ਕੁੜੀਆਂ

05/18/2017 5:00:23 PM

ਕੁੜੀਆਂ
ਰੁੱਖੀ, ਸੁੱਖੀ ਬੁੱਲ੍ਹਾਂ ਦੀ ਮੁਸਕਾਣ
ਪੱਗ ਨੂੰ ਦਾਗ ਲੱਗਣ ਦਾ ਹਾਉਕਾ
 
ਉੱਚੇ ਅੰਬਰ ਉਲੀਕਦੀਆਂ
ਕਿਤਾਬਾਂ ''ਚੋਂ ਪੜ੍ਹ-2
ਸਿੱਖਦੀਆਂ ਨੇ ਕਾਪੀਆਂ ''ਚ ਕੁਝ-2 ਲਿਖਣਾ
 
ਦਾਜ ਦੇ ਪਰਬਤਾਂ ਤੋਂ ਡਰਦੀਆਂ
ਨੂੰਹਾਂ, ਮਾਂਵਾਂ ਧੀਆਂ ਸੱਸਾਂ ਬਣਦੀਆਂ ਕੁੜੀਆਂ
 
ਘਰ ਸਾਫ਼ ਕਰਨ ਘੱਟੇ ਪੂੰਝਣ
ਸਜਾਉਣ-ਚਲਾਵਣ ਘਰ ਬੰਦਿਆਂ ਦੇ
 
ਪੁੱਤ ਦੇਣ
ਫਰਜ਼ ਨਿਭਾਵਣ ਪੁੱਤਰਾਂ ਦੇ ਕੁੜੀਆਂ
ਬਣ ਜਾਵਣ ਮਦਰ ਟਰੇਸਾ ਕਰਨ ਸੇਵਾ ਦੁਖੀਆਂ ਦੀ
ਕਦੇ ਬਣਨ ਮਾਈ ਭਾਗੋ 
 
ਕਦੇ ਸਮਾਂ ਕਹਿੰਦਾ ਹੈ ਹੋਲੀ ਬੋਲੋ!
ਰੋਈ ਜਾਂਦੀ ਸੀ ਸਵੇਰ 
ਹਾਉਕੇ ਲੈਂਦੀ-ਲੈਂਦੀ ਹੁਣੇ ਮਸਾਂ ਸੁੱਤੀ ਆਂ
ਕੀ ਵਿਖਾਵਾਂਗੇ ਮੂੰਹ ਕਿਸੇ ਨੇ ਸੁਣ ਲਿਆ ਤਾਂ
 
ਪਿੱਟਦੀ ਆਂ ਮੈਂ ਵਿਚੋਲਿਆਂ ਨੂੰ
ਦਿਨ ਚੜ੍ਹਦਾ ਆ ਤਾਂ
 
ਨਰਕਾਂ ''ਚ ਢੋਈ ਨਾ ਆਵੇ
ਇਹਨਾਂ ਕੰਜਰਾਂ ਨੂੰ
ਫਿਰ ਪਤਾ ਲੱਗੂ 
ਮੈਂ ਤਾਂ ਕਹਿੰਦੀ ਆਂ-ਇਹਦੀ ਧੀ ਰੰਡੀ ਹੋਵੇ
ਪਿਉ ਨੂੰ ਚੁੱਪ ਰਹਿਣ ਲਈ ਵਾਸਤੇ ਪਾ ਰਹੀ ਸੀ ਇਕ ਰਾਤ
 
ਪੂਰਾ ਦਿਨ ਕਲੇਸ਼ ਕਰਦਾ ਰਿਹਾ
ਕਰਮ ਜਾਂ ਵਿਚੋਲਾ?
 
