇ।

ਬਚਪਨ 'ਚ ਇੱਕਠੇ ਖੇਡੇ ਸੀ,
ਥੋੜ੍ਹੀ ਚੀਜ਼ ਵੀ ਵੰਡ ਕੇ ਖਾਂਦੇ ਸੀ।
ਬੰਨ ਰੱਖੜੀ ਗੁੱਟ 'ਤੇ ਵੀਰੇ ਦੀ,
ਲੰਮੀ ਉਮਰ ਦੀ ਖੈਰ ਮਨਾਉਂਦੀਆਂ ਨੇ।
ਜਵਾਨ ਇੱਧਰ ਮਰੇ ਭਾਵੇਂ ਉੱਧਰ ਮਰੇ।
ਵੈਣ ਤਾਂ ਭੈਣਾਂ ਹੀ ਪਾਉਂਦੀਆਂ ਨੇ।

ਅੱਲੜ ਉਮਰ 'ਚ ਮੰਗਿਆ ਨਾਲ ਮੇਰੇ,
ਘੜੀ ਪਲ ਨਾ ਪਿਆਰ ਦੀ ਬਾਤ ਪਈ।
ੇਤੇਰੀ ਯਾਦ 'ਚ ਰੋ-ਰੋ ਕੇ ਹਾਲ ਬੁਰਾ,
ਏ ਬੁਰਾ ਸੰਤਾਪ ਹੰਢਾਉਂਦੀਆਂ ਨੇ। 
ਜਵਾਨ ਇੱਧਰ ਮਰੇ ਭਾਵੇਂ ਉੱਧਰ ਮਰੇ।
ਮੁਟਿਆਰਾਂ ਹੀ ਕੰਧਾਂ ਰਵਾਉਂਦੀਆਂ ਨੇ।

ਇਸ ਦੁਨੀਆ ਤੋਂ ਮੈਂ ਤੁਰ ਚੱਲਿਆ,
ਆਇਆ ਸੀ ਖਾਲੀ ਮੁੜ ਚੱਲਿਆ।
'ਸਤਨਾਮ ਜਖੇਪਲ' ਢਾਹ ਦਿਓ ਉਏ,
ਸਰਹੱਦਾਂ ਜੋ ਵੈਰ ਪਵਾਉਂਦੀਆਂ ਨੇ।
ਏ ਹਊਕੇ ਹੰਝੂ ਦੱਸਦੇ ਨੇ,
ਇਕ ਵਾਰ ਜੇ ਚੱਲੀਆਂ ਜਾਣ ਰੂਹਾਂ।
ਨਾ ਫੇਰ ਮੁੜ ਕੇ ਆਉਂਦੀਆਂ ਨੇ।
ਨਾ ਫੇਰ ਮੁੜ ਕੇ ਆਉਂਦੀਆਂ ਨੇ।

ਸਤਨਾਮ ਸਿੰਘ ਜਖੇਪਲ


Related News