ਬੇਬੇ ਤੇ ਬਾਬੇ ਦੀ ਬੋਲੀ

05/27/2017 6:25:06 PM

ਮੈਂ ਸੋਚਦੀ ਹਾਂ ਮੈਂ ਸੰਭਾਲੀ ਬੈਠੀ ਹਾਂ ਪੰਜਾਬੀ
ਕਿੱਥੇ ਚਲੀ ਹੈ, ਕਿੱਥੇ ਖਤਮ ਹੋਣ ਲੱਗੀ ਹੈ
ਮੇਰੀ ਮਾਂ ਦੀ ਬੋਲੀ ਹੈ, ਮੇਰੇ ਬਾਪ ਦੀ ਬੋਲੀ ਹੈ
ਮੇਰੇ ਤਾਂ ਖੂਨ ਵਿੱਚ ਹੈ
ਇੰਝ ਹੀ ਸੋਚਦਾ ਹੋਵੇਗਾ, ਮੇਰਾ ਦਾਦਾ
ਜੋ ਸ਼ੌਕੀਨ ਸੀ, ਊਰਦੂ ਤੇ ਫਾਰਸੀ ਦਾ
ਇੰਝ ਹੀ ਸੋਚਿਆ ਹੋਵੇਗਾ, ਉਸ ਨੇ
ਕਿੱਤੇ ਨਈਂ ਜਾਂਦੇ, ਊਰਦੂ ਤੇ ਫਾਰਸੀ
ਮੇਰੀ ਬੇਬੇ ਦੀ ਬੋਲੀ ਹੈ, ਮੇਰੇ ਬਾਬੇ ਦੀ ਬੋਲੀ ਹੈ
ਮੇਰੇ ਤਾਂ ਖੂਨ ਵਿੱਚ ਹੈ
ਤੁਸੀਂ ਅੱਖ ਮੀਚੀ ਦਾਦਾ ਜੀ

ਤੇ ਤੁਹਾਡੇ ਬੇਬੇ ਤੇ ਬਾਬੇ ਦੀ ਬੋਲੀ ਵੀ
ਅੱਖ ਮੀਚ ਗਈ ਤੁਹਾਡੇ ਨਾਲ
ਤੁਹਾਡੀਆਂ ਊਰਦੂ ਕਿਤਾਬਾਂ ਦਾ ਕੀ ਹੋਇਆ,
ਮੈਨੂੰ ਨਹੀਂ ਪਤਾ
ਸਾਡੀ ਝੋਲੀ ਨਹੀਂ ਪਈ,
ਤੁਹਾਡੀ ਬੇਬੇ ਤੇ ਬਾਬੇ ਦੀ ਬੋਲੀ ਦੀ ਲਿਪੀ
ਕੀ ਹੋਇਆ ਅੱਜ ਜੇ ਮੇਰੀ ਧੀ,
ਬਹੁਤ ਖੁਸ਼ ਹੁੰਦੀ ਹੈ
ਪੰਜਾਬੀ ਗਾਣਿਆਂ ''ਤੇ ਨੱਚਦੀ ਵੀ ਹੈ
ਜਿਸ ਨੂੰ ਦੱਸਦੇ ਹਾਂ ਲਫ਼ਜ਼ਾਂ ਦੇ ਅਰਥ,
ਅੰਗਰੇਜ਼ੀ ਕਿੰਡੀਆਂ ਵਿੱਚ ਜਾਂਦੀ ਨੂੰ
ਕੀ ਹੋਇਆ ਜੇ ਉਹ ਅਜੇ ਬੋਲਦੀ ਹੈ ਪੰਜਾਬੀ 
ਖਤਮ ਹੋ ਜਾਵੇਗੀ ਉਸਦੀ ਆਪਣੀ 
ਜਾਂ ਉਸ ਦੀ ਅਗਲੀ ਪੀੜੀ ਤੱਕ, 
ਜੋ ਉਸ ਦੀ ਮਾਂ ਦੀ ਬੋਲੀ ਹੈ, ਜੋ ਉਸ ਦੇ ਬਾਪ ਦੀ ਬੋਲੀ ਹੈ
ਜੋ ਕਿ ਉਸ ਦੇ ਖ਼ੂਨ ਵਿੱਚ ਹੈ 
ਰੰਧਾਵਾ, ਜੇਕਰ ਅਸੀਂ ਉਸ ਨੂੰ ਨਾ ਸਿਖਾਈ,
ਪੜਣੀ ਤੇ ਲਿਖਣੀ ਇਹ ਲਿਪੀ ''ਤੇ ਬੋਲੀ

- ਪ੍ਰਿੰਸ ਪਾਲ ਕੌਰ ਰੰਧਾਵਾ


Related News