ਕੁੜੀਆਂ
ਪੇਟੀਆਂ ਵਾਲੇ ਕਮਰੇ ਦੀ ਇਕ ਨੁੱਕਰੇ
ਰਜਾਈਆਂ ''ਚ ਮੂੰਹ ਲੁਕੋਈ
ਸਭ ਕੁਝ ਸੁਣਦੀਆਂ
 
ਸੁਹਾਗਰਾਤ ਤੋਂ ਲੈ ਕੇ ਅੱਜ ਤੱਕ
ਨਿੱਤ ਘੁੱਟ-ਘੁੱਟ ਮਰਦੀਆਂ
 
ਸਹੁਰੇ ਪਿੰਡ ਤੋਂ ਆਂਢ-ਗੁਆਂਢ
ਪੇਕੇ ਦਸਦੀਆਂ-ਨਰਕ ਭੋਗਣਾ
ਮਾਪਿਆਂ ਦੀ ਹਾਲਤ ਬਾਰੇ ਪਤਾ ਲੈਂਦੀਆਂ
 
ਸੁਹਾਗਰਾਤਾਂ ਪਲਾਟ ਦੇ ਪੇਪਰ ਮੰਗਦੀਆਂ
ਵੇ ਲੋਕੋ, ਬਾਹਰ ਦੇ ਵੀਜ਼ੇ ਪਲਾਟਾਂ ਸਿਰ ਲੱਗਣ
 
ਨੌਂ ਮਰਲੇ ਦੇ ਪਲਾਟ ਦੇ ਸੁਹਾਗ ਨਾ ਗਾਏ ਜਾਣ
ਚਿਹਰੇ ਦੇ ਰੰਗ ਫਿੱਕੇ ਪੈਣ 
 
ਫਿਰ ਸਾਰੀ ਰਾਤ ਕਰਾਂਗੇ ਪਿਆਰ ਦੀਆਂ ਗੱਲਾਂ
ਸ਼ਰਾਬ ਦੀ ਹਵਾੜ ''ਚ
ਪੂਰੇ ਅੱਸੀ ਲੱਖ ਦੀ ਬਣਦੀ ਉਹ ਜ਼ਮੀਨ
 
ਵਹੁਟੀਆਂ ਕੁੜੀਆਂ ਸੁਣਦੀਆਂ
 
ਡਰ ਨਾਲ ਆਉਂਣ ਤ੍ਰੇਲੀਆਂ
ਸੁਹਾਗ ਦੇ ਗੋਟੇ ਵਾਲੀ ਚੁੰਨੀ ਨੂੰ ਮੂੰਹ ਦੁਆਲੇ ਲਪੇਟਦੀਆਂ
ਚੜਿਆ ਚੰਨ
ਚਾਨਣੀ ਦੇ ਹੱਥ ਘੁੱਟ ਕੇ ਫੜਦਾ
 
ਸੁਹਾਗ ਵਾਲੀ ਰਾਤ ਕੁੜੀਆਂ ਸੋਚਦੀਆਂ
ਕੋਈ ਠੋਡੀ ਹੇਠਾਂ ਪੋਟੇ ਧਰਕੇ ਪੋਲੇ ਜਿਹੇ
ਉਹਦਾ ਮੁੱਖੜਾ ਉਤਾਂਹ ਚੁੱਕੇਗਾ,
ਅੱਖਾਂ ''ਚ ਅੱਖਾਂ ਡੁੱਬਣਗੀਆਂ
ਘੁੱਟੇ ਹੱਥ ਚਾਨਣੀ ਦੇ ਸ਼ਰਮਾਣਗੇ
ਰਾਤ ਇਕ-ਦੂਜੇ ਦੇ ਹੱਥ ਫੜਕੇ ਕਰਨਗੇ ਬੜੀਆਂ ਗੱਲਾਂ
ਮਹਿੰਦੀ ਵਾਲੇ ਹੱਥ ਚੁੰਮਦਿਆਂ ਕਿੰਨੀ ਹੀ ਵਾਰ
ਉਸਦਾ ਲਾਲ ਰੰਗ ਵਾਲਾ ਬਾਹਾਂ ''ਚ ਪਾਇਆ ਚੂੜਾ ਦੇਖੇਗਾ
ਸਾਥ ਦੇਣ ਦੀਆਂ ਸੌਂਹਾਂ ਖਾਣਗੇ ਜਾਗਦੇ ਸੁਪਨੇ
 
