ਇਸ ਤਰ੍ਹਾਂ ਵੱਸਿਆ ਇਤਿਹਾਸਕ ਨਗਰ ਧੂਬੜੀ ਸਾਹਿਬ

05/18/2017 5:25:25 PM

ਸਰਬਤ ਦੇ ਭਲੇ ਦੀ ਸਿਧਾਂਤਕ ਅਤੇ ਵਿਹਾਰਕ ਹਾਮੀ ਭਰਨ ਵਾਲੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ (ਦੇਸ਼‐ਵਿਦੇਸ਼ ਵਿਚ) ਉਦਾਸੀਆਂ ਦਾ ਸਿਲਸਲਾ ਆਰੰਭ ਕੀਤਾ ਸੀ,ਜਿਸ ਨੂੰ ਬਾਅਦ ''ਚ ਉਨਾਂ ਦੇ ਉਤਰਾਧਿਕਾਰੀਆਂ ਨੇ ਵੀ ਜਾਰੀ ਰੱਖਿਆ ਸੀ। ਇਸ ਸਿਲਸਲੇ ਦਾ ਮਨੋਰਥ ਜਿਥੇ ਗੁਰੂ ਸਾਹਿਬ ਦੇ ਸਰਬ ਕਲਿਆਣਕਾਰੀ  ਮਿਸ਼ਨ ਦਾ ਫੈਲਾਅ ਕਰਨਾ ਸੀ,ਉਥੇ ਭਟਕਦੀ ਹੋਈ ਲੋਕਾਈ ਨੂੰ ਸੱਚ ਦੇ ਮਾਰਗ ਨਾਲ ਜੋੜ ਕੇ ਰੂਹਾਨੀ ਖੁਸ਼ੀ ਦਾ ਪਾਤਰ ਬਣਾਉਣਾ ਵੀ ਸੀ। ਅਜਿਹੀ ਪਾਤਰਤਾ ਦੀ ਉਸਾਰੀ ਹਿੱਤ ਹੀ ਨੌਂਵੇ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ  ਅਪਣੇ ਸਮੇਂ ''ਚ ਚੜ ਦੇ ਸੂਰਜ (ਪਟਨਾ,ਬੰਗਾਲ ਅਤੇ ਆਸਾਮ) ਦੇ ਇਲਾਕਿਆਂ ''ਚ ਆਪਣੇ ਮੁਬਾਰਕ ਚਰਨ ਪਾਏ ਸਨ। ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨਾਂ ਦੇ ਪਰਿਵਾਰ ਦੀ ਪਟਨਾ ਸਾਹਿਬ ਵਿਚਲੀ ਠਹਿਰ ਸਮੇਂ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਅਤੇ ਉਨਾਂ ਦੇ ਮੁਖ਼ਾਰਬਿੰਦ ਤੋਂ  ਉਚਾਰਣ ਕੀਤੇ ਪਵਿੱਤਰ ਬਚਨ ਸੁਣ ਕੇ ਨਿਹਾਲ ਹੋ ਜਾਂਦੀਆਂ। ਰੋਜ਼ਾਨਾ ਦੀ ਤਰਾਂ ਇਕ ਦਿਨ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਤਾਂ ਰਾਜਾ ਰਾਮ ਸਿੰਘ ਦਾ ਇਕ ਨੁਮਾਇੰਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ। ਬਹੁਤ ਸਾਰੀਆਂ ਭੇਟਾਵਾਂ ਅਤੇ ਸਤਿਕਾਰ ਪੇਸ਼ ਕਰਨ ਤੋਂ ਬਾਅਦ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ,''ਸੱਚੇ ਪਾਤਸ਼ਹ! ਹਿੰਦੋਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਮੇਰੇ ਮਾਲਿਕ (ਰਾਜਾ ਰਾਮ ਸਿੰਘ) ਨੂੰ ਕਾਮਰੂਪ (ਆਸਾਮ) ''ਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੋਇਆ ਹੈ। ਕਾਮਰੂਪ ''ਚ ਜਾਦੂ-ਮੰਤਰਾਂ ਦਾ ਬੋਲਬਾਲਾ ਹੈ, ਜੋ ਕਿ ਵੱਡੇ ਖ਼ਤਰੇ ਤੋਂ ਖਾਲੀ ਨਹੀਂ,ਕਿਰਪਾ ਕਰਕੇ ਸਾਨੂੰ ਬਚਾ ਲਓ।''    