ਗੋ ਕੈਨੇਡਾ ਗੀਤ ਨੇ ਵਿਸ਼ਵ ਭਰ ਵਿਚ ਪਹਿਚਾਣ ਬਣਾਈ ਬਲਜਿੰਦਰ ਸੇਖਾ ਦੀ

11/24/2017 4:03:25 PM

ਬਲਜਿੰਦਰ ਸੇਖਾ ਨਾਲ ਮੇਰੀ ਪਹਿਲੀ ਮੁਲਾਕਾਤ ਟੋਰਾਂਟੋ ਵਿਖੇ ਹੋਈ ਸੀ। ਉਹ ਬੜਾ ਉੱਦਮੀ, ਅਗਾਂਹਵਧੂ ਸੋਚ ਦਾ ਮਾਲਕ ਹੈ। ਸਮਾਜ ਸੇਵਾ ਪ੍ਰਤੀ ਲਗਨ ਉਸ ਵਿਚ ਕੁਦਰਤ ਨੇ ਕੁੱਟ ਕੁੱਟ ਕੇ ਭਰੀ ਹੋਈ ਹੈ। ਹਰ ਵੇਲੇ ਕੁਝ ਨਾ ਕੁਝ ਨਵਾਂ ਕਰਨ ਦੀ ਤਾਂਘ ਰੱਖਣ ਵਾਲਾ ਲੱਠਾ ਬੰਦਾ ਹੈ ਬਲਜਿੰਦਰ ਸੇਖ। ਉਹ ਕਿਸੇ ਜਾਣ ਪਹਿਚਾਣ ਦਾ ਮੁਹਥਾਜ ਨਹੀਂ ਹੈ। ਵੇਖਿਆ ਜਾਵੇ ਤਾਂ ਉਹ ਬਹੁਪੱਖੀ ਕਲਾਕਾਰ ਹੀ ਨਹੀਂ, ਬਲਕਿ ਆਪਣੇ ਆਪ ਵਿਚ ਇਕ ਪੂਰੀ ਸੰਸਥਾ ਹੈ। ਬਹੁਪੱਖੀ ਕਲਾਕਾਰ ਇਸ ਲਈ ਕਿ ਉਹ ਸੰਗੀਤਕ ਖੇਤਰ ਵਿਚ ਵੀ ਜਾਣਿਆ ਪਹਿਚਾਣਿਆ ਨਾਮ ਹੈ। ਹਾਸੇ ਠੱਠੇ ਨਾਲ ਨਾਲ ਇਕ ਗਿਆਨ ਭਰਪੂਰ ਕਾਮੇਡੀ ਜ਼ਰੀਏ ਸੰਦੇਸ਼ ਦੇਣ ਵਾਲਾ ਪ੍ਰਸਿੱਧ ਕਾਮੇਡੀਅਨ ਵੀ ਹੈ। ਸੰਜੀਦਾ ਸ਼ਾਇਰੀ ਕਰਕੇ ਪ੍ਰਸਿੱਧ ਸ਼ਾਇਰਾਂ ਵਿਚ ਵੀ ਉਸ ਦਾ ਨਾਮ ਬੋਲਦਾ। ਸਮਾਜ ਵਿਚ ਵਿਚਰਦਿਆਂ ਲੋਕ ਸੇਵਾ ਕਰਦਾ ਹਰ ਵੇਲੇ ਖ਼ੂਨਦਾਨ ਕਰਨ ਦਾ ਹੋਕਾ ਦਿੰਦਾ ਤੇ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਵੇ ਸੁਨੇਹੇ ਦਿੰਦਾ ਨਹੀਂ ਥੱਕਦਾ। ਪਿਤਾ ਸ਼ ਗੁਰਦੇਵ ਸਿੰਘ ਦੇ ਘਰ ਮਾਤਾ ਸਵ.ਸ੍ਰੀਮਤੀ ਚਰਨਜੀਤ ਕੌਰ ਦੀ ਭਾਗਾਂ ਭਰੀ ਕੁੱਖੋਂ ਮੋਗਾ ਜਿਲ੍ਹੇ ਦੇ ਪਿੰਡ ਸੇਖਾ ਕਲਾਂ 'ਚ ਬਲਜਿੰਦਰ ਸਿੰਘ ਦਾ ਜਨਮ ਹੋਇਆ। ਸੰਗੀਤ ਦੀਆਂ ਸੁਰਾਂ ਨਾਲ ਛੋਟੇ ਉਮਰੇ ਹੀ ਇਸ਼ਕ ਹੋ ਗਿਆ। ਹਰਜੀਤ ਬਾਜਾਖਾਨਾ ਦੀ ਟੀਮ ਦੇ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਪੇਂਡੂ ਕੇਵਲ ਸੇਖਾ ਤੇ ਬਲਜਿੰਦਰ ਸੇਖਾ ਬਚਪਨ ਦੇ ਮਿੱਤਰ ਪਿਆਰੇ ਹਨ, ਪਰ ਕੇਵਲ ਸੇਖਾ ਹਰਜੀਤ ਬਰਾੜ ਨਾਲ ਇਕ ਸੜਕ ਦੁਰਘਟਨਾ ਦੌਰਾਨ ਸਾਥੋਂ ਵਿਛੜ ਗਿਆ। ਸੰਗੀਤਕ ਖੇਤਰ ਵਿਚ ਵਿਚਰਦਿਆਂ ਬਲਜਿੰਦਰ ਨੇ ਬਹੁਤ ਮਿਹਨਤ ਕੀਤੀ। ਪਸਿੱਧ ਮਿਊਜ਼ਿਕ ਕੰਪਨੀ ਸੀਐਮਸੀ ਅਤੇ ਰਾਜ ਬਰਾੜ ਦੀ ਟੀਮ ਮਿਊਜ਼ਿਕ ਕੰਪਨੀ ਵਿਚ ਵੀ ਲੰਬਾ ਸਮਾਂ ਬਤੌਰ ਸਹਾਇਕ ਤੌਰ 'ਤੇ ਕੰਮ ਕੀਤਾ। ਸੰਗੀਤਕ ਜਗਤ ਦੀ ਝੋਲੀ ਨਾਮਵਰ ਗਾਇਕਾਂ ਦੀਆਂ ਐਲਬਮਾਂ ਪਾਈਆਂ। ਸੰਗੀਤਕ ਜਗਤ ਦਾ ਇਹ ਮਾਣ ਮੱਤਾ ਗੱਭਰੂ ਸੰਨ 2002 ਵਿਚ ਪੱਕੇ ਤੌਰ 'ਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਜਾ ਵਸਿਆ। ਬੇਹੱਦ ਰੁਝੇਵਿਆਂ ਭਰੇ ਇਸ ਮੁਲਕ ਵਿਚ ਜਾ ਕੇ ਜਿੱਥੇ ਰੋਜੀ ਰੋਟੀ ਲਈ ਕੰਮ ਕੀਤਾ, ਉੱਥੇ ਆਪਣੇ ਅੰਦਰਲੇ ਕਲਾਕਾਰ ਨੂੰ ਵੀ ਜਿਉਂਦਾ ਰੱਖ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ। ਕੈਨੇਡਾ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਮਨੁੱਖਤਾ ਦੇ ਭਲੇ ਲਈ ਕਾਰਜ ਕਰਨ ਵਿਚ ਵੀ ਮੋਹਰੀ ਰਹਿੰਦਾ ਹੈ। ਵਿਦੇਸ਼ੀ ਧਰਤੀ 'ਤੇ ਭਾਈਚਾਰਕ ਸਾਂਝ ਦੀਆਂ ਹਮੇਸ਼ਾਂ ਤੰਦਾਂ ਮਜ਼ਬੂਤ ਰੱਖਣ ਲਈ ਬਲਜਿੰਦਰ ਸੇਖਾ ਵੱਲੋਂ ਪੇਸ਼ ਕੀਤਾ ਸਿੱਖ ਹੈਰੀਟੇਜ ਮੰਥ ਬਟਨ ਦੀਆਂ ਗੱਲਾਂ ਤੇ ਸ਼ਲਾਘਾ ਹਰ ਜ਼ੁਬਾਨ 'ਤੇ ਹੋਈ ਤੇ ਹਰ ਇਕ ਨੂੰ ਮਾਣ ਮਹਿਸੂਸ ਹੋਇਆ ਇਸ ਗੱਭਰੂ ਦੀ ਅਗਾਂਹਵਧੂ ਸੋਚ ਤੇ ਆਪਣੇ ਭਾਈਚਾਰੇ ਲਈ ਵਿਖਾਏ ਅਣਥੱਕ ਪਿਆਰ 'ਤੇ। ਜਿਲ੍ਹੇ ਮੋਗੇ ਦੇ ਨਾਲ-ਨਾਲ ਸਮੂਹ ਪੰਜਾਬ ਵਾਸੀਆਂ ਨੂੰ ਤੇ ਵਿਦੇਸ਼ੀ ਧਰਤੀ 'ਤੇ ਵੱਸਦੇ ਪੰਜਾਬੀਆਂ ਨੂੰ ਇਸ ਗੱਭਰੂ 'ਤੇ ਫਖਰ ਹੈ ਕਿ ਵਿਦੇਸ਼ੀ ਧਰਤੀ 'ਤੇ ਵੀ ਪੰਜਾਬ ਪੰਜਾਬੀਅਤ ਦਾ ਝੰਡਾ ਸੱਤ ਸਮੁੰਦਰੋਂ ਪ੍ਰਦੇਸਾਂ ਵਿਚ ਵੀ ਬੁਲੰਦ ਕਰੀ ਰੱਖਿਆ। ਆਪਣੇ ਦੋਸਤ ਸਤਪਾਲ ਸੇਖਾ ਦੇ ਸਹਿਯੋਗ ਨਾਲ ਸੰਗੀਤਕਾਰ ਦਿਲਖੁਸ ਥਿੰਦ ਦੇ ਸੰਗੀਤ ਵਿੱਚ ਸਾਫ ਸੁਥਰੀ ਸ਼ਬਦਾਵਲੀ ਵਾਲੇ ਗੀਤ 'ਦੁਨੀਆਂ ਨੂੰ ਛੱਡ ਜਾਣ ਵਾਲੀਏ, ਦੂਰ ਉਡਾਰੀ ਲਾਉਣ ਵਾਲੀਏ, ਕਿਹਨੂੰ ਦਿਲ ਦਾ ਹਾਲ ਸੁਣਾਵਾ, ਕੋਈ ਨਾ ਫੜ੍ਹਦਾ ਬਾਂਹ', ਨੀ ਛੱਡ ਜਾਣ ਵਾਲੀਏ, ਮੈਂ ਕੀਹਨੂੰ ਆਖਾਂ ਮਾਂ' ਦੀ ਯਾਦ ਵਿਚ ਗਾਏ ਇਸ ਵੈਰਾਗਮਈ ਗੀਤ ਨੂੰ ਆਪਣੀ ਆਵਾਜ਼ ਰਾਹੀਂ ਦਰਸ਼ਕਾਂ ਅੱਗੇ ਪੇਸ਼ ਕੀਤਾ ਤਾਂ ਦੇਸ਼ਾਂ ਵਿਦੇਸ਼ਾਂ ਵਿਚ ਉਸਦੀ ਪ੍ਰਸੰਸਾ ਕੀਤੀ ਗਈ। ਪਹਿਲੀ ਜੁਲਾਈ 2017 ਕੈਨੇਡਾ ਦੇ ਇਤਿਹਾਸ ਵਿਚ ਪੰਜਾਬੀ ਬੋਲੀ ਨੂੰ ਨਿਵੇਕਲਾ ਦਰਜਾ ਦਿਵਾ ਗਈ ਤੇ ਇਸੇ ਦਿਨ ਮਨਾਏ ਗਏ 150ਵੇਂ ਕੈਨੇਡਾ ਦਿਵਸ ਬਲਜਿੰਦਰ ਸੇਖਾ ਵੱਲੋਂ ਲਿਖਿਆ ਤੇ ਗਾਇਆ ।ਦਿਲਖੁਸ ਥਿੰਦ ਦੇ ਮਿਊਜਿਕ ਪੰਜਾਬੀ ਗੀਤ 'ਗੋ ਕੈਨੇਡਾ' ਵੀ ਵੱਡੇ ਪੱਧਰ 'ਤੇ ਰਿਲੀਜ਼ ਕੀਤਾ। ਜਿਸ ਦੀ ਚਰਚਾ ਕੈਨੇਡਾ ਦੇ ਮੁੱਖ ਮੀਡੀਏ ਸੀਬੀਸੀ, ਸੀ ਟੀ ਵੀ , ਸੀ ਪੀ 24 ਨੇ ਸਾਰਾ ਦਿਨ ਆਪਣੇ ਚੈਨਲਾਂ 'ਤੇ ਟੈਲੀਕਾਸਟ ਕਰਕੇ ਸਮੁੱਚੇ ਪੰਜਾਬੀ ਭਾਈਚਾਰੇ ਦਾ ਜਿੱਥੇ ਸਿਰ ਮਾਣ ਨਾਲ ਉੱਚਾ ਕੀਤਾ, ਉੱਥੇ ਇਸ ਗੀਤ ਨੂੰ ਪੰਜਾਬੀ ਦੇ ਨਾਲ-ਨਾਲ ਇੰਗਲਿਸ਼, ਹਿੰਦੀ ਤੇ ਕੈਨੇਡਾ ਦੀ ਭਾਸ਼ਾ ਫ੍ਰੈਂਚ ਵਿਚ ਵੀ ਅਨੁਵਾਦ ਕੀਤਾ। ਇਸ ਗੀਤ ਨੂੰ ਏਸ਼ੀਅਨ ਭਾਈਚਾਰੇ ਤੋਂ ਇਲਾਵਾ ਗੋਰੇ ਲੋਕਾਂ ਨੇ ਵੀ ਬਹੁਤ ਮਾਣ ਨਾਲ ਸੁਣਿਆ ਤੇ ਇਸ ਦੇ ਗਾਇਕ ਗੀਤਕਾਰ ਬਲਜਿੰਦਰ ਸੇਖਾ ਨੂੰ ਢੇਰ ਸਾਰੀਆਂ ਮੁਬਾਰਕਾਂ ਵੀ ਦਿੱਤੀਆਂ। ਬਲਜਿੰਦਰ ਸੇਖਾ 'ਤੇ ਸਾਡੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਵੀ ਮਣਾਂ ਮੋਹੀ ਮਾਣ ਹੋਇਆ। ਬਲਜਿੰਦਰ ਸੇਖਾ ਵਿਚ ਲੰਬੀ ਰੇਸ ਦੇ ਘੋੜੇ ਵਾਲੇ ਗੁਣ ਮੌਜੂਦ ਹਨ, ਉਹ ਸਸਤੀ ਸ਼ੌਹਰਤ ਹਾਸਲ ਕਰਨ ਵਿਚ ਨਹੀਂ ਕੁਝ ਵੱਡੇ ਉਪਰਾਲੇ ਆਪਣੇ ਮਾਂ ਬੋਲੀ ਲਈ ਕਰਨ 'ਚ ਯਕੀਨ ਰੱਖਦਾ ਹੈ। 'ਗੋ ਕੈਨੇਡਾ' ਗੀਤ ਨੇ ਉਸ ਦੀ ਪਹਿਚਾਣ ਵੀ ਦੁਨੀਆਂ ਭਰ ਵਿਚ ਬਣਾ ਦਿੱਤੀ ਤੇ ਪੰਜਾਬ, ਪੰਜਾਬੀਅਤ ਦਾ ਮਾਣ ਵੀ ਵਿਦੇਸ਼ਾਂ ਵਿਚ ਵਧਾਇਆ। ਕਨੇਡਾ ਸਰਕਾਰ ਵੱਲੋਂ ਕਾਮਾਗਾਟਾਮਾਰੂ ਦੇ ਦੁਖਾਂਤ ਲਈ ਮੰਗੀ ਮੁਆਫੀ ਲਈ ਭਾਰਤੀ ਭਾਈਚਾਰਾ ਵਲੋ ਕਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਜਸ਼ਟਿਨ ਟਰੂਡੋ ਤੇ ਕਨੇਡਾ ਸਰਕਾਰ ਦਾ ਭਾਰਤੀ ਭਾਈਚਾਰੇ ਵੱਲੋਂ ਧੰਨਵਾਦੀ ਚਿੱਤਰ ਬਲਜਿੰਦਰ ਸੇਖਾ ਨੇ ਸਾਲ ਦੀ ਮਿਹਨਤ ਤੋਂ ਬਾਅਦ ਵੈਨਕੂਵਰ ਵਿੱਚ ਸਪੈਸਲ ਜਾ ਕੇ ਭੇਟ ਕੀਤਾ ਜਿੱਥੋਂ ਕਾਮਾਗਾਟਾਮਾਰੂ ਜਹਾਜ਼ ਮੋੜਿਆ ਗਿਆ ਸੀ ।ਪ੍ਰੋ.ਮੋਹਨ ਸਿੰਘ ਫਾਊਡਰੇਸਨ ਕਨੇਡਾ ਦੇ ਸਾਹਿਬ ਸਿੰਘ ਥਿੰਦ ਨੇ ਹਜਾਰਾ ਲੋਕਾਂ ਦੀ ਹਾਜ਼ਰੀ ਵਿੱਚ ਗਦਰੀ ਬਾਬਿਆ ਦੇ ਮੇਲੇ ਤੇ ਕਨੇਡਾ ਦੇ ਰੱਖਿਆਂ ਮੰਤਰੀ ਸਰਦਾਰ ਹਰਜੀਤ ਸਿੰਘ ਸੱਜਣ ਨੇ ਕਨੇਡਾ ਸਰਕਾਰ ਵੱਲੋਂ ਹਾਸਿਲ ਕੀਤਾ ।ਉਮੀਦੇ ਹੈ ਬਲਜਿੰਦਰ ਸੇਖਾ ਦਾ ਤਿਆਰ ਕੀਤਾ ਇਹ ਚਿੱਤਰ ਆਉਣ ਵਾਲੇ ਸਮੇਂ ਮਿਊਜਮਾਂ ਦਾ ਸ਼ਿੰਗਾਰ ਬਣੇਗਾ ।ਆਪਣੀ ਕੈਂਸਰ ਪੀੜਤ ਮਾਂ ਦੇ ਇਸ ਜਹਾਨ ਤੋਂ ਤੁਰ ਜਾਣ ਬਾਅਦ ਉਨ੍ਹਾਂ ਦੇ ਨੇਤਰਦਾਨ ਕਰਕੇ ਜਿੱਥੇ ਉਸ ਨੇ ਹਨ੍ਹੇਰੇ ਵਿਚ ਡਗਮਗਾਉਂਦੀਆਂ ਦੋ ਰੂਹਾਂ ਦੇ ਲੋਅ ਦੀ ਲਾਠੀ ਫੜ੍ਹਾ ਕੇ ਇਹ ਇਕ ਵੱਡਾ ਪੁੰਨ ਦਾ ਕੰਮ ਕੀਤਾ, ਉੱਥੇ ਇਹ ਵੀ ਸਾਬਤ ਕੀਤਾ ਕਿ ਉਹ ਕਹਿਣੀ ਤੇ ਕਰਨੀ ਦਾ ਪੱਕਾ ਹੈ। ਉਸ ਨੇ ਮਰਨ ਉਪਰੰਤ ਆਪਣਾ ਸਰੀਰ ਵੀ ਮੈਡੀਕਲ ਕਾਲਜ ਨੂੰ ਦਾਨ ਕਰਨ ਦਾ ਵਾਅਦਾ ਕੀਤਾ। ਬਲਜਿੰਦਰ ਸੇਖਾ 'ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਮਣਾਂ ਮੂਹੀ ਮਾਣ ਹ ੇਤੇ ਰਹੂੰਗਾ ਵੀ। ਪਰਮਾਤਮਾ ਲੰਬੀ ਉਮਰ ਬਖ਼ਸ਼ੇ ਇਸ ਅਣਮੁੱਲੇ ਹੀਰੇ ਨੂੰ
ਜਗਦੇਵ ਬਰਾੜ (ਮੋਗਾ )
 


Related News