ਲੇਖ - ਕਿਤਾਬ ਇਕ ਵਿਸਰਿਆ ਸੱਚ

05/22/2017 4:59:18 PM

ਕਿਤਾਬਾਂ ਸਾਡੀ ਦੁਨੀਆ ''ਚ ਲਗਭਗ ਦੁਨੀਆ ਦੀ ਸ਼ੁਰੂਆਤ ਤੋਂ ਹੀ ਮੌਜੂਦ ਹਨ, ਕਿਤਾਬਾਂ ਹਮੇਸ਼ਾ ਤੋਂ ਹੀ ਗਿਆਨ ਦਾ ਮੁੱਖ ਸਰੋਤ ਰਹੀਆਂ ਹਨ। ਜ਼ਿੰਦਗੀ ਦਾ ਕੋਈ ਵੀ ਪਹਿਲੂ ਹੋਵੇ, ਕੋਈ ਵੀ ਸੱਚਾਈ ਹੋਵੇ, ਜਾਣਕਾਰੀ ਹੋਵੇ ਜਾਂ ਫਿਰ ਅਧਿਆਤਮ ਦੀ ਗੱਲ ਕਿਤਾਬ ਹਰ ਖੇਤਰ ''ਚ ਮਨੁੱਖ ਦੀ ਸਾਥੀ ਹੋਣ ਦੇ ਨਾਲ ਨਾਲ ਮਾਰਗ ਦਰਸ਼ਕ ਅਤੇ ਇਕ ਅਧਿਆਪਕ ਵੀ ਹੈ। ਵਿਸ਼ਾ ਕੋਈ ਵੀ ਹੋਵੇ ਉਸਦੀ ਜਾਣਕਾਰੀ ਦਾ ਮਾਧਿਅਮ ਹਮੇਸ਼ਾ ਕਿਤਾਬ ਹੀ ਹੈ। ਕਿਸੇ ਲੇਖਕ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਕਿਤਾਬ ਮਨੁੱਖ ਦੀ ਸਭ ਤੋਂ ਵਧੀਆ ਮਿੱਤਰ ਹੈ। ਇਸ ਗੱਲ ''ਚ ਕੋਈ ਦੋ-ਰਾਏ ਨਹੀਂ ਕਿ ਕਿਤਾਬ ਨਾਲ ਮਿੱਤਰਤਾ ਪਾਉਣ ਵਾਲਾ ਮਨੁੱਖ ਕਦੇ ਇੱਕਲਾ ਅਤੇ ਗਿਆਨ ਹੀਣ ਨਹੀਂ ਹੋ ਸਕਦਾ।
ਮਨੁੱਖ ਦੀ ਸਾਂਝ ਕਿਤਾਬਾਂ ਨਾਲ ਜ਼ਿੰਦਗੀ ਦੇ ਮੁਢਲੇ ਪੜਾਅ ਤੋਂ ਹੀ ਪੈਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ-ਜਿਵੇਂ ਉਮਰ ਅਤੇ ਤਜਰਬਿਆਂ ''ਚ ਵਾਧਾ ਹੁੰਦਾ ਹੈ ਇਹ ਸਾਂਝ ਆਪਣਾ ਰੂਪ ਬਦਲਦੀ ਰਹਿੰਦੀ ਹੈ, ਪਰ ਕਿਸੇ ਨਾ ਕਿਸੇ ਰੂਪ ''ਚ ਇਹ ਸਾਥ ਬਣਿਆ ਹੀ ਰਹਿੰਦਾ ਹੈ।