ਉਸ ਦੀ ਵਿਥਿਆ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕਿ,''ਪਰਮਾਤਮਾ ਦਾ ਨਿਰੰਤਰ ਜਾਪ ਕਰੋ,ਉਹ ਭਲਾ ਕਰੇਗਾ। ਨਾਲ ਹੀ ਉਨਾਂ ਨੇ ਇਹ ਵੀ ਕਿਹਾ ਕਿ ਉਹ ਕੁੱਝ ਸਮੇਂ ਬਾਅਦ ਸਿੱਖੀ  ਦੇ ਪ੍ਰਚਾਰ ਲਈ ਆਸਾਮ ਆਉਣਗੇ।''ਨੁਮਾਇੰਦੇ ਨੂੰ ਹੌਂਸਲਾ ਦੋ ਕੋ ਗੁਰੂ ਸਾਹਿਬ ਨੇ ਵਾਪਸ ਭੋਜ ਦਿੱਤਾ ਅਤੇ ਆਪਣੇ ਪਰਿਵਾਰ (ਮਾਤਾ ਅਤੇ ਪਤਨੀ) ਨੂੰ ਸਾਲੇ ਕਿਰਪਾਲ ਚੰਦ ਦੇ ਹਵਾਲੇ ਕਰਕੇ ਆਪ ਭਾਗਲਪੁਰ,ਰਾਜਮਹਲ,ਮਾਲਦਾ ਅਤੇ ਢਾਕਾ ਹੁੰਦੇ ਹੋਏ ਕਾਮਰੂਪ( ਅਜੋਕੇ ਆਸਾਮ) ਵਿਖੇ ਪਹੁੰਚ ਗਏ। ਉਨਾਂ ਨੇ ਦਰਿਆ ਬ੍ਰਹਮਪੁੱਤਰ ਦੇ ਕੰਢੇ ''ਤੇ ਸਥਿਤ (ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ) ਗੁਰਦੁਆਰਾ ਦਮਦਮਾ ਸਾਹਿਬ (ਹੁਣ ਧੂਬੜੀ  ਸਾਹਿਬ) ਵਿਖੇ ਪੜਾਅ ਕੀਤਾ। ਬਾਦਸ਼ਾਹ ਦਾ ਹੁਕਮ ਵਜਾਉਣ ਲਈ ਰਾਜਾ ਰਾਮ ਸਿੰਘ ਅਤੇ ਉਸ ਦੀ ਫੌਜ ਵੀ ਇਸ ਸਥਾਨ ''ਤੇ ਪਹੁੰਚ ਗਏ। ਇੱਧਰ ਜਦੋਂ ਕਾਮਰੂਪ ਦੇਸ਼ ਦੇ ਰਾਜੇ ਚੱਕਰਧਰ ਨੂੰ ਪਤਾ ਲੱਗਾ ਕਿ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਹਿਰ ''ਤੇ ਰਾਜਾ ਰਾਮ ਸਿੰਘ ਉਸ ਉਪਰ ਹਮਲਾ ਕਰਨ ਲਈ ਆ ਰਿਹਾ ਹੈ ਤਾਂ ਉਸ ਨੇ ਉਸ (ਰਾਜਾ ਰਾਮ ਸਿੰਘ) ਦੀ ਫ਼ੌਜ ਨੂੰ ਸਬਕ ਸਿਖਾਉਣ ਦੀ ਠਾਣ ਲਈ । ਲੜਾਈ ''ਚ ਮਦਦ ਲੈਣ ਲਈ ਉਸ ਨੇ ਆਪਣੇ ਦੇਸ਼ ਦੀਆਂ ਪ੍ਰਸਿੱਧ ਜਾਦੂਗਰਨੀਆਂ ਨੂੰ  ਸੁਨੇਹਾ ਭੇਜਿਆ। ਇਨਾਂ ਜਾਦੂਗਰਨੀਆਂ ''ਚ ਇੱਕ ਨੇਤਾਈ ਧੋਬਣ ਵੀ ਸੀ। ਇੱਧਰ ਨੌਂਵੇ ਪਾਤਸ਼ਾਹ ਨੇ ਆਉਣ ਵਾਲੇ ਖ਼ਤਰੇ ਨੂੰ ਭਾਂਪਦੇ ਹੋਏ ਰਾਜਾ ਰਾਮ ਸਿੰਘ ਨੂੰ ਖ਼ਬਰਦਾਰ ਕੀਤਾ ਕਿ ਉਹ ਆਪਣੀ ਫ਼ੌਜ ਨੂੰ ਦਰਿਆ ਦੇ ਕਿਨਾਰੇ ਤੋਂ ਕਿਸੇ ਉਚੀ ਥਾਂ ''ਤੇ ਲੈ ਜਾਵੇ ਕਿਉਂਕਿ ਜਾਦੂਈ ਜੁਗਤ ਨਾਲ ਇਸ ਦਰਿਆ ''ਚ ਹੜ ਆਉਣ ਵਾਲਾ ਹੈ। ਤੇ ਹੋਇਆ ਵੀ ਇੰਜ ਹੀ । ਕਾਲੇ ਜਾਦੂ ਦੇ ਕਮਾਲ ਨਾਲ ਰਾਤ ਨੂੰ ਦਰਿਆ ਬ੍ਰਹਮਪੁੱਤਰ ''ਚ ਹੜ ਆ ਗਿਆ। ਗੁਰੂ ਬਚਨਾਂ ''ਤੇ ਪਹਿਰਾ ਦੇਣ ਵਾਲੀ ਫ਼ੌਜ ਤਾਂ ਇਸ ਹੜ ਦੀ ਮਾਰ ਤੋਂ ਬਚ ਗਏ ਪਰ ਦੂਸਰੀ ਫ਼ੌਜ ਤੇਜ ਪਾਣੀ ਦੇ ਵਹਾਅ ''ਚ ਵਹਿ ਗਈ। ਅਜਿਹਾ ਮੰਜ਼ਰ ਦੇਖ ਕੇ ਰਾਜਾ ਰਾਮ ਸਿੰਘ ਅਤੇ ਉਸ ਦੀ ਫ਼ੌਜ ਦੇ ਹੌਂਸਲੇ ਪਸਤ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਉਨਾਂ ਨੂੰ ਹੌਂਸਲਾ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ,'' ਉਨਾਂ ਦਾ ਹੁਣ ਕੋਈ ਹੋਰ ਨੁਕਸਾਨ ਨਹੀਂ ਹੋਵੇਗਾ,ਉਹ ਅਕਾਲ ਪੁਰਖ ਉਪਰ ਵਿਸ਼ਵਸ ਰੱਖਣ। ਗੁਰੂ ਸਾਹਿਬ ਦੀ ਹਾਜ਼ਰੀ  ਅਤੇ ਵਿਸ਼ੇਸ਼ ਕਿਰਪਾ ਨਾਲ ਜਦੋਂ ਜਾਦੂਗਰਨੀਆਂ ਦਾ ਜਾਦੂ ਆਪਣਾ ਅਸਰ ਦਿਖਾਉਣੋਂ ਹੱਟ ਗਿਆ ਤਾਂ ਨੇਤਾਈ ਧੋਬਣ ਗੁੱਸੇ ''ਚ ਆ ਗਈ ਅਤੇ ਉਸ ਨੇ ਇੱਕ ਵੱਡ-ਅਕਾਰੀ ਪੱਥਰ ਗੁਰੂ ਸਾਹਿਬ ਵੱਲ ਚਲਾ ਦਿੱਤਾ। ਵਹਿਗੁਰੂ ਦੀ ਕਿਰਪਾ ਨਾਲ ਉਹ ਪੱਥਰ ਗੁਰੂ ਜੀ ਦਾ ਵਾਲ ਵੀ ਵਿੰਙਾ ਨਾ ਕਰ ਸਕਿਆ ਅਤੇ ਦੂਰ ਜਾ ਕੇ ਏਨੀ ਜੋਰ ਦੀ ਡਿੱਗਿਆ ਕਿ ਉਸ ਦਾ ਅੱਧਾ ਹਿੱਸਾ ਧਰਤੀ ''ਚ ਹੀ ਧੱਸ ਗਿਆ। ਆਪਣੀ ਇਸ ਨਾਕਾਮਯਾਬੀ ਤੋਂ ਬਾਅਦ ਉਸ ਧੋਬਣ ਨੇ ਪਿਪਲ ਦਾ ਇਕ ਦਰਖਤ ਪੁੱਟਿਆ ਅਤੇ ਉਸ ਨਾਲ ਗੁਰੂ ਜੀ ਉਪਰ ਇਕ ਹੋਰ ਵਾਰ ਕਰ ਦਿੱਤਾ ਪਰ ਨੇਤਾਈ ਧੋਬਣ ਦਾ ਇਹ ਵਾਰ ਵੀ ਖਾਲੀ ਹੀ ਗਿਆ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਆਤਮਿਕ ਢਾਲ ਨਾਲ ਉਸ ਪਿੱਪਲ ਨੂੰ ਹਵਾ ''ਚ ਲਟਕਣ ਲਾ ਦਿੱਤਾ। ਆਪਣੀਆਂ ਮਾਰੂ ਕੋਸ਼ਿਸ਼ਾਂ ਨੂੰ ਸਿਰੇ ਨਾ ਚੜਦਿਆਂ ਦੇਖ ਕੇ ਨੇਤਾਈ ਧੋਬਣ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਸ਼ਕਤੀ ਅੱਗੇ ਗੋਡੇ ਟੇਕ ਦਿੱਤੇ ਅਤੇ ਚਰਨਾਂ ਉਪਰ ਢਹਿ ਕੇ ਮੁਆਫ਼ੀ ਮੰਗ ਲਈ। ਗੁਰੂ ਜੀ ਅੱਗੇ ਬੇਨਤੀ ਕਰਦਿਆਂ ਉਸ ਧੋਬਣ ਨੇ ਕਿਹਾ ਕਿ '' ਜੇਕਰ ਤਸੀਂ ਕਿਰਪਾ ਕਰ ਦਿਓ ਤਾਂ ਮੇਰਾ ਨਾਮ ਵੀ ਗੁਰੂ ਘਰ ਨਾਲ ਸਦੀਵੀਂ ਕਾਲ ਲਈ ਜੁੜਿਆ ਰਹੇ''। ਉਸ ਦੀ ਬੇਨਤੀ ਉਪਰ ਵਿਚਾਰ ਕਰਦਿਆਂ ਗੁਰੂ ਸਾਹਿਬ ਨੇ ਕਿਹਾ ਕਿ ''ਜੇਕਰ ਉਹ ਆਪਣੇ ਕਾਲੇ ਕਾਰਨਾਮੇ (ਜਾਦੂਗਰੀ)  ਛੱਡ ਦੇਵੇ ਤਾਂ ਆਉਣ ਵਾਲੇ ਸਮੇਂ ''ਚ ਇਸ ਸਥਾਨ ਉਪਰ ਇੱਕ ਬਹੁਤ ਵੱਡਾ ਨਗਰ ਵੱਸੇਗਾ ਜਿਸ ਦਾ ਨਾਮ ਤੇਰੇ ਨਾਮ ਨਾਲ ਜਾਣਿਆ ਜਾਵੇਗਾ। ਨੇਤਈ ਧੋਬਣ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੂੰ ਸਤਿ ਕਰਕੇ ਜਾਣਿਆਂ ਤੇ ਆਪਣੀ ਬਚਦੀ ਹੋਈ ਜ਼ਿੰਦਗੀ  ਨੇਕਨੀਤੀ  ਨਾਲ ਗੁਜ਼ਾਰੀ। ਇਧਰ ਗੁਰੂ ਸਾਹਿਬ ਦੇ ਕਹੇ ਹੋਏ ਵਾਕ ਵੀ ਵਰਦਾਨ ਸਾਬਤ ਹੋਏ ਜਿਨਾਂ ਅਨੁਸਾਰ ਦਰਿਆ ਬ੍ਰਹਮਪੁੱਤਰ (ਆਸਾਮ) ਦੇ ਕਿਨਾਰੇ ''ਤੇ ਵੱਸੇ ਇਸ ਨਗਰ ਦਾ ਨਾਮ ਧੋਬੜੀ/ਧੂਬੜੀ ਸਾਹਿਬ (ਧੋਬਣ ਨਾਲ ਸੰਬੰਧਤ) ਪ੍ਰਚਲਿਤ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਵਾਲੇ ਦਿਨ ਇਸ ਸਥਾਨ ''ਤੇ ਵਿਸ਼ਾਲ ਸਮਾਗਮ ਕੀਤੇ ਜਾਂਦੇ ਹਨ ਜਿਨਾਂ ''ਚ ਦੂਰ‐ਨੇੜੇ ਦੀ ਸੰਗਤ ਹੁੰਮ‐ਹਮਾ ਕੇ ਪਹੁੰਚਦੀ  ਹੈ।        
ਰਮੇਸ਼ ਬੱਗਾ ਚੋਹਲਾ
      ਮ: ਨੰ: 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ                                                              (ਲੁਧਿਆਣਾ) 
                                 ਮੋਬਾਇਲ ਨੰਬਰ -94631-32719
         ਗੁਰਦੁਆਰਾ  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,ਧੂਬੜੀ (ਆਸਾਮ) 


Related News