ਮਾਨਸਿਕ ਰੋਗ ਅਤੇ ਉਪਚਾਰ

09/16/2017 12:27:21 PM

ਮਨੁੱਖ ਦੀਆਂ ਭਾਵਨਾਂਵਾ ਹੀ ਉਸਨੂੰ ਵਿਸ਼ੇਸ਼ ਬਣਾਉਂਦੀਆਂ ਹਨ।ਮਨੁੱਖ ਖੁਸ਼ੀ,ਉਦਾਸੀ,ਪਿਆਰ ਅਤੇ ਗੁੱਸੇ ਜਿਹੀਆਂ ਭਾਵਨਾਂਵਾ ਨੂੰ ਮਹਿਸੂਸ ਕਰਦਾ ਹੈ,ਜੇਕਰ ਉਸ ਵਿਚੋਂ ਇਹ ਭਾਵਨਾਂਵਾ ਕੱਢ ਦਿੱਤੀਆਂ ਜਾਣ ਤਾਂ ਮਨੁੱਖ ਇਕ ਮਸ਼ੀਨ ਦੀ ਤਰ੍ਹਾਂ ਬਣ ਜਾਵੇਗਾ।ਪਰ ਜਦੋਂ ਕੋਈ ਵਿਅਕਤੀ ਇਹੋ ਜਿਹੀਆਂ ਭਾਵਨਾਂਵਾ ਜਿਵੇਂ ਡਰ,ਉਦਾਸੀ ਅਤੇ ਗੁੱਸੇ ਨੂੰ ਹੱਦ ਤੋਂ ਵੱਧ ਮਹਿਸੂਸ ਕਰਨ ਲੱਗਦਾ ਹੈ ਤਾਂ ਇਹ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ।ਜਿਵੇਂ ਅਸੀਂ ਸਰੀਰਕ ਬਿਮਾਰੀ ਲਈ ਇਸਦਾ ਇਲਾਜ ਕਰਵਾਉਂਦੇ ਹਾਂ।ਇਸੇ ਤਰ੍ਹਾਂ ਹੀ ਮਾਨਸਿਕ ਰੋਗਾਂ ਦਾ ਵੀ ਇਲਾਜ ਕੀਤਾ ਜਾਣਾ     ਜ਼ਰੂਰੀ ਹੈ ਪਰ ਲਗਭਗ 10% ਲੋਕ ਮਾਨਸਿਕ ਬਿਮਾਰੀ ਦਾ ਇਲਾਜ ਨਹੀਂ ਕਰਵਾਉਂਦੇ,ਜੇ ਕਰਵਾਉਣ ਵੀ ਜਾਂਦੇ ਹਨ ਤਾਂ ਇਸ ਵਿਚ ਬਹੁਤ ਦੇਰ ਕਰ ਦਿੱਤੀ ਜਾਂਦੀ ਹੈ। ਉਹ ਅੰਧ ਵਿਸ਼ਵਾਸ਼ੀ ਹੋ ਕੇ ਕਿਸੇ ਪਖੰਡੀ ਤਾਂਤਰਿਕ ਜਾਂ ਬਾਬੇ ਕੋਲ ਆਪਣਾ ਸਮਾਂ ਅਤੇ ਪੈਸੇ ਬਰਬਾਦ ਕਰਦੇ ਰਹਿੰਦੇ ਹਨ,ਜਿਸ ਕਾਰਨ ਰੋਗ ਵਿਚ ਹੋਰ ਵੀ ਵਾਧਾ ਹੋ ਜਾਂਦਾ ਹੈ।ਮਾਨਸਿਕ ਰੋਗ ਕਿਸੇ ਨੂੰ ਵੀ ਹੋ ਸਕਦਾ ਹੈ ਭਾਵ ਬੱਚੇ,ਬੁੱਢੇ ਅਤੇ ਜਵਾਨ ਨੂੰ,ਪੜ੍ਹੇ ਲਿਖੇ ਅਤੇ ਅਨਪੜ੍ਹ ਵਿਅਕਤੀ ਵੀ ਇਸ ਰੋਗ ਨਾਲ ਗ੍ਰਸਤ ਹੋ ਸਕਦੇ ਹਨ।
