ਝੱਜੂ ਨੂੰ ਹੁਣ ਸੁੱਖ ਨਹੀਂ ਮਿਲਦਾ ਫਲੈਟਾਂ ''ਚ

05/24/2017 4:26:35 PM

ਮਨੁੱਖਤਾ ਦੇ ਅਰੰਭ ''ਚ ਆਦੀ ਮਨੁੱਖ ਜੰਗਲਾਂ ''ਚ ਰਹਿੰਦਾ, ਰੁੱਖਾਂ ਨੂੰ ਹੀ ਆਪਣਾ ਰੈਨ-ਵਸੇਰਾ ਬਣਾ ਲੈਂਦਾ|ਖੁਰਾਕ ਦੀ ਭਾਲ ''ਚ ਇਧਰ-ਉਧਰ ਘੁੰਮਦਾ ਪਰ ਉਹ ਹਰ ਤਰ੍ਹਾਂ ਦੀ ਚਿੰਤਾ ਤੋਂ ਅਵੇਸਲਾ ਸੀ|ਜਿਉਂ-ਜਿਉਂ ਮਨੁੱਖ ਉਨਤੀ ਦੀ ਰਾਹ ਤੇ ਚਲਦਾ ਗਿਆ ਚਿੰਤਾਵਾਂ ਦਾ ਘੇਰਾ ਉਸ ਦੁਆਲੇ ਵਧਦਾ ਹੀ ਗਿਆ|ਸਮਾਂ ਪਾ ਕੇ ਪਰਿਵਾਰ ਦੀ ਭਾਵਨਾ ਜਾਗ੍ਰਿਤ ਹੋਈ ਅਤੇ ਆਪਣੀ ਸਮਾਜਿਕ ਜ਼ਰੂਰਤ ਲਈ ਮਨੁੱਖ ਛੋਟੇ-ਛੋਟੇ ਪਿੰਡਾਂ ''ਚ ਰਹਿਣ ਲੱਗਿਆ|ਛੋਟੀਆਂ ਮੋਟੀਆਂ ਲੋੜਾਂ ਲਈ ਅਤੇ ਕੁਦਰਤੀ ਕ੍ਰੋਪੀਆਂ ਤੋਂ ਬਚਣ ਲਈ ਝੌਂਪੜੀਆਂ ਬਣਾ ਕੇ ਰਹਿਣਾ ਸ਼ੁਰੂ ਕੀਤਾ|
ਫਿਰ ਸਮੇਂ ਦੇ ਨਾਲ ਮਨੁੱਖੀ ਦਿਮਾਗ ਨੇ ਆਪਣੇ ਚੰਗੇ ਘਰ ਬਣਾਉਣੇ ਸ਼ੁਰੂ ਕੀਤੇ ਅਤੇ ਪਿੰਡਾਂ ''ਚ ਬਣੇ ਮਿੱਟੀ ਦੇ ਘਰ ਉਸ ਲਈ ਚੰਗੀਆਂ ਸਹੂਲਤਾਂ ਅਤੇ ਅਰਾਮ ਦੇਣ ਲੱਗੇ| ਸਦੀਆਂ ਤੋਂ ਬਦਲਦੇ ਸਮਾਜਿਕ ਜੀਵਨ ''ਚ ਸਤਾਰਵੀਂ-ਅਠਾਰਵੀਂ ਸਦੀਆਂ ''ਚ ਮਨੁੱਖ ਨੇ ਆਪਣੇ ਘਰਾਂ ਨੂੰ ਹੋਰ ਵਿਕਸਤ ਕਰ ਲਿਆ ਅਤੇ ਵੱਡੇ ਪਿੰਡ ਨਗਰਾਂ , ਸ਼ਹਿਰਾਂ ਦਾ ਰੂਪ ਲੈਣ ਲੱਗੇ|ਉਨੀਵੀਂ ਸਦੀ ''ਚ ਪੰਜਾਬ ਦੇ ਖਿੱਤੇ ਨੇ ਖੂਬ ਵਿਕਸਤ ਹੋ ਕੇ ਪਿੰਡਾਂ ''ਚ ਚੰਗੇ-ਚੰਗੇ ਘਰ ਬਣਾਉਣੇ ਸ਼ੁਰੂ ਕੀਤੇ ਪਰ ਅਜੇ ਵੀ ਇਹ ਘਰ ਬਹੁਤ ਕਰਕੇ ਮਿੱਟੀ ਤੋਂ ਹੀ ਬਣਦੇ ਸਨ|ਫਿਰ ਆਪਣੇ ਘਰ ਦੀ ਭਾਵਨਾ ਉਤਪੰਨ ਹੋਣ ਨਾਲ ਹਰ ਮਨੁੱਖ ਨੂੰ ਆਪਣਾ ਘਰ ਪਿਆਰਾ ਲੱਗਣ ਲਗਿਆ|ਹੁਣ ਮਨੁੱਖ ਨੂੰ ਆਪਣੇ ਘਰ ਨੂੰ ਸਾਂਭਣ, ਸੰਵਾਰਣ ਅਤੇ ਸਾਫ਼ ਰੱਖਣ ਦੀ ਸੋਝੀ ਵੀ ਆ ਗਈ, ਉਹ ਜੀਵਨ ਨੂੰ ਅਨੰਦਮਈ ਕਰਨ ਲਈ ਆਪਣੇ ਇਨ੍ਹਾਂ ਘਰਾਂ ਪਰ ਛੋਟੇ-ਛੋਟੇ ਚੁਬਾਰੇ ਪਾਉਣ ਲੱਗਾ| ਮਿੱਟੀ ਤੋਂ ਬਣੇ ਇਹ ਠੰਢੇ ਅਤੇ ਹਵਾਦਾਰ ਹੋਣ ਕਾਰਨ ਇਹ ਚੁਬਾਰੇ ਉਸਨੂੰ ਵਾਹਵਾ ਸੁੱਖ ਅਤੇ ਅਰਾਮ ਦੇਣ ਲੱਗੇ ਅਤੇ ਲੋਕਾਂ ''ਚ ਇਹ ਕਹਾਵਤ ਆਮ ਕਹੀ ਜਾਣ ਲੱਗੀ ਕਿ :-
 ਜੋ ਸੁੱਖ ਝੱਜੂ ਦੇ ਚੁਬਾਰੇ,
 ਉਹ ਬਲਖ ਨਾ ਬੁਖਾਰੇ|
ਇਹ ਬਿਲਕੁਲ ਸੱਚ ਸੀ ਕਿ ਆਪਣੇ ਘਰ ਜਿਹਾ ਕਿਤੇ ਸੁੱਖ ਨਹੀਂ ਸੀ ਮਿਲਦਾ|ਘਰ ਵੀ ਇਸ ਤਰ੍ਹਾਂ ਦੇ ਕਿ ਪੁਰਾਣੇ ਜ਼ਮਾਨੇ ਦੇ ਏਅਰ ਕੰਡੀਸ਼ਨ ਕਿਹਾ ਜਾ ਸਕਦਾ ਸੀ| ਮਨੁੱਖੀ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੁੰਦੀ ਗਈ, ਮਨੁੱਖ ਨੇ ਕੱਚੇ ਘਰ ਛੱਡ ਪੱਕੀਆਂ ਇੱਟਾਂ ਤੋਂ ਘਰ ਬਣਾ ਕੇ ਅਤੇ ਉਪਰ ਪੱਕੇ ਚੁਬਾਰੇ ਪਾ ਕੇ ਆਪਣੇ ਵਿਹੜਿਆਂ ''ਚ ਵੱਡੇ ਰੁੱਖ ਲਗਾ ਕੇ ਗੀਤਕਾਰ ਵੀਰਾਂ ਨੂੰ ਵੀ ਇਹ ਲਿਖਣ ਲਈ ਮਜ਼ਬੂਰ ਕੀਤਾ:-

 ਵਿਹੜਾ ਨਿੰਮ ਵਾਲਾ ਉਤੇ ਨੀ ਚੁਬਾਰਾ,
 ਉਹ ਘਰ ਮਿੱਤਰਾਂ ਦਾ|