ਸਹੁਰੇ ਘਰ ਕਿਵੇਂ ਵਿਚਰੇਗੀ
ਭਰੋਸੇ ਜੀਣਗੇ ਖਿਆਲ ਆਉਣਗੇ
 
ਅੱਖਾਂ ''ਚੋਂ ਅੱਥਰੂ ਰੁਕਣ ਦਾ ਨਾਂ ਨਹੀਂ ਲੈਣਗੇ
 
ਜ਼ਮੀਨ ਦੇ ਵਧਦੇ ਰੇਟਾਂ
''ਤੇ ਸ਼ਹਿਰਾਂ ਦੇ ਨਾਂ ਗਿਣ ਰਿਹਾ ਹੋਵੇਗਾ ਸੱਜਰਾ ਮਾਹੀਆ
 
ਕੁੜੀਆਂ ਅੰਮੜੀ ਨੂੰ ਚੇਤੇ ਕਰਦੀਆਂ 
ਸਭ ਕੁਝ ਵੇਚ-ਵੱਟ ਸ਼ਰੀਕੇ ਵਿਚ ਨੱਕ ਬਣਾ 
ਵਿਆਹ ਕਰ ਦਿੱਤਾ ਤੇਰਾ ਧੀਏ!
ਏਦਾਂ ਦਾ ਵਿਆਹ ਨੇੜੇ-ਤੇੜੇ ਪੰਜਾਹ ਪਿੰਡਾਂ ''ਚ
ਵੱਡੇ-ਵੱਡੇ ਅਮੀਰਾਂ ਨੇ ਵੀ ਨਹੀਂ ਕੀਤਾ ਹੋਣਾ
ਪਿੱਛੇ ਪਰਤ ਕੇ ਨਾ ਵੇਖੀਂ
ਸਾਡੇ ਪੱਲੇ ਹੁਣ ਕੁਝ ਨਹੀਂ ਰਿਹਾ
ਹੰਝੂਆਂ ਬਗੈਰ
ਜਾਂ ਤੇਰੇ ਵੱਲੋਂ ਆਉਂਦੀ ਠੰਡੀ ਵਾ ਵੇਖਣ ਛੂਹਣ ਨੂੰ
 
ਸਾਈਕਲ ਦੇ ਪੈਡਲ ਮਾਰਦਾ
ਘੜੀ-ਮੁੜੀ ਘੁੰਮ-ਘੁੰਮ ਕੇ ਲਾਲ ਚੂੜਾ ਦੇਖਦਾ
ਇਕ ਬੱਸ ਅੱਡੇ ਟਾਹਲੀ ਦੀ ਛਾਂਵੇਂ
ਦਮ ਮਾਰਨ ਲਈ ਠਹਿਰੇਗਾ
 
ਪਹਿਲਾਂ ਨਲਕਾ ਗੇੜ
ਚੀਜ਼-ਵਹੁਟੀ ਨੂੰ ਪਾਣੀ ਪਿਲਾਏਗਾ-ਫਿਰ ਆਪ ਪੀਏਗਾ
ਸੂਰਜ ਅੱਖਾਂ ''ਚ ਛਿੱਟੇ ਮਾਰੇਗਾ
ਮਹਿੰਦੀ ਵਾਲੀ ਦੁਪਹਿਰ ਗੇੜੇਗੀ ਨਲਕਾ
ਮਸ਼ਕਰੀਆਂ ਕਰਣਗੇ ਪਲ ਕਿੰਨਾ ਚਿਰ
 
ਸ਼ਰਾਰਤੀ ਪਰਿੰਦਾ ਹੀਰ ਦੀ ਵੱਖੀ ''ਚ
ਵੱਢੇਗਾ ਦੋ ਚੂੰਡੀਆਂ ਹਾਸੇ ਨਿਕਲਣਗੇ
 
ਕੁੜੀਆਂ ਹੱਸਦੀਆਂ!!
ਕੁੜੀਆਂ ਵਸਦੀਆਂ!! 
 
ਡਾ. ਅਮਰਜੀਤ ਟਾਂਡਾ

Related News