ਕਿਸ ਵਿਅਕਤੀ ਨੂੰ ਮਾਨਸਿਕ ਰੋਗ ਹੈ।ਇਹ ਕਿਵੇਂ ਪਤਾ ਕੀਤਾ ਜਾਵੇ ਅਤੇ ਇਹਨਾਂ ਰੋਗਾਂ ਦੇ ਕੀ ਲੱਛਣ ਹਨ,ਅੱਜ ਅਸੀਂ ਇਹਨਾਂ ਬਾਰੇ ਜਾਣਾਂਗੇ।ਮਾਨਸਿਕ ਰੋਗਾਂ ਦਾ ਅਨੁਮਾਨ ਵਿਅਕਤੀ ਦੇ ਸੁਭਾਅ ਵਿਚ ਆਏ ਪਰਿਵਰਤਨ ਦੁਆਰਾ ਲਗਾਇਆ ਜਾ ਸਕਦਾ ਹੈ।ਜਦੋਂ ਕੋਈ ਵਿਅਕਤੀ ਆਮ ਨਾਲੋਂ ਜਿਆਦਾ ਉਦਾਸ,ਨਿਰਾਸ਼,ਇਕੱਲਾ ਮਹਿਸੂਸ ਕਰੇ ਤਾਂ ਉਹ ਮਾਨਸਿਕ ਰੋਗ ਨਾਲ ਗ੍ਰਸਤ ਹੋ ਸਕਦਾ ਹੈ।
ਹਰ ਵਿਅਕਤੀ ਦੀ ਜਿੰਦਗੀ ਵਿਚ ਦੁੱਖ ਅਤੇ ਅਸਫਲਤਾ ਆਉਂਦੀ ਹੈ।ਇਸ ਲਈ ਉਸਦਾ ਉਦਾਸ ,ਨਿਰਾਸ਼ ਹੋਣਾ ਸੁਭਾਵਿਕ ਹੈ,ਪਰ ਜਦੋਂ ਇਹ ਉਦਾਸੀ,ਨਿਰਾਸ਼ਾ ਬਹੁਤ ਜਿਆਦਾ ਸਮਾਂ ਰਹਿੰਦੀ ਹੈ,ਤਾਂ ਇਹ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਲੈਂਦੀ ਹੈ।ਮਾਨਸਿਕ ਰੋਗਾਂ ਦੇ ਮੁੱਖ ਲੱਛਣ ਹਨ ਜਿਵੇਂ ਵਿਅਕਤੀ ਆਪਣੇ ਆਪ ਵਿਚ ਕਿਸੇ ਰੂਹ ਦੇ ਹੋਣ ਨੂੰ ਮਹਿਸੂਸ ਕਰਨ ਦਾ ਦਾਅਵਾ ਕਰਦਾ ਹੈ,ਉਸ ਨੂੰ ਤਰ੍ਹਾਂ ਤਰ੍ਹਾਂ ਦੀਆਂ ਅਵਾਜਾਂ ਸੁਣਾਈ ਦਿੰਦੀਆਂ ਹਨ ਅਤੇ ਡਰ ਦਾ ਸਾਹਮਣਾ ਕਰਦਾ ਹੈ।ਮਾਨਸਿਕ ਰੋਗ ਕਿਸੇ ਵਿਅਕਤੀ ਨੂੰ ਹੈ ਜਾਂ ਨਹੀਂ,ਇਹ ਜਾਣਨ ਲਈ ਸਾਨੂੰ ਉਸਦੇ ਅਜਿਹੇ ਲੱਛਣਾਂ ਨੂੰ ਅਤੇ ਇਸ ਦੀ ਸਮਾਂ ਸੀਮਾ ਕੀ ਹੈ,ਭਾਵ ਕਿੰਨੀ ਦੇਰ ਤੋਂ ਅਜਿਹਾ ਹੋ ਰਿਹਾ ਹੈ ਇਹ ਜਾਣਨਾ ਜਰੂਰੀ ਹੈ।
ਕਿਸਮਾਂ ਅਤੇ ਲੱਛਣ:-
ਅਸੀਂ ਸਭ ਜਾਣਦੇ ਹਾਂ ਕਿ ਸਰੀਰਕ ਬਿਮਾਰੀਆਂ ਵੱਖ ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ।ਇਸੇ ਤਰ੍ਹਾਂ ਹੀ ਮਾਨਸਿਕ ਰੋਗਾਂ ਦੇ ਵੀ ਕਈ ਪ੍ਰਕਾਰ ਹਨ।ਇਹ ਰੋਗ ਛੋਟੇ ਅਤੇ ਵੱਡੇ ਦੋਨੋਂ ਪ੍ਰਕਾਰ ਦੇ ਹੁੰਦੇ ਹਨ।ਅੱਜ ਅਸੀਂ ਮਾਨਸਿਕ ਰੋਗਾਂ ਦੀਆਂ ਕੁਝ ਕਿਸਮਾਂ ਬਾਰੇ ਜਾਣਾਂਗੇ:-
1. ਬੇਸਬਰਾਪਣ— ਅਜਿਹੇ ਰੋਗ ਤੋਂ ਪੀੜਤ ਵਿਅਕਤੀ,ਚਿੰਤਤ ,ਉਦਾਸੀ ਅਤੇ ਨਾਕਾਰਾਤਮਕ ਵਿਚਾਰਾਂ ਨਾਲ ਭਰਿਆ ਰਹਿੰਦਾ ਹੈ ਅਤੇ ਹਰ ਕੰਮ ਨੂੰ ਟਾਲਦਾ ਹੈ।
2. ਮਨੋਗ੍ਰਸਤ ਬਾਧਕ ਵਿਕਾਰ(ਓ.ਸੀ.ਡੀ)— ਇਸ ਰੋਗ ਤੋਂ ਪੀੜਤ ਵਿਅਕਤੀ ਬਾਰ ਬਾਰ ਵਸਤੂਆਂ ਨੂੰ ਜਾਂਚਦਾ ਹੈ,ਬਾਰ ਬਾਰ ਹੱਥ ਧੋ ਕੇ ਸਫਾਈ ਕਰਨਾ,ਜਿਆਦਾ ਵਸਤੂਆਂ ਇਕੱਠੀਆਂ ਕਰਨਾ  ਉਸਦੀ ਆਦਤ ਬਣ ਜਾਂਦੀ ਹੈ।
3. ਹਿਸਟੀਰੀਆ— ਇਹ ਰੋਗ ਆਮ ਤੌਰ ਤੇ ਇਸਤਰੀਆਂ ਵਿਚ ਵਧੇਰੇ ਪਾਇਆ ਜਾਂਦਾ ਹੈ।ਜਦੋਂ ਕਿਸੇ ਵਿਅਕਤੀ ਨੂੰ ਲਗਾਤਾਰ ਮਾਨਸਿਕ ਸੰਘਰਸ਼ 'ਚੋਂ ਗੁਜਰਨਾ ਪੈਂਦਾ ਹੈ ਤਾਂ ਇਹ ਰੋਗ ਪੈਦਾ ਹੋ ਜਾਂਦਾ ਹੈ।ਇਸ ਰੋਗ ਨਾਲ ਗ੍ਰਸਤ ਵਿਅਕਤੀ ਆਪਣੇ ਕੇਸ ਖੋਲ ਕੇ ਨੱਚਦਾ ਹੈ,ਤਰ੍ਹਾਂ ਤਰ੍ਹਾਂ ਦੀਆਂ ਅਵਾਜਾਂ ਕੱਢਦਾ ਹੈ।ਕਿਸੇ ਆਤਮਾ ਨਾਲ ਗੱਲ ਕਰਨ ਦਾ ਦਾਅਵਾ ਵੀ ਕਰਦਾ ਹੈ।
4. ਮਾਨਸਿਕ ਖਿੰਡਾਅ(ਸਕੀਜੋਫਰੇਨੀਆ)— ਅਜਿਹੇ ਰੋਗ ਤੋਂ ਪੀੜਤ ਵਿਅਕਤੀਆਂ ਨੂੰ ਲੋਕ ਪਾਗਲ ਜਾਂ ਝੱਲਾ ਕਹਿ ਕੇ ਬੁਲਾਉਂਦੇ ਹਨ,ਅਜਿਹੇ ਵਿਅਕਤੀਆਂ ਦੀ ਗੱਲਬਾਤ ਵਿਚ ਕੋਈ ਤਾਲਮੇਲ ਨਹੀਂ ਹੁੰਦਾ।ਇਹ ਵਿਅਕਤੀ ਅਸਮਾਨ ਰੂਪ ਨਾਲ ਕਦੇ ਰੋਣ ਅਤੇ ਕਦੇ ਹੱਸਣ ਲੱਗ ਜਾਂਦੇ ਹਨ,ਇਹ ਵਿਅਕਤੀ ਦੂਸਰੇ ਵਿਅਕਤੀਆਂ ਅਤੇ ਆਪਣੇ ਆਪ ਨੂੰ ਚੋਟ ਪਹੁੰਚਾ ਸਕਦੇ ਹਨ।ਇਸਦੇ ਨਾਲ ਨਾਲ ਰੋਗੀ ਨੂੰ ਆਪਣੇ ਖਿਲਾਫ ਹਮੇਸ਼ਾ ਧੋਖਾ ਅਤੇ ਖਤਰਾ ਮੰਡਰਾਉਣ ਦਾ ਵਹਿਮ ਬਣਿਆ ਰਹਿੰਦਾ ਹੈ।ਇਹ ਰੋਗ ਕਿਸੇ ਨਜਦੀਕੀ ਵਿਅਕਤੀ ਤੋਂ ਦੂਰ ਹੋਣ ਕਾਰਨ,ਭਾਰੀ ਅਸਫਲਤਾ ਮਿਲਣ ਤੇ ਹੋ ਸਕਦਾ ਹੈ।
5. ਵਿਅਕਤਿਤਵ ਅਵਿਵਸਥਾ(ਪਰਸਨੈਲਿਟੀ ਡਿਸਆੱਰਡਰ )— ਅਜਿਹੇ ਵਿਅਕਤੀ ਆਪਣੇ ਅੰਦਰ ਪ੍ਰਤਿਭਾ ਹੁੰਦੇ ਹੋਏ ਵੀ ਦੂਜਿਆਂ ਨਾਲੋਂ ਆਪਣੇ ਆਪ ਨੂੰ ਘੱਟ ਆਂਕਦੇ ਹਨ,ਕਿਸੇ ਦੂਸਰੇ ਵਿਅਕਤੀ ਦੇ ਸਾਹਮਣੇ ਜਾਣ ਤੋਂ ਕਾਫੀ ਹਿਚਕਿਚਾਉਂਦੇ ਹਨ।
6. ਉਦਾਸੀ ਰੋਗ(ਡਿਪਰੈਸ਼ਨ)— ਜਦੋਂ ਕੋਈ ਵਿਅਕਤੀ ਬਹੁਤ ਲੰਬੇ ਸਮੇਂ ਤੱਕ ਘੋਰ ਨਿਰਾਸ਼ਾ ਨਾਲ ਘਿਰਿਆ ਰਹੇ ਤਾਂ ਇਸ ਰੋਗ ਨੂੰ ਉਦਾਸੀ ਰੋਗ ਕਿਹਾ ਜਾਂਦਾ ਹੈ।ਅਜਿਹੇ ਵਿਅਕਤੀ ਹਮੇਸ਼ਾ ਨਿਰਾਸ਼ਾ ਭਰੀਆਂ ਗੱਲਾਂ ਕਰਦੇ ਹਨ ਅਤੇ ਨਾਂਹ ਪੱਖੀ ਵਤੀਰਾ ਰੱਖਦੇ ਹਨ।ਇਸ ਰੋਗ ਨਾਲ ਪੀੜਤ ਵਿਅਕਤੀ ਦੂਜਿਆਂ ਤੋਂ ਹਮਦਰਦੀ ਦੀ ਆਸ ਰੱਖਦੇ ਹਨ।
7. ਮਾਨਸਿਕ ਰੁਕਾਵਟ— ਅਜਿਹੇ ਵਿਅਕਤੀ ਬਚਪਨ ਤੋਂ ਹੀ ਰੋਗੀ ਹੁੰਦੇ ਹਨ।ਇਨ੍ਹਾਂ ਦੇ ਦਿਮਾਗ ਤੰਤੂ ਨੁਕਸਾਨਦਾਇਕ ਹੁੰਦੇ ਹਨ।ਅਜਿਹੇ ਰੋਗੀਆਂ ਦਾ ਇਲਾਜ ਅਸੰਭਵ ਹੈ।ਇਨ੍ਹਾਂ ਵਿਅਕਤੀਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਕਿਹਾ ਜਾ ਸਕਦਾ ਹੈ।
ਉਪਰੋਕਤ ਰੋਗਾਂ ਵਿਚੋਂ ਜੇਕਰ ਕੁਝ ਲੱਛਣ ਲਗਾਤਾਰ,ਜਿਆਦਾ ਸਮੇਂ ਤੱਕ ਦਿਖਾਈ ਦੇਣ ਤਾਂ ਕਿਸੇ ਚੰਗੇ ਮਨੋਚਿਕਿਤਸਕ ਕੋਲ ਇਲਾਜ ਕਰਵਾਉਣਾ ਚਾਹੀਦਾ ਹੈ।ਮਾਨਸਿਕ ਰੋਗਾਂ ਦਾ ਇਲਾਜ ਦਵਾਈਆਂ ਅਤੇ ਮਨੋਵਿਗਿਆਨੀ ਦੀ ਕਾਊਂਸਿਲਿੰਗ ਦੁਆਰਾ ਕੀਤਾ ਜਾਂਦਾ ਹੈ।ਸਰਕਾਰ ਵੱਲੋਂ ਲਗਭਗ ਹਰ ਜਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਮਨੋਵਿਗਿਆਨੀ ਸਲਾਹਕਾਰ ਦੀਆਂ ਸੇਵਾਵਾਂ ਦਿੱਤੀਆਂ ਹਨ।
ਤਰਨਜੀਤ ਸਿੰਘ ਰੰਧਾਵਾ,
ਪਿੰਡ ਤੇ ਡਾ:- ਸੈਦੋਵਾਲ,
ਜਿਲ੍ਹਾ :- ਕਪੂਰਥਲਾ।


Related News