ਹਜ਼ਾਰਾਂ-ਲੱਖਾਂ ਸਾਲਾਂ ਦੇ ਇਸ ਸਫਰ ''ਚ ਕਿਤਾਬ ਦੀ ਰੂਪ-ਰੇਖਾ, ਵਿਸ਼ੇ, ਪਾਠਕ, ਲੇਖਕ ਜ਼ਰੂਰ ਬਦਲੇ ਹਨ ਪਰ ਅੱਜ ਵੀ ਇਸ ਦੀ ਮਹੱਤਤਾ ਪੂਰੀ ਕਾਇਮ ਹੈ ''ਤੇ ਸ਼ਇਦ ਹਮੇਸ਼ਾ ਕਾਇਮ ਹੀ ਰਹੇਗੀ। ਕਿਤਾਬ ਸਿਰਫ ਕਾਗਜ਼ ਦੇ ਪੰਨੇ ਜਾਂ ਉਸ ਉੱਤੇ ਸਿਆਹੀ ਨਾਲ ਲਿਖੇ ਗਏ ਅੱਖਰ ਨਹੀਂ ਹਨ ਬਲਕਿ ਇਹ ਇਕ ਐਸਾ ਡੂੰਘਾ ਸਾਗਰ ਹੈ ਜਿਸ ਦੇ ਅੰਦਰ ਸਦੀਆਂ ਦਾ ਇਤਿਹਾਸ ਅਤੇ ਗਿਆਨ ਸਮਾਇਆ ਹੋਇਆ ਹੈ। ਪਰਤ ਦਰ ਪਰਤ ਇਹ ਗਹਿਰਾਈ ਡੂੰਘੀ ਹੁੰਦੀ ਜਾਂਦੀ ਹੈ ਅਤੇ ਇਸ ਦਾ ਘੇਰਾ ਹੋਰ ਵੀ ਵਿਸ਼ਾਲ ਹੁੰਦਾ ਜਾਂਦਾ ਹੈ। ਲੋੜ ਹੈ ਇਸ ਸਾਗਰ ''ਚ ਉਤਰਨ ਦੀ, ਡੁੱਬਣ ਦੀ, ਕਿਉਂਕ ਬਿਨ੍ਹਾ ਇਸ ''ਚ ਡੁੱਬੇ ਅਸੀਂ ''ਚ ਸਮਾਏ ਗਿਆਨ ਦੇ ਖ਼ਜ਼ਾਨੇ ਨੂੰ ਹਾਸਿਲ ਕਰਨ ਬਾਰੇ ਸੋਚ ਵੀ ਨਹੀਂ ਸਕਦੇ, ਜਿੰਨ੍ਹਾਂ ਜ਼ਿਆਦਾ ਅਸੀਂ ਡੂੰਘਾ ਜਾਂਦੇ ਹਾਂ ਉਨ੍ਹਾਂ ਹੀ ਲੁਤਫ਼ ਅਤੇ ਗਿਆਨ ਦਾ ਅਹਿਸਾਸ ਸਾਨੂੰ ਆਪਣੇ ਆਗੋਸ਼ ''ਚ ਲੈਂਦਾ ਹੈ। 
ਸਦੀਆਂ ਤੋਂ ਹਰ ਵਿੱਦਿਅਕ ਅਦਾਰਿਆਂ ਚਾਹੇ ਉਹ ਕਿਸੇ ਆਧੁਨਿਕ ਯੂਨੀਵਰਸਿਟੀ ਦੇ ਰੂਪ ''ਚ ਹੋਵੇ ਜਾਂ ਪੁਰਾਤਨ ਗੁਰੂਕੁਲ ਪਰ ਗਿਆਨ ਦਾ ਮੁਢਲਾ ਸਰੂਪ ਕਿਤਾਬ ਹੀ ਹੈ। ਸਾਡੇ ਗੁਰੂ, ਸਾਡੇ ਅਧਿਆਪਕ ਇਨ੍ਹਾਂ ਕਿਤਾਬਾਂ ਦੇ ਗਿਆਨ ਨਾਲ ਹੀ ਇਨ੍ਹੇ ਉੱਚੇ ਰੁਤਬਿਆਂ ਨੂੰ ਹਾਸਿਲ ਕਰ ਸਕੇ ਨੇ। ਹਰ ਧਰਮ ਦੀ ਆਪਣੀ ਧਾਰਮਿਕ ਕਿਤਾਬ ਹੈ ਜਿਸ ''ਚ ਉਨ੍ਹਾਂ ਨੇ ਪ੍ਰਮਾਤਮਾ ਅਤੇ ਸ੍ਰਿਸ਼ਟੀ ਦੀਆਂ ਸੱਚਾਈਆਂ ਨੂੰ ਕਲਮ ਬੱਧ ਕਰਕੇ ਸਾਂਭਣ ਦਾ ਯਤਨ ਕੀਤਾ ਤਾਂ ਕੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਆਸਾਨੀ ਨਾਲ ਲੋਕਾਂ ਤੱਕ ਪਹੁੰਚ ਸਕਣ ਅਤੇ ਸਭ ਦਾ ਮਾਰਗ ਦਰਸ਼ਕ ਬਣ ਕੇ ਹਮੇਸ਼ਾ ਨਾਲ ਰਹਿ ਸਕਣ। ਅਸਲ ''ਚ ਗਿਆਨ ਨੂੰ ਕਿਤਾਬਾਂ ਦਾ ਰੂਪ ਦੇਣ ਦਾ ਮਕਸਦ ਇਹ ਸੀ ਕਿ ਸਭ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕੇ, ਜਿਸ ਨੂੰ ਪੜ੍ਹ ਕੇ ਸਮਝ ਕੇ ਜ਼ਿੰਦਗੀ ਨੂੰ ਜੀਣ ਦਾ ਸਹੀ ਰਾਹ ਚੁਣਿਆ ਜਾ ਸਕੇ ਪਰ ਸਾਡੀ ਮੰਦਭਾਗੀ ਸੋਚ ਜਾਂ ਕਿਸਮਤ ''ਚ ਗਿਆਨ ਦਾ ਅਧਿਐਨ ਨਾ ਕਰਕੇ ਉਸ ਨੂੰ ਸਾਂਭ ਕੇ ਰੱਖਣ ਜਾਂ ਪੂਜਣ ਤੱਕ ਹੀ ਸੀਮਤ ਰਹਿ ਗਈ। 
ਕਿਤਾਬ ਅਤੇ ਗਿਆਨ ਦੀ ਮਹਾਨਤਾ ਨੂੰ ਇਸ ਗੱਲ ਨਾਲ ਵੀ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਗਿਆ ਨਾ ਕੇ ਕਿਸੇ ਮਨੁੱਖ ਨੂੰ ਜੋ ਇਹ ਦਰਸਾਉਂਦਾ ਹੈ ਕੇ ਸਰੀਰ ਨਾਸ਼ਵਾਨ ਹੈ ਹਮੇਸ਼ਾ ਦੁਨੀਆ ''ਚ ਮੌਜੂਦ ਨਹੀਂ ਰਹਿ ਸਕਦਾ ਪਰ ਗਿਆਨ ਅਮਰ ਹੈ ਅਤੇ ਇਸਦੀ ਰੋਸ਼ਨੀ ਹਮੇਸ਼ਾ ਦੁਨੀਆਂ ਨੂੰ ਰੋਸ਼ਨਾਉਂਦੀ ਰਹੇਗੀ। ਪਰ ਪਿਛਲੇ ਕੁਝ ਦਹਾਕਿਆਂ ''ਚ ਤਕਨੀਕੀ ਕ੍ਰਾਂਤੀ ਦੇ ਕਾਰਨ ਅਤੇ ਲੋਕਾਂ ਦੇ ਬਦਲਦੇ ਹੋਏ ਰੁਝਾਨ ਕਰਕੇ ਕਿਤਾਬਾਂ ਅਤੇ ਲਾਇਬ੍ਰੇਰੀਆਂ ਦੀ ਮਹਤੱਤਾ ''ਚ ਕਾਫੀ ਕਮੀ ਦੇਖੀ ਜਾ ਰਹੀ ਹੈ। 
ਗਿਆਨ ਅਤੇ ਮਨੋਰੰਜਨ ਦੇ ਹੋਰ ਅਨੰਤ ਮਾਧਿਅਮ ਹੋਂਦ ''ਚ ਆਉਣ ਤੋਂ ਬਾਅਦ ਲੋਕ ਤਕਨੀਕੀ ਸਾਧਨਾਂ ਦੀ ਵਰਤੋਂ ਬਹੁਤ ਜ਼ਿਆਦਾ ਮਾਤਰਾ ''ਚ ਕਰਨ ਲੱਗ ਗਏ ਹਨ, ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਸਮੇਂ ਲਾਇਬ੍ਰੇਰੀਆਂ ਸਭ ਤੋਂ ਵਿਅਸਤ ਸਥਾਨ ਹੁੰਦੀਆਂ ਸਨ ਜਿਥੇ ਲੋਕ ਘੰਟਿਆਂ ਬੱਧੀ ਬੈਠ ਕੇ ਵੱਖ-ਵੱਖ ਵਿਸ਼ਿਆਂ ''ਤੇ ਅਧਿਐਨ ਕਰਦੇ ਸਨ। ਪਰ ਅਜੋਕੇ ਸਮੇਂ ''ਚ ਇਹ ਰੁਝਾਨ ਬਿਲਕੁਲ ਹੀ ਬਦਲ ਚੁੱਕਾ ਹੈ। ਸਕੂਲਾਂ-ਕਾਲਜਾਂ ਦੀਆਂ ਲਾਇਬ੍ਰੇਰੀਆਂ ''ਚ ਵੀ ਹੁਣ ਉਹ ਰੌਣਕ ਨਹੀਂ ਹੈ ਜੋ ਕਿਸੇ ਸਮੇਂ ਹੁੰਦੀ ਸੀ। ਵਿਦਿਆਰਥੀ ਲਾਇਬ੍ਰੇਰੀ ''ਚ ਬੈਠ ਕੇ ਵੀ ਆਪਣੇ ਮੋਬਾਇਲ ਫੋਨ ''ਚ ਵਿਅਸਤ ਰਹਿੰਦੇ ਹਨ। ਕਿਸੇ ਕਿਤਾਬ, ਕਿਸੇ ਵਿਸ਼ੇ ਜਾਂ ਕਿਸੇ ਲੇਖ ''ਤੇ ਵਿਚਾਰ ਕਰਨ ਦੀ ਬਜਾਏ ਆਪਣੇ ਆਪਣੇ ਮੋਬਾਇਲ ''ਚ ਵਿਅਸਤ ਰਹਿੰਦੇ ਹਨ। ਘਰਾਂ ''ਚ ਵੀ ਇਹੀ ਚੀਜ਼ਾਂ ਜਿਵੇਂ ਕਿ ਟੀ.ਵੀ, ਇੰਟਰਨੈਟ, ਕੰਪਿਊਟਰ ਆਦਿ ''ਚ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ, ਇਹੀ ਗੁਣ ਫਿਰ ਨਵੇਂ ਬੱਚਿਆਂ ''ਚ ਆਪਣੇ ਆਪ ਆ ਰਹੇ ਹਨ। ਇਹ ਨਹੀਂ ਕਿ ਤਕਨੀਕ ਨੂੰ ਹਮੇਸ਼ਾ ਗ਼ਲਤ ਕੰਮ ਲਈ ਹੀ ਵਰਤਿਆ ਜਾਂਦਾ ਹੈ, ਇੰਟਰਨੈਟ, ਕੰਪਿਊਟਰ, ਮੋਬਾਇਲ ਆਦਿ ਜਿੱਥੇ ਮਨੋਰੰਜਨ ਦਾ ਸਾਧਨ ਹਨ ਉੱਥੇ ਗਿਆਨ ਦਾ ਵੀ ਭੰਡਾਰ ਹਨ।
ਇਸ ''ਚ ਕੋਈ ਸ਼ੱਕ ਨਹੀਂ ਹੈ ਕਿ ਇਸਦੇ ਅਨੇਕਾਂ ਫਾਇਦੇ ਹਨ ''ਤੇ ਹਰ ਇਨਸਾਨ ਨੂੰ ਇਸ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦੇ ਜਿੰਨੇ ਜ਼ਿਆਦਾ ਫਾਇਦੇ ਹਨ ਓਨੇ ਜ਼ਿਆਦਾ ਨੁਕਸਾਨ ਵੀ ਹਨ। ਅਜੋਕੇ ਸਮੇਂ ''ਚ ਬਿਨ੍ਹਾ ਤਕਨੀਕੀ ਸਾਧਨਾਂ ਤੋਂ ਜੀਣਾ ਬਹੁਤ ਮੁਸ਼ਕਲ ਹੈ, ਇੰਟਰਨੈਟ ''ਤੇ ਹਰ ਤਰ੍ਹਾਂ ਦੀ ਜਾਣਕਾਰੀ ਸਕਿੰਟਾਂ ''ਚ ਉਪਲਬਧ ਹੋ ਜਾਂਦੀ ਹੈ ਜਿਸ ਨਾਲ ਬਹੁਤ ਸਾਰਾ ਸਮਾਂ ਬਚਦਾ ਹੈ ਅਤੇ ਘੱਟ ਸਮੇਂ ''ਚ ਜ਼ਿਆਦਾ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ, ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਜਾਣਕਾਰੀ ਅਤੇ ਗਿਆਨ ''ਚ ਫਰਕ ਹੈ, ਜਾਣਕਾਰੀ ਕਿਸੇ ਚੀਜ਼ ਨੂੰ ਪੜ੍ਹ ਕੇ ਤੁਰੰਤ ਹਾਸਲ ਕੀਤੀ ਜਾ ਸਕਦੀ ਪਰ ਗਿਆਨ ਅਧਿਐਨ ਦਾ ਨਤੀਜਾ ਹੈ ਜੋ ਕਿ ਨਿਰੰਤਰ ਪੂਰੇ ਧਿਆਨ ਨਾਲ ਅਧਿਐਨ ਕਰਨ ''ਤੇ ਹੀ ਪ੍ਰਾਪਤ ਹੋ ਸਕਦਾ ਹੈ। ਮੇਰੇ ਇਸ ਲੇਖ ਦਾ ਵਿਸ਼ਾ ਤਕਨੀਕ ਅਤੇ ਕਿਤਾਬ ''ਚੋਂ ਕੀ ਜਿਆਦਾ ਵਧੀਆ ਹੈ ਇਸ ਬਾਰੇ ਨਹੀਂ ਹੈ, ਬਲਕਿ ਮੈਂ ਸਿਰਫ ਕਿਤਾਬ ਬਾਰੇ ਹੀ ਗੱਲ ਕਰ ਰਿਹਾ ਹਾਂ। ਮੇਰਾ ਕਹਿਣ ਦਾ ਮਕਸਦ ਸਿਰਫ਼ ਇਹ ਹੈ ਕਿ ਅਸੀਂ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਹਾਸਿਲ ਕਰ ਲਈਏ ਸਾਡਾ ਮੋਹ ਕਦੇ ਕਿਤਾਬ ਨਾਲ ਨਹੀਂ ਟੁੱਟਣਾ ਚਾਹੀਦਾ ਹੈ ਕਿਉਂਕਿ ਦੁਨੀਆ ''ਤੇ ਅਨੰਤ ਕਾਢਾਂ ਨਿਕਲਦੀਆਂ ਹਨ ਪਰ ਕਿਤਾਬ ਸਦੀਆਂ ਤੋਂ ਸਾਡੀ ਜ਼ਿੰਦਗੀ ਦਾ ਹਿੱਸਾ ਰਹੀਆਂ ਹਨ ਅਤੇ ਸਦਾ ਰਹਿਣੀਆਂ ਚਾਹੀਦੀਆਂ ਹਨ।
ਪਿੰਡਾਂ, ਸ਼ਹਿਰਾਂ, ਕਸਬਿਆਂ ''ਚ ਲਾਇਬ੍ਰੇਰੀਆਾਂ ਹੋਣੀਆਂ ਬਹੁਤ ਜ਼ਰੂਰੀ ਹਨ ਜਿੱਥੇ ਹਰ ਵਿਸ਼ੇ ਉੱਤੇ ਜਿੰਨੀਆਂ ਸੰਭਵ ਹੋ ਸਕਣ ਕਿਤਾਬਾਂ ਹੋਣੀਆਂ ਚਾਹੀਦੀਆਂ ਹਨ। ਨੌਜਵਾਨ ਪੀੜੀ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਲਾਇਬ੍ਰੇਰੀ ਆਉਣ। ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ-ਆਪ ਨੂੰ, ਆਪਣੇ ਬੱਚਿਆਂ ਨੂੰ ਅਤੇ ਆਪਣੇ ਨਾਲ ਜੁੜ੍ਹੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਲਈ ਪ੍ਰੇਰੀਏ ਕਿਉਂਕਿ ਵਿਦਿਆ ਹੀ ਇਕ ਮਾਤਰ ਰਾਹ ਹੈ ਜੋ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਹੀ ਰੋਸ਼ਨ ਕਰਦੀ ਰਹੇਗੀ, ''ਤੇ ਗਿਆਨ ਅਜਿਹਾ ਖ਼ਜ਼ਾਨਾ ਹੈ ਜਿਸ ਨੂੰ ਕਦੇ ਕੋਈ ਲੁੱਟ ਨਹੀਂ ਸਕਦਾ।
ਕਿਤਾਬਾਂ ਨਾਲ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਸੀਂ ਜੜ੍ਹਾਂ ਤੋਂ ਦੂਰ ਹੋ ਜਾਵਾਂਗੇ, ਅਤੇ ਬਿਨ੍ਹਾ ਜੜ੍ਹਾਂ ਤੋਂ ਰੁੱਖ ਦਾ ਕੀ ਹਾਲ ਹੈ ਇਹ ''ਤੇ ਅਸੀਂ ਸਭ ਜਾਣਦੇ ਹੀ ਹਾਂ। ਇਸ ਲਈ ਕਿਤਾਬਾਂ ਦੀ ਸਾਂਝ ਵਧਾਓ, ਕਿਸੇ ਨਾ ਕਿਸੇ ਮੌਕੇ ਜਾਂ ਵੈਸੇ ਵੀ ਆਪਣੇ ਨਾਲ ਜੁੜੇ ਲੋਕਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦੇਂਦੇ ਰਹੋ, ਅਗਰ ਇਸ ਤਰਾਂ ਦਾ ਲੈਣ-ਦੇਣ ਸ਼ੁਰੂ ਹੋ ਜਾਵੇ ਤਾਂ ਹਰ ਕੋਈ ਸਿਆਣਾ ਅਤੇ ਸੂਝਵਾਨ ਹੋ ਸਕਦਾ ਹੈ ਜਿਸ ਨਾਲ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਆਸਾਨ ਹੋ ਸਕਦੀਆਂ ਹਨ। ਆਓ ਅਸੀਂ ਸਭ ਇਹ ਉਪਰਾਲਾ ਕਰੀਏ ''ਤੇ ਕਿਤਾਬ ਦੀ ਹੋਂਦ ਨੂੰ ਸਿਰਫ ਕਲਾਸ ''ਚ ਸਲੇਬਸ ਦੇ ਤੌਰ ''ਤੇ ਨਾ ਪੜ੍ਹ ਕੇ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ ਅਤੇ ਆਪਣੇ ''ਤੇ ਕਿਤਾਬ ਦੀ ਹੋਂਦ ਨੂੰ ਬਚਾਈਏ।
 
ਸਨਦੀਪ ਸਿੰਘ ਸਿੱਧੂ

ਮੋਬਾ- 9463661542 


Related News