ਕਹਿਣ ਦਾ ਭਾਵ ਕਿ ਮਨੁੱਖ ਆਪਣੇ ਚੰਗੇ ਘਰ ਦੀ ਪਹਿਚਾਣ ਤੇ ਮਾਣ ਮਹਿਸੂਸ ਕਰਨ ਲੱਗਿਆ ਪਰ ਹਰ ਮਨੁੱਖ ਲਈ ਆਪਣਾ ਘਰ ਘਰ ਹੀ ਹੁੰਦਾ ਹੈ ਜਿੱਥੋਂ ਉਸ ਨੂੰ ਹਰ ਪ੍ਰਕਾਰ ਦੇ ਸੁੱਖ ਮਿਲਦੇ ਹਨ| ਪਰ ਇਹ ਗੱਲ ਬਿਲਕੁਲ ਠੀਕ ਸੀ ਕਿ ਮਨੁੱਖ ਆਪਣੇ ਘਰ ਨੂੰ ਪਿਆਰ ਕਰਦਾ, ਹਰ ਤਰ੍ਹਾਂ ਦੇ ਸੁੱਖ ਭੋਗਦਾ ਪਰ ਉਹ ਚਿੰਤਾ ਰਹਿਤ ਹੁੰਦਾ ਸੀ ਤਾਂ ਹੀ ਝੱਜੂ ਦੇ ਚੁਬਾਰੇ ਵਾਲੀ ਗੱਲ ਉਸ ਤੇ ਠੀਕ ਢੁੱਕਦੀ ਗਈ|

ਅਜੋਕੇ ਸਮੇਂ ''ਚ ਤਾਂ ਮਨੁੱਖ ਦੀ ਵਿਕਾਸ ਦੀ ਦੌੜ ਹੀ ਲੱਗੀ ਹੋਈ ਹੈ|ਹਰ ਪਾਸੇ ਨਵੇਂ-ਨਵੇਂ ਵੱਡੇ ਸ਼ਹਿਰ ਹੋਂਦ ''ਚ ਆਉਣ ਲੱਗੇ ਹਨ|ਪੱਕੇ ਹੀ ਪੱਕੇ ਮਕਾਨ, ਸਹੂਲਤਾਂ ਦੇ ਚਾਅ ''ਚ ਮਨੁੱਖ ਘਰਾਂ ਦੇ ਸੁੱਖ ਹੀ ਭੁੱਲੀ ਜਾਂਦਾ ਹੈ| ਵਿਕਾਸ ਦੀ ਅੰਨੀ ਦੌੜ ''ਚ ਖੇਤੀ ਲਈ ਉਪਜਾਊ ਜ਼ਮੀਨ ਪੱਕੀਆਂ ਕਲੌਨੀਆਂ ''ਚ ਤਬਦੀਲ ਹੋ ਰਹੀ ਹੈ ਅਤੇ ਲੋਕਾਂ ਨੂੰ ਇਕ-ਇਕ ਛੋਟੇ ਘਰ ਨਾਲ ਸਬਰ ਨਹੀਂ, ਜਿੱਥੇ ਦੇਖਦੇ ਹੋਰ ਮਕਾਨ ਬਣਾਉਣ ਨੂੰ ਤੁਰ ਪੈਂਦੇ ਹਨ|ਵਿਕਾਸ ਦੀ ਦੌੜ ਅਤੇ ਨਵੇਂ ਨਵੇਂ ਘਰ ਬਣਾਉਣ ਦੀ ਲਾਲਸਾ ਨੇ ਮਨੁੱਖ ਦੀ ਚਿੰਤਾ ''ਚ ਵੀ ਵਾਧਾ ਕੀਤਾ ਹੈ ਅਤੇ ਉਸ ਨੂੰ ਪਦਾਰਥਵਾਦੀ ਬਣਾ ਕੇ ਹੀ ਰੱਖ ਦਿੱਤਾ ਹੈ|ਅੱਜ ਕੱਲ ਹਰ ਸ਼ਹਿਰ ''ਚ ਬਹੁ-ਮੰਜ਼ਲੇ ਉੱਚੇ-ਉੱਚੇ ਫਲੈਟਾਂ ਵਾਲੇ ਘਰ ਦੇਖਣ ਨੂੰ ਮਿਲਦੇ ਹਨ ਕਈ ਵਾਰ ਤਾਂ ਮਨ ਸੋਚਦਾ ਹੈ ਕਿ ਇੰਨੇ ਉੱਚੇ ਉੱਚੇ ਫਲੈਟ ਬਣਾ ਕੇ ਕੀ ਮਨੁੱਖ ਰੱਬ ਨੂੰ ਹੇਠਾਂ ਲਾਹੁਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ? ਫਿਰ ਸੋਚੀਦਾ ਹੈ ਕਿ ਇਨ੍ਹਾਂ ਫਲੈਟਾਂ ''ਚ ਮਨੁੱਖਾਂ ਨੇ ਰਹਿਣਾ ਵੀ ਹੈ ਪਰ ਫਿਰ ਤਾਂ ਇਨ੍ਹਾਂ ਮਨੁੱਖਾਂ ਨਾਲੋਂ ਉਹ ਪੰਛੀ ਚੰਗੇ ਹੋਣਗੇ ਜਿਹੜੇ ਖੁਲ੍ਹੀਆਂ ਥਾਵਾਂ ''ਚ ਰੁੱਖਾਂ ਉਤੇ ਕੁਦਰਤ ਦੇ ਨੇੜੇ ਆਪਣੇ ਆਲ੍ਹਣੇ ਬਣਾਉਂਦੇ ਹਨ|
ਪਰ ਹੁਣ ਸੁਆਲ ਉਠਦਾ ਹੈ ਕਿ ਇਨ੍ਹਾਂ ਉੱਚੇ-ਉੱਚੇ ਫਲੈਟਾਂ ''ਚ ਰਹਿਣ ਵਾਲੇ ਮਨੁੱਖਾਂ ਨੂੰ ਉਹ ਪੁਰਾਣੇ ਘਰਾਂ ਵਾਲਾ ਸੁੱਖ ਮਿਲਦਾ ਹੈ? ਉੱਤਰ ਨਾ ''ਚ ਹੀ ਹੁੰਦਾ ਹੈ ਕਿਉਂਕਿ ਇੱਕ ਤਾਂ ਇਹ ਘਰ ਇੰਨੇ ਮਹਿੰਗੇ ਹੁੰਦੇ ਹਨ ਕਿ ਇੱਕ ਕਮਰੇ ਵਾਲੇ ਘਰ ਦਾ ਮੁੱਲ ਆਮ ਤੌਰ ਤੇ 12 ਲੱਖ, 2 ਕਮਰੇ ਵਾਲੇ ਘਰਾਂ ਦਾ ਮੁੱਲ 25 ਲੱਖ ਅਤੇ ਤਿੰਨ ਕਮਰੇ ਵਾਲੇ ਘਰਾਂ ਦਾ ਮੁੱਲ 45 ਲੱਖ ਜਾਂ ਉਸ ਤੋਂ ਵੱਧ ਹੁੰਦਾ ਹੈ|ਜਿਹੜੇ ਲੋਕ ਇਹ ਫਲੈਟ ਖਰੀਦਦੇ ਹਨ ਉਹ ਬੜੀ ਮੁਸ਼ਕਿਲ ਨਾਲ ਇਹ ਕੀਮਤ ਇਕੱਠੀ ਕਰ ਪਾਉਂਦੇ ਹੋਣਗੇ ਜਾਂ ਫਿਰ ਬੈਂਕਾਂ ਤੋਂ ਵੱਡਾ ਕਰਜ਼ਾ ਲੈ ਕੇ ਇਹ ਫਲੈਟ ਖਰੀਦਦੇ ਹੋਣਗੇ ਤਾਂ ਬੈਂਕਾਂ ਦੇ ਕਰਜ਼ੇ ਦੀ ਹਾਲਤ ''ਚ ਘਰ ਦਾ ਸੁੱਖ ਕਿੱਥੋਂ ਮਿਲੇਗਾ? ਜੇ ਕਿਸੇ ਇਨਸਾਨ ਦੀ ਮਾਲੀ ਹਾਲਤ ਇੰਨੀ ਚੰਗੀ ਹੀ ਹੈ ਕਿ ਉਸਨੇ ਉਹ ਉੱਚਾ ਫਲੈਟ ਖਰੀਦ ਹੀ ਲਿਆ ਹੈ ਤਾਂ ਇੱਕ ਤਾਂ ਉਹ ਉੱਝ ਹੀ ਅੱਧੇ ਅਸਮਾਨ ''ਚ ਟੰਗਿਆ ਜਾਂਦਾ ਹੈ, ਉਤੋਂ ਪੱਕੀਆਂ ਦੀਵਾਰਾਂ ਅਤੇ ਪੱਕੀਆਂ ਛੱਤਾਂ ਖੂਬ ਗਰਮੀ ਮੁਹੱਈਆ ਕਰਵਾਉਂਦੀਆਂ ਹਨ| ਜੇ ਲੋਕ ਕੂਲਰਾਂ ਜਾਂ ਏਅਰ ਕੰਡੀਸ਼ਨਾਂ ਦਾ ਸਹਾਰਾ ਲੈਂਦੇ ਹਨ ਤਾਂ ਬਿਜਲੀ ਦੇ ਕੱਟਾਂ ''ਚ ਕੀ ਬਣੇਗਾ? ਨਾਲੇ ਵਾਧੂ ਬਿਜਲੀ ਬਿੱਲ ਤਾਂ ਦੇਣੇ ਹੀ ਪੈਣਗੇ ਇਸ ਤਰ੍ਹਾਂ ਛੱਜੂ ਨੂੰ ਹਰ ਸਮੇਂ ਸੁੱਖ ਨਸੀਬ ਨਹੀਂ ਹੋਵੇਗਾ| 
ਇਨ੍ਹਾਂ ਮੁਸ਼ਕਿਲਾਂ ਦੇ ਨਾਲ ਬੱਚਿਆਂ ਦਾ ਖੁਲ੍ਹੇ ''ਚ ਖੇਲ੍ਹਣਾ-ਮੇਲ੍ਹਣਾ ਵੀ ਖਤਮ|ਕਿਸੇ ਕੁਦਰਤੀ ਆਫ਼ਤ ਦਾ ਡਰ ਸਦਾ ਸਿਰ ਤੇ ਰਹਿੰਦਾ ਹੈ| ਮੁਸ਼ਕਿਲ ਦੇ ਸਮੇਂ ''ਚ ਘਰ ਤੋਂ ਬਾਹਰ ਜਾਣਾ ਮੁਸ਼ਕਿਲ ਹੋ ਸਕਦਾ ਹੈ|ਮੁਸ਼ਕਿਲ ਸਮੇਂ ''ਚ ਤਾਂ ਲਿਫਟਾਂ ਵੀ ਜਵਾਬ ਦੇ ਦੇਂਦੀਆਂ ਹਨ|ਇਸ ਤਰ੍ਹਾਂ ਇਨ੍ਹਾਂ ਫਲੈਟਾਂ ''ਚ ਮਨੁੱਖ ਨੂੰ ਅੰਦਰ ਰਹਿ ਕੇ ਕੁਝ ਬਣਾਵਟੀ ਸਰੀਰਕ ਸੁੱਖ ਤਾਂ ਮਿਲ ਸਕਦਾ ਹੈ ਪਰ ਉਸਦੀ ਆਤਮਾ ਸੁੱਖ ਮਹਿਸੂਸ ਨਹੀਂ ਕਰਦੀ| ਫਿਰ ਮਨੁੱਖ ਸੋਚਦਾ ਹ ਕਿ ਇਸ ਨਾਲੋਂ ਤਾਂ ਪਿੰਡ ਵਾਲਾ ਉਹੀ ਝੱਜੂ ਦਾ ਚੁਬਾਰਾ ਚੰਗਾ ਸੀ ਜਿੱਥੇ ਥੋੜ੍ਹਾ ਉਹ ਕੁਦਰਤ ਦੇ ਨੇੜੇ ਰਹਿ ਕੇ ਆਪਣੇ ਸਮਾਜਿਕ ਰਿਸ਼ਤਿਆਂ ਦਾ ਆਨੰਦ ਲੈਂਦਾ ਸੀ ਇਸ ਤਰ੍ਹਾਂ ਇਹ ਗੱਲ ਬਿਲਕੁਲ ਸਹੀ ਹੈ ਕਿ ਝੱਜੂ ਨੂੰ ਹੁਣ ਸੁੱਖ ਨਹੀਂ ਮਿਲਦਾ, ਫਲੈਟਾਂ ''ਚ
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ 37-ਡੀ,
ਚੰਡੀਗੜ੍ਹ| ਮੋ.ਨੰ: 98764-52223


Related News